ਖੁਦਕੁਸ਼ੀ: ਕਿਸਾਨ ਜਥੇਬੰਦੀ ਅਤੇ ਪੁਲੀਸ ਦਰਮਿਆਨ ਸਮਝੌਤਾ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਸਤੰਬਰ
ਖਨੌਰੀ ਬਾਰਡਰ ’ਤੇ ਡਟੇ ਕਿਸਾਨਾਂ ’ਚੋਂ ਪਿੰਡ ਠੂਠਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਫਾਹਾ ਲੈਣ ਦੇ ਵਿਰੋਧ ’ਚ ਬੀਤੀ ਕੱਲ੍ਹ ਤੋਂ ਮਾਨਸਾ ਕੈਂਚੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਲਾਏ ਜਾਮ ਦੌਰਾਨ ਅੱਜ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ ਹੋ ਗਿਆ। ਸਮਝੌਤੇ ਤਹਿਤ ਖੁਦਕੁਸ਼ੀ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਦੇਣ ਦਾ ਪੁਲੀਸ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਮਗਰੋਂ ਜਥੇਬੰਦੀ ਨੇ 30 ਸਤੰਬਰ ਨੂੰ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਤੋਂ ਬਾਅਦ ਪਿੰਡ ਠੂਠਿਆਂਵਾਲੀ ਵਿੱਚ ਅੰਤਿਮ ਸੰਸਕਾਰ ਕਰਨ ਦਾ ਐਲਾਨ ਕੀਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸਮਝੌਤੇ ਸਬੰਧੀ ਧਰਨਾਕਾਰੀਆਂ ਨੂੰ ਦੱਸਿਆ ਮਗਰੋਂ ਜਥੇਬੰਦੀ ਵੱਲੋਂ ਧਰਨੇ ਨੂੰ ਸਮਾਪਤ ਕਰਨ ਦਾ ਬਾਕਾਇਦਾ ਐਲਾਨ ਕਰ ਦਿੱਤਾ ਗਿਆ।
ਮ੍ਰਿਤਕ ਕਿਸਾਨ ਗੁਰਮੀਤ ਸਿੰਘ ਨੇ 25 ਸਤੰਬਰ ਨੂੰ ਖਨੌਰੀ ਬਾਰਡਰ ’ਤੇ ਫਾਹਾ ਲੈ ਲਿਆ ਸੀ, ਜਿਸ ਦੇ ਵਿਰੋਧ ਵਿੱਚ ਜਥੇਬੰਦੀ ਵੱਲੋਂ ਮਾਨਸਾ ਕੈਂਚੀਆਂ ’ਤੇ ਅਣਮਿੱਥੇ ਸਮੇਂ ਦਾ ਜਾਮ ਲਾਇਆ ਹੋਇਆ ਸੀ। ਜਾਮ ਕਰਕੇ ਮਾਨਸਾ ਤੋਂ ਪਟਿਆਲਾ-ਚੰਡੀਗੜ੍ਹ, ਬਰਨਾਲਾ-ਲੁਧਿਆਣਾ, ਬਠਿੰਡਾ-ਫਰੀਦਕੋਟ ਮੁੱਖ ਮਾਰਗ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਪ੍ਰਸ਼ਾਸਨ ’ਤੇ ਪੰਜਾਬ ਸਰਕਾਰ ਵੱਲੋਂ ਜਾਮ ਖੁੱਲ੍ਹਵਾਉਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ।
ਸਮਝੌਤੇ ਸਮੇਂ ਅੱਜ ਡੀਐੱਸਪੀ ਹਰਜਿੰਦਰ ਸਿੰਘ ਗਿੱਲ, ਮਾਨਸਾ ਸਬ-ਡਿਵੀਜ਼ਨ ਦੇ ਡੀਐੱਸਪੀ ਬੂਟਾ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਅਤੇ ਮ੍ਰਿਤਕ ਕਿਸਾਨ ਦਾ ਪੁੱਤਰ ਵੀ ਸ਼ਾਮਲ ਸਨ।
ਸਮਝੌਤੇ ਤੋਂ ਬਾਅਦ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਮੰਚ ਤੋਂ ਧਰਨਾਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ। ਮਗਰੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 15 ਲੱਖ ਰੁਪਏ ਦੀ ਸਹਾਇਤਾ ਰਾਸ਼ੀ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਮ੍ਰਿਤਕ ਦੀ ਵਿਧਵਾ ਨੂੰ ਪੈਨਸ਼ਨ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਡੇਢ ਲੱਖ ਰੁਪਏ ਅੱਜ ਨਗਦ, ਸਾਢੇ ਅੱਠ ਲੱਖ ਰੁਪਏ ਭਲਕੇ ਅਤੇ 5 ਲੱਖ ਰੁਪਏ ਦਾ ਚੈੱਕ ਭੋਗ ਵਾਲੇ ਦਿਨ ਦਿੱਤਾ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘ ਭੀਖੀ, ਦੀਦਾਰ ਸਿੰਘ ਖਾਰਾ, ਗੁਰਜੀਤ ਸਿੰਘ ਟਾਹਲੀਆਂ, ਬਲਵੀਰ ਸਿੰਘ ਝੰਡੂਕੇ, ਗੁਰਮੁਖ ਸਿੰਘ ਸੱਦਾ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।