ਖੰਡ ਮਿੱਲ ਫ਼ਾਜ਼ਿਲਕਾ ’ਚ ਗੰਨੇ ਦਾ ਪਿੜਾਈ ਸੀਜ਼ਨ ਸ਼ੁਰੂ
ਸ਼ਗਨ ਕਟਾਰੀਆ
ਬਠਿੰਡਾ, 10 ਦਸੰਬਰ
ਦਿ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਵਿੱਚ ਗੰਨੇ ਦੇ ਪਿੜਾਈ ਸੀਜ਼ਨ 2024-25 ਦਾ ਉਦਘਾਟਨ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਵੱਲੋਂ ਕੀਤਾ ਗਿਆ। ਇਸ ਦੌਰਾਨ ਚੇਅਰਮੈਨ ਜੀਦਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਬਤੌਰ ਚੇਅਰਮੈਨ ਸ਼ੂਗਰਫੈੱਡ ਪੰਜਾਬ ਦਾ ਅਹੁਦਾ ਸੰਭਾਲਿਆ ਸੀ, ਉਸ ਸਮੇਂ ਇਹ ਖੰਡ ਮਿੱਲ ਬੰਦ ਹੋਣ ਦੇ ਕਗਾਰ ’ਤੇ ਸੀ। ਉਸ ਸਮੇਂ ਖੰਡ ਮਿੱਲ ਫ਼ਾਜ਼ਿਲਕਾ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਪਿਛਲੀਆਂ ਸਰਕਾਰਾਂ ਸਮੇਂ ਦੀ ਰੁਕੀ ਹੋਈ ਤਨਖਾਹ ਨੂੰ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 10 ਕਰੋੜ ਰੁਪਏ ਦੀ ਅਦਾਇਗੀ ਕਰਕੇ ਮਿੱਲ ਨੂੰ ਬੰਦ ਹੋਣ ਤੋਂ ਬਚਾਇਆ। ਇਸ ਤੋਂ ਇਲਾਵਾ ਪਿਛਲੀਆਂ ਸਰਕਾਰਾਂ ਸਮੇਂ ਕਿਸਾਨਾਂ ਦੇ ਗੰਨੇ ਦੇ ਪਿੜਾਈ ਸੀਜ਼ਨ ਦੀ ਰਹਿੰਦੀ 569 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਹਿਕਾਰੀ ਖੰਡ ਮਿੱਲਾਂ ਨੂੰ ਬਚਾਉਣ ਲਈ ਮਾਨ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਜੀਦਾ ਨੇ ਕਿਸਾਨਾਂ ਦੇ ਆਰਾਮ ਕਰਨ ਲਈ ਮਿੱਲ ਅੰਦਰ ਬਣੇ ਕਿਸਾਨ ਘਰ ਅਤੇ ਘੱਟ ਰੇਟ ’ਤੇ ਕਿਸਾਨਾਂ ਨੂੰ ਵਧੀਆ ਭੋਜਨ ਦੇਣ ਲਈ ਸਥਾਪਤ ਕੀਤੀ ਕੰਟੀਨ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਮਿੱਲ ਦੇ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪਿੜਾਈ ਸੀਜ਼ਨ ਦੌਰਾਨ ਕਿਸੇ ਵੀ ਕਿਸਾਨ ਨੂੰ ਸਮੱਸਿਆ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਸਾਨਾਂ ਨੂੰ ਵਧੀਆ ਅਤੇ ਸਾਫ਼ ਸੁਥਰਾ ਗੰਨਾ ਮਿੱਲ ’ਚ ਲਿਆਉਣ ਲਈ ਅਪੀਲ ਵੀ ਕੀਤੀ। ਇਸ ਮੌਕੇ ਦੀ ਫ਼ਾਜ਼ਿਲਕਾ ਖੰਡ ਮਿੱਲ ਦੇ ਚੇਅਰਮੈਨ, ਵਾਈਸ ਚੇਅਰਮੈਨ, ਜਨਰਲ ਮੈਨੇਜਰ ਸੁਖਦੀਪ ਸਿੰਘ ਕੈਰੋਂ, ਮਿੱਲ ਸੁਪਰਡੈਂਟ ਸਤੀਸ਼ ਠੁਕਰਾਲ, ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।