ਮੈਡੀਕਲ ਕਾਲਜ ਦੀ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਜੁਲਾਈ
ਇੱਥੋਂ ਦੇ ਗੌਰਮਿੰਟ ਮੈਡੀਕਲ ਕਾਲਜ ਵਿੱਚ ਅੱਜ ਇੱਕ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕਾ ਦੀ ਪਛਾਣ ਸੁਭਾਸਨੀ ਵਾਸੀ ਅੰਨਾਨਗਰ (ਚੇਨੱਈ) ਵਜੋਂ ਹੋਈ ਹੈ। ਉਹ ਇੱਥੇ ਐੱਨਸਥੀਸੀਆ ਵਿੱਚ ਐੱਮਡੀ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ। ਮੁੱਢਲੀ ਜਾਂਚ ਅਨੁਸਾਰ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਚੱਲ ਰਹੀ ਸੀ।
ਜਾਣਕਾਰੀ ਅਨੁਸਾਰ ਸੁਭਾਸਨੀ ਨੇ ਹੋਸਟਲ ਵਿੱਚ ਖੁਦ ਨੂੰ ਕੋਈ ਟੀਕਾ ਲਗਾ ਲਿਆ ਜਿਸ ਕਾਰਨ ਉਸ ਦੀ ਹਾਲਤ ਖਰਾਬ ਹੋ ਗਈ। ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਬਾਰੇ ਉਸ ਨਾਲ ਪੜ੍ਹਦੀਆਂ ਕੁਝ ਲੜਕੀਆਂ ਨੇ ਕਿਹਾ ਕਿ ਸੁਭਾਸਨੀ ਨੂੰ ਕਥਿਤ ਤੌਰ ’ਤੇ ਵਿਭਾਗੀ ਪੱਧਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲੀਸ ਚੌਕੀ ਅਫ਼ਸਰ ਕਲੋਨੀ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਪੂਰੀ ਜਾਣਕਾਰੀ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਿਲੇਗੀ ਪਰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਲੰਮੇ ਸਮੇਂ ਤੋਂ ਪ੍ਰੇਸ਼ਾਨ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਉਸ ਬਾਰੇ ਹੋਰ ਜਾਣਕਾਰੀ ਹਾਸਲ ਕਰ ਰਹੀ ਹੈ। ਉਸ ਦੇ ਹੋਸਟਲ ਦੇ ਕਮਰੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਬਾਰੇ ਵਾਈਸ ਪ੍ਰਿੰਸੀਪਲ ਡਾ. ਸਿਵੀਆ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਲੜਕੀ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ। ਵਿਭਾਗ ਮੁਖੀ ਡਾ. ਪ੍ਰਮੋਦ ਨੇ ਫੋਨ ਨਹੀਂ ਚੁੱਕਿਆ।