ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਸਮਤੀ ਹੇਠ ਰਕਬੇ ਦੀ ਵਿਉਂਤਬੰਦੀ ਲਈ ਸੁਝਾਅ

12:36 PM Jun 05, 2023 IST

ਰਾਜ ਕੁਮਾਰ

Advertisement

ਭਾਰਤ ਬਾਸਮਤੀ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਨਿਰਯਾਤਕ ਹੈ। ਇਸ ਦਾ ਕੁੱਲ ਵਿਸ਼ਵ ਉਤਪਾਦਨ ਵਿਚ ਲਗਭਗ 70 ਪ੍ਰਤੀਸ਼ਤ ਹਿੱਸਾ ਹੈ। ਇਹ ਦੁਨੀਆ ਭਰ ਦੇ ਲਗਭਗ 150 ਦੇਸ਼ਾਂ ਨੂੰ ਸਾਲਾਨਾ ਲਗਭਗ 40 ਤੋਂ 45 ਲੱਖ ਟਨ ਬਾਸਮਤੀ ਚੌਲ ਨਿਰਯਾਤ ਕਰਦਾ ਹੈ। 2022-23 ਦੌਰਾਨ ਭਾਰਤੀ ਬਾਸਮਤੀ ਚੌਲਾਂ ਦੇ ਕੁੱਲ ਨਿਰਯਾਤ ਦਾ 25.2 ਪ੍ਰਤੀਸ਼ਤ ਹਿੱਸਾ ਇਰਾਨ ਅਤੇ 20.9 ਪ੍ਰਤੀਸ਼ਤ ਹਿੱਸਾ ਸਾਊਦੀ ਅਰਬ ਨੂੰ ਕੀਤਾ ਗਿਆ। ਇਸ ਤੋਂ ਇਲਾਵਾ ਇਰਾਕ, ਸੰਯੁਕਤ ਅਰਬ ਅਮੀਰਾਤ, ਯਮਨ ਗਣਰਾਜ, ਅਮਰੀਕਾ, ਕੁਵੈਤ ਅਤੇ ਯੂਕੇ ਨੂੰ ਕ੍ਰਮਵਾਰ 8.0, 6.9, 6.4, 4.5, 3.4 ਅਤੇ 3.2 ਪ੍ਰਤੀਸ਼ਤ ਹਿੱਸਾ ਨਿਰਯਾਤ ਕੀਤਾ ਗਿਆ।

