ਤਾਇਆ ਪਰਿਵਾਰ ਤੋਂ ਦੁਖੀ ਨਾਬਾਲਗ ਵੱਲੋਂ ਖ਼ੁਦਕੁਸ਼ੀ
ਸੁਭਾਸ਼ ਚੰਦਰ
ਸਮਾਣਾ, 9 ਜੂਨ
ਇੱਥੇ ਅੱਜ ਇੱਕ ਨਾਬਾਲਗ ਲੜਕੇ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬਾਦਸ਼ਾਹਪੁਰ ਪੁਲੀਸ ਨੇ ਇਸ ਸਬੰਧੀ ਮ੍ਰਿਤਕ ਦੇ ਤਾਇਆ, ਤਾਈ ਅਤੇ ਉਸ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਤਾਇਆ ਬੀਰੂ ਰਾਮ, ਤਾਇਆ ਅਜੀਤ ਰਾਮ, ਤਾਈ ਬੀਰੋ ਦੇਵੀ ਅਤੇ ਉਨ੍ਹਾਂ ਦਾ ਪੁੱਤਰ ਬੂਟਾ ਰਾਮ ਵਾਸੀ ਪਿੰਡ ਅਰਨੇਟੂ ਸ਼ਾਮਲ ਹਨ। ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ (16) ਦੀ ਮਾਤਾ ਦਲਬੀਰੋ ਦੇਵੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਜੇਠ, ਜੇਠਾਣੀ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਨਾਲ ਝਗੜਦੇ ਸੀ। ਉਹ ਜ਼ਬਰਦਸਤੀ ਉਨ੍ਹਾਂ ਦਾ ਪਖਾਨਾ ਵਰਤ ਕੇ ਗੰਦਗੀ ਫੈਲਾਉਂਦੇ ਸਨ ਅਤੇ ਬੱਚਿਆਂ ਨੂੰ ਧਮਕੀਆਂ ਦਿੰਦੇ ਸਨ। ਸ਼ੁੱਕਰਵਾਰ ਸਵੇਰੇ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਤੋਂ ਦੁਖੀ ਹੋ ਕੇ ਲਵਪ੍ਰੀਤ ਨੇ ਆਪਣੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਪੁਲੀਸ ਅਧਿਕਾਰੀ ਅਨੁਸਾਰ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਜਦੋਂਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਕੈਪਸ਼ਨ: ਮ੍ਰਿਤਕ ਦੀ ਫਾਈਲ ਫੋਟੋ।