ਨਸ਼ੇੜੀ ਪੁੱਤ ਤੋਂ ਤੰਗ ਆਏ ਪਿਤਾ ਵੱਲੋਂ ਖ਼ੁਦਕੁਸ਼ੀ
ਪਟਿਆਲਾ (ਪੱਤਰ ਪ੍ਰੇਰਕ):
ਇੱਥੋਂ ਦੇ ਅਨੰਦ ਨਗਰ ਦੇ ਰਹਿਣ ਵਾਲੇ ਸੇਵਾਮੁਕਤ ਜੰਗਲਾਤ ਕਰਮਚਾਰੀ ਅਜੈਬ ਸਿੰਘ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੀ ਮਾਤਾ ਮਲਕੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪੋਤੇ ਸਿਮਰਨਜੀਤ ਸਿੰਘ (30) ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਲਕੀਤ ਕੌਰ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਸਿਮਰਨਜੀਤ ਸਿੰਘ ਸ਼ਰਾਬ ਪੀ ਕੇ ਘਰ ਵਿਚ ਲੜਾਈ-ਝਗੜਾ ਕਰਦਾ ਸੀ ਅਤੇ ਆਪਣੇ ਪਿਤਾ ਅਜੈਬ ਸਿੰਘ ਦੀ ਕੁੱਟਮਾਰ ਕਰਦਾ ਸੀ। ਇਸ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਅਜੈਬ ਸਿੰਘ ਨੇ ਜ਼ਹਿਰ ਪੀ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਛੋਟੇ ਪੁੱਤਰ ਨਾਲ ਵੱਖਰੇ ਮਕਾਨ ਵਿੱਚ ਰਹਿੰਦੀ ਹੈ। ਉਸ ਦਾ ਵੱਡਾ ਪੁੱਤਰ ਅਜੈਬ ਸਿੰਘ ਆਪਣੇ ਪੁੱਤਰ ਸਿਮਰਨਜੀਤ ਸਿੰਘ ਦੇ ਘਰ ਇਕੱਲਾ ਰਹਿੰਦਾ ਸੀ। ਧੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਪਤਨੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ। ਪੁੱਤਰ ਨੇ 8 ਸਾਲ ਪਹਿਲਾਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ। ਨਸ਼ੇ ਲਈ ਪੈਸੇ ਨਾ ਮਿਲਣ ’ਤੇ ਘਰ ਦਾ ਸਾਮਾਨ ਵੇਚਣਾ ਅਤੇ ਪਿਤਾ ਅਜੈਬ ਸਿੰਘ ਦੀ ਕੁੱਟਮਾਰ ਕਰਨਾ ਆਮ ਗੱਲ ਹੋ ਗਈ ਸੀ। ਪੁੱਤਰ ਦੀ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਅਜੈਬ ਸਿੰਘ ਨੇ ਜ਼ਹਿਰ ਪੀ ਲਿਆ ਅਤੇ ਉਸ ਦੀ ਮੌਤ ਹੋ ਗਈ। ਬੀਤੀ ਰਾਤ ਪੁਲੀਸ ਨੇ ਮੁਲਜ਼ਮ ਸਿਮਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।