ਪੰਜਾਬ ਵਿਚ ਬਾਸਮਤੀ ਝੋਨੇ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਇਸ ਦੀਆਂ ਨਿਰਯਾਤ ਕੀਮਤਾਂ ‘ਤੇ ਨਿਰਭਰ ਕਰਦਾ ਹੈ। ਬਾਸਮਤੀ ਹੇਠਲਾ ਰਕਬਾ ਇਸ ਦੀਆਂ ਮੰਡੀ ਕੀਮਤਾਂ ਨਾਲ ਪ੍ਰਭਾਵਿਤ ਰਹਿੰਦਾ ਹੈ। 2008-09 ਦੌਰਾਨ ਪੰਜਾਬ ਵਿਚ ਬਾਸਮਤੀ ਹੇਠਲਾ ਰਕਬਾ 1.6 ਲੱਖ ਹੈਕਟੇਅਰ ਸੀ ਅਤੇ ਬਾਸਮਤੀ ਝੋਨੇ ਦੀ ਵਾਢੀ ਤੋਂ ਬਾਅਦ ਦੀ ਔਸਤ ਮੰਡੀ ਕੀਮਤ 2660 ਰੁਪਏ ਪ੍ਰਤੀ ਕੁਇੰਟਲ ਸੀ ਜੋ ਉਸ ਸਮੇਂ ਚੰਗੀ ਕੀਮਤ ਸੀ। ਨਤੀਜੇ ਵਜੋਂ, ਫ਼ਸਲ ਹੇਠ ਰਕਬਾ 2009-10, 2010-11 ਅਤੇ 2011-12 ਵਿਚ ਕ੍ਰਮਵਾਰ 5.8, 4.5 ਅਤੇ 5.6 ਲੱਖ ਹੈਕਟੇਅਰ ਹੋ ਗਿਆ। ਦੂਜੇ ਪਾਸੇ, ਬਾਸਮਤੀ ਦੀ ਵਧੀ ਹੋਈ ਪੈਦਾਵਾਰ ਕਰ ਕੇ ਇਸ ਦੀ ਵਾਢੀ ਤੋਂ ਬਾਅਦ ਦੇ ਭਾਅ ਇਸ ਸਮੇਂ ਦੌਰਾਨ ਲਗਾਤਾਰ ਡਿੱਗਦੇ ਹੋਏ 2011-12 ਵਿਚ 1830 ਰੁਪਏ ਪ੍ਰਤੀ ਕੁਇੰਟਲ ਦੇ ਹੇਠਲੇ ਪੱਧਰ ਨੂੰ ਛੂਹ ਗਏ। ਕੀਮਤਾਂ ਵਿਚ ਗਿਰਾਵਟ ਨੇ ਫ਼ਸਲ ਤੋਂ ਪ੍ਰਾਪਤ ਹੋਣ ਵਾਲੇ ਮੁਨਾਫ਼ੇ ‘ਤੇ ਮਾੜਾ ਅਸਰ ਪਾਇਆ ਅਤੇ 2012-13 ਵਿਚ ਬਾਸਮਤੀ ਦਾ ਰਕਬਾ ਇੱਕ ਲੱਖ ਹੈਕਟੇਅਰ ਘੱਟ ਬੀਜਿਆ ਗਿਆ। ਘਟੇ ਹੋਏ ਉਤਪਾਦਨ ਨੇ ਪਿਛਲੇ ਸਟਾਕਾਂ ਦੀ ਨਿਕਾਸੀ ਵਿਚ ਮਦਦ ਕੀਤੀ ਅਤੇ ਮੰਗ-ਪੂਰਤੀ ਦੇ ਸਿਧਾਂਤ ਅਨੁਸਾਰ ਘਰੇਲੂ ਮੰਡੀਆਂ ਵਿਚ ਬਾਸਮਤੀ ਝੋਨੇ ਦੀਆਂ ਕੀਮਤਾਂ 2012-13 ਵਿੱਚ 2570 