ਗੰਨੇ ਦੀ ਸੀਓਪੀਬੀ-95 ਕਿਸਮ ਦੇ ਕਾਸ਼ਤਕਾਰਾਂ ਨੂੰ ਝੱਲਣੀ ਪੈ ਸਕਦੀ ਹੈ ਪ੍ਰੇਸ਼ਾਨੀ
ਜਗਜੀਤ ਸਿੰਘ
ਮੁਕੇਰੀਆਂ, 4 ਫਰਵਰੀ
ਖੰਡ ਮਿੱਲਾਂ ਵੱਲੋਂ ਇਲਾਕੇ ਅੰਦਰ ਵੱਡੇ ਰਕਬੇ ਵਿੱਚ ਬੀਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਗੰਨੇ ਦੀ ਸੀਓਪੀਬੀ-95 ਕਿਸਮ ਅਧੀਨ ਰਕਬਾ ਘਟਾਉਣ ਦੀਆਂ ਦਿੱਤੀਆਂ ਜਾ ਰਹੀਆਂ ਜ਼ੁਬਾਨੀ ਹਦਾਇਤਾਂ ਨੇ ਕਿਸਾਨਾਂ ਦਾ ਫ਼ਿਕਰ ’ਚ ਪਾ ਦਿੱਤਾ ਹੈ ਕਿਸਾਨਾਂ ਦਾ ਦਾਅਵਾ ਹੈ ਕਿ ਖੰਡ ਮਿੱਲ ਪ੍ਰਬੰਧਕ ਇਸ ਕਿਸਮ ਨੂੰ ਅਗਲੇ ਸਾਲ ਤਰਜੀਹੀ ਤੌਰ ’ਤੇ ਨਾ ਖ਼ਰੀਦਣ ਬਾਰੇ ਆਖ ਰਹੇ ਹਨ।
ਗੰਨੇ ਦੀ ਸੀਓ-0238 ਕਿਸਮ ਤੋਂ ਬਾਅਦ ਸੀਓਪੀਬੀ-95 ਹੀ ਅਜਿਹੀ ਕਿਸਮ ਹੈ, ਜਿਹੜੀ ਕਿ ਔਸਤਨ 400-450 ਕੁਇੰਟਲ ਪ੍ਰਤੀ ਏਕੜ ਤੱਕ ਗੰਨੇ ਦਾ ਝਾੜ ਦੇ ਰਹੀ ਹੈ। ਕਿਸਾਨ ਆਗੂ ਜਗਦੇਵ ਸਿੰਘ ਭੱਟੀਆਂ ਵਿਜੇ ਸਿੰਘ ਬਹਿਬਲਮੰਝ, ਸੁਰਜੀਤ ਸਿੰਘ ਭੰਗਾਲਾ ਅਤੇ ਸੌਰਵ ਕੁਮਾਰ ਬਿੱਲਾ ਨੇ ਦੱਸਿਆ ਕਿ ਖੰਡ ਮਿੱਲਾਂ ਵੱਲੋਂ ਜ਼ੋਰ-ਸ਼ੋਰ ਨਾਲ ਬਿਜਾਈ ਗੰਨੇ ਦੀ ਸੀਓਪੀਬੀ-95 ਕਿਸਮ ਹੇਠ ਰਕਬਾ ਘਟਾਉਣ ਲਈ ਜ਼ੁਬਾਨੀ ਹਦਾਇਤਾਂ ਕਰਨੀਆਂ ਸਿੱਧਾ ਸੰਕੇਤ ਹਨ ਕਿ ਅਗਲੇ ਸਾਲ ਇਸ ਕਿਸਮ ਵਾਲੇ ਗੰਨਾ ਕਾਸ਼ਤਕਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਕਿਸਾਨਾਂ ਤੇ ਖੰਡ ਮਿੱਲਾਂ ਲਈ ਲਾਹੇਵੰਦ ਰਹੀ ਸੀਓ-0238 ਕਿਸਮ ਨੂੰ ਬਿਮਾਰੀ ਤੋਂ ਬਾਅਦ ਕੇਨ ਕਮਿਸ਼ਨਰ ਤੇ ਨਿੱਜੀ ਖੰਡ ਮਿੱਲਾਂ ਦੀ ਸਿਫ਼ਾਰਸ਼ ’ਤੇ ਸੀਓਪੀਬੀ-95 ਕਿਸਮ ਦਾ ਬੀਜ ਵੰਡਿਆ ਸੀ। ਪ੍ਰਤੀ ਏਕੜ ਚੰਗੇ ਝਾੜ ਸਦਕਾ ਕਿਸਾਨਾਂ ਨੇ ਇਸ ਦਾ ਬੀਜ 700 ਰੁਪਏ ਤੋਂ 1200 ਰੁਪਏ ਪ੍ਰਤੀ ਕੁਇੰਟਲ ਖ਼ਰੀਦ ਕੇ ਇਸ ਕਿਸਮ ਅਧੀਨ ਰਕਬਾ ਵਧਾਇਆ ਹੈ। ਕਿਸਾਨਾਂ ਨੇ ਇਸ ਕਿਸਮ ਵਿੱਚੋਂ ਪ੍ਰਤੀ ਏਕੜ 450-500 ਕੁਇੰਟਲ ਤੱਕ ਝਾੜ ਕੱਢਿਆ ਹੈ। ਕਿਸਾਨ ਖ਼ੁਸ਼ ