ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਰਤੀ ਹੇਠਲਾ ਪਾਣੀ ਬਚਾਉਣ ਲਈ ਸਿਆਸੀ ਧਿਰਾਂ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਸੁਝਾਅ

06:43 AM Jun 21, 2024 IST

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਜੂਨ
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਲੰਮੇ ਸਮੇਂ ਤੋਂ ਖੇਤੀ ਅਤੇ ਵਾਤਾਵਰਣ ਮਹਿਰਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਤਾੜਨਾ ਵੀ ਕੀਤੀ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਅੰਤਿ ਗੰਭੀਰ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਟਰੇਡ ਯੂਨੀਅਨ ਆਗੂ ਤੇ ਸਮਾਜਿਕ ਚਿੰਤਕ ਪਾਲੀ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਵਿਵਸਥਾ ਮੁੱਖ ਤੌਰ ’ਤੇ ਖੇਤੀ ਉੱਪਰ ਨਿਰਭਰ ਹੈ। ਖੇਤੀ ਲਈ ਸਭ ਤੋਂ ਵੱਡੀ ਜ਼ਰੂਰਤ ਪਾਣੀ ਹੈ। ਕੋਈ ਵੀ ਫਸਲ ਪਾਣੀ ਦੀ ਉਪਲੱਬਤਾ ਬਗੈਰ ਪੈਦਾ ਨਹੀਂ ਕੀਤੀ ਜਾ ਸਕਦੀ। ਪਾਣੀ ਦਾ ਪੱਧਰ ਪੰਜਾਬ ਵਿੱਚ ਇਸ ਕਦਰ ਡੂੰਘਾ ਜਾ ਚੁੱਕਾ ਹੈ ਕਿ ਧਰਤੀ ਹੇਠਲਾ ਪਾਣੀ ਖਤਮ ਹੋਣ ਕੰਢੇ ਹੈ।
ਪੰਜਾਬ ਨੂੰ ਨਹਿਰੀ ਪਾਣੀ ਪਹਿਲਾਂ ਹੀ ਬਹੁਤ ਥੋੜ੍ਹਾ ਮਿਲ ਰਿਹਾ ਹੈ। ਹਰਿਆਣਾ ਤੇ ਰਾਜਸਥਾਨ ਨਾਲ ਨਹਿਰੀ ਪਾਣੀਆਂ ਦਾ ਝਗੜਾ ਜਾਰੀ ਹੈ ਤੇ ਨੇੜਲੇ ਭਵਿੱਖ ਵਿੱਚ ਕਿਸੇ ਵੀ ਤਣ-ਪੱਤਣ ਲਗਣ ਦੀ ਸੰਭਾਵਨਾ ਨਹੀਂ ਦਿਖ ਰਹੀ। ਪਾਲੀ ਰਾਮ ਬਾਂਸਲ ਨੇ ਕਿਹਾ ਕਿ ਪੰਜਾਬ ਨੂੰ ਬੰਜਰ ਬਣਨ ਤੋਂ ਰੋਕਣ ਲਈ ਸਭ ਧਿਰਾਂ ਵੱਲੋਂ ਇੱਕ ਉਸਾਰੂ ਸੋਚ ਦੀ ਜ਼ਰੂਰਤ ਹੈ। ਹਾਕਮ ਪਾਰਟੀ, ਵਿਰੋਧੀ ਪਾਰਟੀਆਂ, ਕਿਸਾਨ ਜਥੇਬੰਦੀਆਂ, ਖੇਤੀਬਾੜੀ ਮਾਹਿਰ, ਵਾਤਾਵਰਣ ਮਾਹਿਰ, ਉਦਯੋਗਪਤੀਆਂ ਅਤੇ ਹੋਰ ਸਬੰਧਿਤ ਧਿਰਾ ਨੂੰ ਰਲ-ਮਿਲ ਬੈਠ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣ ਵੱਲ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਗੰਭੀਰ ਮੁੱਦੇ ’ਤੇ ਵਿਚਾਰ ਕਰਨ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣ ਅਤੇ ਇਸ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤਕ ਤੌਰ ’ਤੇ ਸਰਬਸੰਮਤੀ ਨਾਲ ਕੋਈ ਠੋਸ ਫੈਸਲੇ ਲੈਣ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਮੁੱਦੇ ’ਤੇ ਰਾਜਨੀਤਕ ਰੋਟੀਆਂ ਸੇਕਣ ਤੋਂ ਗੁਰੇਜ਼ ਕਰਕੇ ਰਾਜਨੀਤੀ ਤੋਂ ਉਪਰ ਉਠ ਕੇ ਇਸ ਮਾਮਲੇ ’ਤੇ ਕਦਮ ਚੁੱਕਣ। ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੀ ਆਰਥਿਕ ਹਾਲਤ ਦੇ ਸਿਵੇ ਬਲਣਗੇ ਤੇ ਇਨ੍ਹਾਂ ਸਿਵਿਆ ਦੀ ਅੱਗ ਬੁਝਾਉਣ ਲਈ ਪਾਣੀ ਦੀ ਇੱਕ ਬਾਲਟੀ ਵੀ ਨਹੀ ਮਿਲਣੀ। ਰਾਜਨੀਤੀ ਕਰਨ ਲਈ ਹੋਰ ਬਹੁਤ ਮੁੱਦੇ ਹਨ, ਜੇ ਪਾਣੀ ਨਾ ਰਿਹਾ ਤਾਂ ਖੇਤੀ ਨਹੀ ਬਚੇਗੀ ਅਤੇ ਜੇ ਖੇਤੀ ਨਾ ਰਹੀ ਤਾਂ ਪੰਜਾਬ ਨੇ ਵੀ ਨਹੀ ਬਚਣਾ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਧਿਰਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਬ ਪਾਰਟੀ ਮੀਟਿੰਗ ਸੱਦਣ ਅਤੇ ਫੌਰੀ ਕਦਮ ਚੁੱਕੇ ਜਾਣ।

Advertisement

Advertisement
Advertisement