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਈਆਂ। ਬਾਸਮਤੀ ਦੀਆਂ ਨਿਰਯਾਤ ਕੀਮਤਾਂ ਜੋ 2011-12 ਵਿਚ 4862 ਰੁਪਏ ਪ੍ਰਤੀ ਕੁਇੰਟਲ ਸਨ, 2012-13 ਵਿਚ ਵਧ ਕੇ 5621 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ। 2011-12 ਤੋਂ 2013-14 ਦੌਰਾਨ ਬਾਸਮਤੀ ਦੀ ਪੈਦਾਵਾਰ ਲਗਭਗ ਸੁਸਤ ਰਹੀ ਜਦੋਂਕਿ ਇਸ ਦੀ ਬਰਾਮਦ ਵਧ ਰਹੀ ਸੀ। ਇਸ ਕਾਰਨ 2013-14 ਵਿਚ ਇਸ ਦੀ ਬਰਾਮਦ ਕੀਮਤ 7796 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਸੀ। ਸਿੱਟੇ ਵਜੋਂ, ਬਾਸਮਤੀ ਝੋਨੇ ਦੀਆਂ ਘਰੇਲੂ ਕੀਮਤਾਂ ਵੀ ਉਸੇ ਸਾਲ 3500 ਰੁਪਏ ਪ੍ਰਤੀ ਕੁਇੰਟਲ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ। ਕਿਸਾਨ ਬਹੁਤ ਉਤਸ਼ਾਹਿਤ ਹੋ ਗਏ ਅਤੇ 2014-15 ਵਿਚ 8.6 ਲੱਖ ਹੈਕਟੇਅਰ ਰਕਬੇ ਨਾਲ ਇਸ ਦੀ ਬਿਜਾਈ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਈ। ਵਧੀ ਹੋਈ ਪੈਦਾਵਾਰ ਕਾਰਨ 2014-15 ‘ਚ ਦੇਸ਼ ਵਿਚ ਬਾਸਮਤੀ ਚੌਲਾਂ ਦਾ ਭੰਡਾਰ ਕਾਫ਼ੀ ਵਧ ਗਿਆ ਪਰ ਇਸ ਦੀ ਬਰਾਮਦ ਪਿਛਲੇ ਸਾਲ ਜਿੰਨੀ ਹੀ ਰਹੀ। ਇਸ ਕਰ ਕੇ ਬਾਸਮਤੀ ਚੌਲਾਂ ਦੀਆਂ ਬਰਾਮਦ ਕੀਮਤਾਂ ਵਿਚ ਵੀ ਗਿਰਾਵਟ ਆਉਣ ਲੱਗੀ। ਇਸ ਦਾ ਨਕਾਰਾਤਮਕ ਅਸਰ ਬਾਸਮਤੀ ਦੀਆਂ ਘਰੇਲੂ ਕੀਮਤਾਂ ‘ਤੇ ਪਿਆ ਜੋ ਡਿੱਗ ਕੇ 2700 ਰੁਪਏ ਪ੍ਰਤੀ ਕੁਇੰਟਲ ਤੱਕ ਰਹਿ ਗਈਆਂ।

