ਸਿਆਸੀ ਪਾਰਟੀ ਦੀ ਮੀਟਿੰਗ ਵਿੱਚ ਆਤਮਘਾਤੀ ਹਮਲਾ; 44 ਹਲਾਕ
ਪੇਸ਼ਾਵਰ: ਅਫ਼ਗਾਨਿਸਤਾਨ ਦੀ ਹੱਦ ਨਾਲ ਲੱਗਦੇ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ’ਚ ਅੱਜ ਇੱਕ ਕੱਟੜਪੰਥੀ ਇਸਲਾਮੀ ਸਿਆਸੀ ਪਾਰਟੀ ਦੀ ਮੀਟਿੰਗ ਦੌਰਾਨ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਭਿਆਨਕ ਬੰਬ ਧਮਾਕੇ ਵਿੱਚ ਘੱਟ ਤੋਂ ਘੱਟ 44 ਵਿਅਕਤੀ ਹਲਾਕ ਹੋ ਗਏ ਅਤੇ 100 ਦੇ ਕਰੀਬ ਜ਼ਖ਼ਮੀ ਹੋ ਗਏ। ਉੱਧਰ, ਅਮਰੀਕਾ ਨੇ ਇਸ ਆਤਮਘਾਤੀ ਹਮਲੇ ਦੀ ਨਿਖੇਧੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਕਬਾਇਲੀ ਜ਼ਿਲ੍ਹੇ ਬਜੌਰ ਦੀ ਰਾਜਧਾਨੀ ਖਾਸ ਵਿੱਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇਯੂਆਈ-ਐੱਫ) ਦੇ ਵਰਕਰਾਂ ਦੇ ਸੰਮੇਲਨ ਦੌਰਾਨ ਸ਼ਾਮ ਚਾਰ ਵਜੇ ਦੇ ਕਰੀਬ ਹੋਇਆ। ਪੁਲੀਸ ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ’ਚ ਘੱਟੋ ਘੱਟ 44 ਲੋਕ ਮਾਰੇ ਗਏ ਹਨ ਤੇ 100 ਦੇ ਕਰੀਬ ਜ਼ਖ਼ਮੀ ਹੋਏ ਹਨ। ਇਸ ਸਬੰਧੀ ਟੀਵੀ ’ਤੇ ਨਸ਼ਰ ਹੋਈਆਂ ਵੀਡੀਓਜ਼ ਵਿੱਚ ਲੋਕ ਇੱਧਰ-ਉੱਧਰ ਭੱਜਦੇ ਦਿਖਾਈ ਦੇ ਰਹੇ ਹਨ। ਜਦੋਂ ਇਹ ਧਮਾਕਾ ਹੋਇਆ ਤਾਂ 500 ਤੋਂ ਵੱਧ ਲੋਕ ਕਨਵੈਨਸ਼ਨ ਵਿੱਚ ਹਿੱਸਾ ਲੈ ਰਹੇ ਸਨ। ਜੇਯੂਆਈ-ਐੱਫ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਤੇ ਸੂਬੇ ਦੇ ਮੁੱਖ ਮੰਤਰੀ ਆਜ਼ਮ ਖਾਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ। -ਪੀਟੀਆਈ