ਕੋਇਟਾ ਰੇਲਵੇ ਸਟੇਸ਼ਨ ’ਤੇ ਆਤਮਘਾਤੀ ਹਮਲਾ; 27 ਹਲਾਕ
ਇਸਲਾਮਾਬਾਦ, 9 ਨਵੰਬਰ
ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਅੱਜ ਕੋਇਟਾ ਰੇਲਵੇ ਸਟੇਸ਼ਨ ’ਤੇ ਆਤਮਘਾਤੀ ਬੰਬ ਧਮਾਕੇ ’ਚ 14 ਸੁਰੱਖਿਆ ਕਰਮਚਾਰੀਆਂ ਸਮੇਤ ਘੱਟੋ-ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 62 ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਉਸ ਵੇਲੇ ਹੋਇਆ, ਜਦੋਂ ਯਾਤਰੀ ਪਿਸ਼ਾਵਰ ਜਾਣ ਵਾਲੀ ਜਾਫ਼ਰ ਐਕਸਪ੍ਰੈਸ ਦੀ ਸਵੇਰੇ 9 ਵਜੇ ਰਵਾਨਗੀ ਤੋਂ ਪਹਿਲਾਂ ਪਲੇਟਫਾਰਮ ’ਤੇ ਇਕੱਠੇ ਹੋਏ ਸਨ। ਘਟਨਾ ਵੇਲੇ ਪਲੇਟਫਾਰਮ ਕੋਲ 100 ਦੇ ਕਰੀਬ ਵਿਅਕਤੀ ਮੌਜੂਦ ਸਨ। ਕੋਇਟਾ ਡਿਵੀਜ਼ਨ ਦੇ ਕਮਿਸ਼ਨਰ ਹਮਜ਼ਾ ਸ਼ਫਕਤ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ, ਜਿਸ ਵਿੱਚ 27 ਵਿਅਕਤੀ ਮਾਰੇ ਗਏ। ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸੂਬਾ ਸਰਕਾਰ ਦੇ ਤਰਜਮਾਨ ਸ਼ਾਹਿਦ ਰਿੰਦ ਅਨੁਸਾਰ ਇਸ ਬਾਰੇ ਸੂਚਨਾ ਮਿਲਣ ਮਗਰੋਂ ਬਚਾਅ ਅਤੇ ਕਾਨੂੰਨ ਲਾਗੂ ਕਰਨ ਵਾਲੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਹਸਪਤਾਲ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਅਤੇ ਜ਼ਖਮੀਆਂ ਦੇ ਇਲਾਜ ਲਈ ਵਾਧੂ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ ਹੈ। ਹਸਪਤਾਲ ਵਿੱਚ 62 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਕੁਇਟਾ ਟਰੌਮਾ ਸੈਂਟਰ ਦੇ ਡਾਕਟਰ ਵਸੀਮ ਬੇਗ ਨੇ ਕਿਹਾ, ‘ਹੁਣ ਤੱਕ ਸਾਨੂੰ 27 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਘੱਟੋ-ਘੱਟ 62 ਵਿਅਕਤੀ ਜ਼ਖਮੀ ਹਨ। ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਹੈ।’ ਕੁਇਟਾ ਡਿਵੀਜ਼ਨ ਦੇ ਕਮਿਸ਼ਨਰ ਹਮਜ਼ਾ ਸ਼ਫਕਤ ਨੇ ਕਿਹਾ ਕਿ ਇਹ ਹਮਲਾ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਜਿਸ ਵਿੱਚ ਆਮ ਨਾਗਰਿਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਜ਼ਿਕਰਯੋਗ ਹੈ ਕਿ ਬੀਤੇ ਹਫਤੇ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਵਿੱਚ ਲੜਕੀਆਂ ਦੇ ਸਕੂਲ ਅਤੇ ਹਸਪਤਾਲ ਨੇੜੇ ਵੀ ਧਮਾਕਾ ਹੋਇਆ ਸੀ, ਜਿਸ ਵਿੱਚ ਪੰਜ ਬੱਚਿਆਂ ਸਮੇਤ ਅੱਠ ਵਿਅਕਤੀ ਮਾਰੇ ਗਏ ਸਨ। -ਪੀਟੀਆਈ
ਮੁੱਖ ਮੰਤਰੀ ਸਰਫਰਾਜ਼ ਬੁਗਤੀ ਵੱਲੋਂ ਤੁਰੰਤ ਜਾਂਚ ਦੇ ਹੁਕਮ
ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਭਿਆਨਕ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਇਸ ਸਬੰਧੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਬੁਗਤੀ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।