Advertisement

ਸਪੱਸ਼ਟ ਹੈ ਕਿ ਬਾਸਮਤੀ ਝੋਨੇ ਦੀਆਂ ਘਰੇਲੂ ਕੀਮਤਾਂ ਇਸ ਦੀਆਂ ਨਿਰਯਾਤ ਕੀਮਤਾਂ ਅਤੇ ਪਿਛਲੇ ਸਾਲਾਂ ਦੇ ਬਚੇ ਹੋਏ ਭੰਡਾਰ ‘ਤੇ ਨਿਰਭਰ ਕਰਦੀਆਂ ਹਨ। ਬਾਸਮਤੀ ਚੌਲ ਦੀਆਂ ਨਿਰਯਾਤ ਕੀਮਤਾਂ 2014-15 ਵਿਚ 7459 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ ਸਾਲ 2015-16 ਵਿਚ 5615 ਰੁਪਏ ਪ੍ਰਤੀ ਕੁਇੰਟਲ ਰਹਿ ਗਈਆਂ। 2015-16 ਵਿਚ ਇੱਕ ਲੱਖ ਹੈਕਟੇਅਰ ਰਕਬੇ ਦੀ ਕਟੌਤੀ ਦੇ ਬਾਵਜੂਦ ਘਰੇਲੂ ਮੰਡੀਆਂ ਵਿਚ ਬਾਸਮਤੀ ਝੋਨੇ ਦੇ ਭਾਅ ਇਸ ਦੇ ਪਿਛਲੇ ਸਾਲ ਦੇ ਜਮ੍ਹਾਂ ਹੋਏ ਸਟਾਕ ਕਾਰਨ ਡਿੱਗ ਗਏ। ਇਸ ਲਈ ਬਾਸਮਤੀ ਚੌਲਾਂ ਦੇ ਵੱਧ ਉਤਪਾਦਨ, ਪਿਛਲੇ ਸਾਲਾਂ ਦਾ ਇਕੱਠਾ ਹੋਇਆ ਸਟਾਕ ਅਤੇ ਇਸ ਦੀਆਂ ਨਿਰਯਾਤ ਕੀਮਤਾਂ ਵਿਚ ਗਿਰਾਵਟ ਨੇ ਸਾਂਝੇ ਤੌਰ ‘ਤੇ ਘਰੇਲੂ ਮੰਡੀਆਂ ਵਿਚ ਇਸ ਦੀਆਂ ਕੀਮਤਾਂ ‘ਤੇ ਮਾੜਾ ਪ੍ਰਭਾਵ ਪਾਇਆ। ਬਾਸਮਤੀ ਦਾ ਭਾਅ ਮੂਧੇ ਮੂੰਹ ਡਿੱਗ ਕੇ 1725 ਰੁਪਏ ਪ੍ਰਤੀ ਕੁਇੰਟਲ ਦੇ ਹੇਠਲੇ ਪੱਧਰ ਨੂੰ ਛੂਹ ਗਿਆ ਜਿਸ ਨੇ ਇਸ ਦੀ ਕਾਸ਼ਤ ਦੇ ਮੁਨਾਫ਼ੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਸ ਦੀ ਕਾਸ਼ਤ ਤੋਂ ਕਿਸਾਨਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਨ੍ਹਾਂ ਵਿਚ ਬੇਚੈਨੀ ਪੈਦਾ ਹੋ ਗਈ।

ਇਸ ਬਦਲੀ ਹੋਈ ਸਥਿਤੀ ਕਾਰਨ ਕਿਸਾਨ ਬਾਸਮਤੀ ਹੇਠਲਾ ਰਕਬਾ ਘਟਾਉਣ ਲਈ ਮਜਬੂਰ ਹੋ ਗਏ। 2016-17 ਤੋਂ 2018-19 ਦੌਰਾਨ ਬਾਸਮਤੀ ਅਧੀਨ ਰਕਬਾ 5 ਤੋਂ 5.5 ਲੱਖ ਹੈਕਟੇਅਰ ਦੇ ਵਿਚਕਾਰ ਸਥਿਰ ਹੋ ਗਿਆ। ਇਸ ਕਰ ਕੇ ਬਾਸਮਤੀ ਦੀ ਪੈਦਾਵਾਰ ਘਟਣ ਅਤੇ ਪਿਛਲੇ ਸਾਲਾਂ ਦੇ ਸਟਾਕ ਦੀ ਨਿਕਾਸੀ ਹੋਣ ਕਾਰਨ ਬਾਸਮਤੀ ਦੀਆਂ ਘਰੇਲੂ ਕੀਮਤਾਂ ਨੂੰ ਕੁਝ ਹੁਲਾਰਾ ਮਿਲਿਆ। ਇਸ ਅਰਸੇ ਦੌਰਾਨ ਇਸ ਦੇ ਉਤਪਾਦਨ ਵਿਚ 44 ਫ਼ੀਸਦੀ ਦੀ ਗਿਰਾਵਟ ਆਈ। ਇਸ ਦੀਆਂ ਕੀਮਤਾਂ ਵਧ ਕੇ 2016-17 ਦੌਰਾਨ 2400 ਰੁਪਏ ਪ੍ਰਤੀ ਕੁਇੰਟਲ, 2017-18 ਦੌਰਾਨ 2800 ਰੁਪਏ ਪ੍ਰਤੀ ਕੁਇੰਟਲ ਅਤੇ 2018-19 ਦੌਰਾਨ 3250 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ। ਕਿਸਾਨਾਂ ਨੇ 2019-20 ਦੌਰਾਨ ਇਸ ਦੀ 6.3 ਲੱਖ ਹੈਕਟੇਅਰ ਰਕਬੇ ਤੇ ਬਿਜਾਈ ਕੀਤੀ। ਇਸ ਦੇ ਨਤੀਜੇ ਵਜੋਂ ਇਸ ਦੀਆਂ ਨਿਰਯਾਤ ਕੀਮਤਾਂ ਦੇ ਨਾਲ-ਨਾਲ ਘਰੇਲੂ ਕੀਮਤਾਂ ਵਿਚ ਵੀ ਗਿਰਾਵਟ ਆਈ। ਅਗਲੇ ਸਾਲਾਂ ਦੌਰਾਨ ਬਾਸਮਤੀ ਦਾ ਰਕਬਾ 5 ਲੱਖ ਹੈਕਟੇਅਰ ਤੋਂ ਘੱਟ ਰਿਹਾ। ਕਈ ਕਿਸਾਨਾਂ ਨੂੰ ਮੰਡੀ ਵਿਚ 5500 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਵੱਧ ਤੱਕ ਦਾ ਭਾਅ ਮਿਲਿਆ। ਇਸ ਦੀਆਂ ਔਸਤਨ ਕੀਮਤਾਂ 4000 ਰੁਪਏ ਪ੍ਰਤੀ ਕੁਇੰਟਲ ਤੱਕ ਰਹੀਆਂ।

ਪਿਛਲੇ ਰੁਝਾਨਾਂ ਤੋਂ ਇਹ ਸਾਫ਼ ਹੈ ਕਿ ਬਾਸਮਤੀ ਦੀਆਂ ਘਰੇਲੂ ਕੀਮਤਾਂ ਇਸ ਦੀ ਸਪਲਾਈ ਨਾਲ ਨੇੜਿਓਂ ਜੁੜੀਆਂ ਹੋਈਆਂ ਹਨ। ਯੂਰੋਪੀਅਨ ਕਮਿਸ਼ਨ ਦੁਆਰਾ ਬਾਸਮਤੀ ਚੌਲਾਂ ਵਿਚ ਟ੍ਰਾਈਸਾਈਕਲਾਜ਼ੋਲ (ਉੱਲੀਨਾਸ਼ਕ) ਲਈ ਵੱਧ ਤੋਂ ਵੱਧ ਰਹਿੰਦ-ਖੂੰਹਦ ਦੀ ਸੀਮਾ (MRL) ਦੇ ਪੱਧਰ ਨੂੰ ਹੇਠਾਂ ਲਿਆ ਕੇ ਨਿਰਧਾਰਤ ਕੀਤੇ ਸਖ਼ਤ ਮਾਪਦੰਡ ਵੀ ਇਸ ਦੇ ਨਿਰਯਾਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਿਛਲੇ ਸਾਲ ਦੌਰਾਨ ਬਾਸਮਤੀ ਦੇ ਚੋਖੇ ਭਾਅ ਰਹਿਣ ਕਾਰਨ ਕਿਸਾਨਾਂ ਨੂੰ ਇਸ ਦੀ ਕਾਸ਼ਤ ਤੋਂ ਭਰਪੂਰ ਮੁਨਾਫ਼ਾ ਹੋਇਆ। ਅਜਿਹਾ ਲਗਦਾ ਹੈ, ਕਿਸਾਨ ਇਸ ਤੋਂ ਉਤਸ਼ਾਹਿਤ ਹੋ ਕੇ 2023-24 ਦੌਰਾਨ ਬਾਸਮਤੀ ਹੇਠ ਰਕਬਾ ਕਾਫ਼ੀ ਹੱਦ ਤੱਕ ਵਧਾ ਸਕਦੇ ਹਨ। ਇਸ ਹਾਲਾਤ ਵਿਚ ਬਾਸਮਤੀ ਦੀ ਕਾਸ਼ਤ ਹੇਠ ਰਕਬੇ ਵਿਚ ਕਾਫ਼ੀ ਵਾਧਾ ਹੋਣ ਨਾਲ ਇਸ ਦੇ ਮੰਡੀਕਰਨ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਘਰੇਲੂ ਬਾਜ਼ਾਰ ਵਿੱਚ ਇਸ ਦੀਆਂ ਕੀਮਤਾਂ ‘ਤੇ ਦਬਾਅ ਪੈ ਸਕਦਾ ਹੈ। ਪਿਛਲੇ ਸਾਲਾਂ ਦੇ ਅੰਕੜਿਆਂ ਦੇ ਅਧਿਐਨ ਅਨੁਸਾਰ ਬਾਸਮਤੀ ਦੀਆਂ ਉੱਚ ਕੀਮਤਾਂ ਅਤੇ ਚੰਗੇ ਮੁਨਾਫ਼ੇ ਲਈ ਇਸ ਦਾ ਰਕਬਾ 5 ਤੋਂ 6 ਲੱਖ ਹੈਕਟੇਅਰ ਦੇ ਵਿਚਕਾਰ ਹੀ ਰੱਖਣਾ ਸਹੀ ਰਹਿੰਦਾ ਹੈ। ਇਹ ਸੂਬੇ ਦੇ ਕੁੱਲ ਚੌਲਾਂ ਦੇ ਰਕਬੇ ਦਾ ਲਗਭਗ 16 ਤੋਂ 19 ਫ਼ੀਸਦੀ ਬਣਦਾ ਹੈ। ਬਾਸਮਤੀ ਦੀ ਕਾਸ਼ਤ ਵਿਆਪਕ ਤੌਰ ‘ਤੇ ਸੂਬੇ ਦੇ ਹਰ ਹਿੱਸੇ ਵਿਚ ਆਪਣੇ ਪੈਰ ਪਸਾਰ ਚੁੱਕੀ ਹੈ। ਜ਼ਿਆਦਾਤਰ ਕਿਸਾਨ ਬਾਸਮਤੀ ਅਤੇ ਗ਼ੈਰ-ਬਾਸਮਤੀ (ਪਰਮਲ) ਦੋਵੇਂ ਕਿਸਮਾਂ ਉਗਾਉਂਦੇ ਹਨ। 2023-24 ਵਿਚ ਪਿਛਲੇ ਸਾਲ ਨਾਲੋਂ ਬਾਸਮਤੀ ਝੋਨੇ ਦੇ ਹੇਠਲੇ ਰਕਬੇ ਵਿਚ ਜ਼ਿਆਦਾ ਵਾਧਾ ਨਾ ਕਰ ਕੇ ਅਤੇ ਬਾਸਮਤੀ ਅਤੇ ਗ਼ੈਰ-ਬਾਸਮਤੀ (ਪਰਮਲ) ਝੋਨੇ ਦੇ ਵਾਜਬ ਅਨੁਪਾਤ ਨੂੰ ਕਾਇਮ ਰੱਖਣਾ ਵਧੀਆ ਨਿਯਮ ਹੋਵੇਗਾ। ਜੇ ਇਸ ਸਾਲ ਵੀ ਕਿਸਾਨ ਬਾਸਮਤੀ ਅਤੇ ਗ਼ੈਰ-ਬਾਸਮਤੀ ਝੋਨੇ ਅਧੀਨ ਰਕਬੇ ਵਿਚ ਪਿਛਲੇ ਦੋ-ਤਿੰਨ ਸਾਲਾਂ ਦੀ ਤਰ੍ਹਾਂ ਸੰਤੁਲਨ ਬਣਾ ਕੇ ਰੱਖਣ ਤਾਂ ਬਾਸਮਤੀ ਦਾ ਚੰਗਾ ਭਾਅ ਮਿਲ ਸਕਦਾ ਹੈ।

*ਪ੍ਰਿੰਸੀਪਲ ਐਕਸਟੈਂਸ਼ਨ ਸਇੰਟਿਸਟ (ਐਗਰੀਕਲਚਰਲ ਇਕੋਨੋਮਿਕਸ), ਇਕੋਨੋਮਿਕਸ ਐਂਡ ਸ਼ੋਸ਼ਿਆਲੋਜੀ ਵਿਭਾਗ, ਪੀਏਯੂੂ, ਲੁਧਿਆਣਾ।

Advertisement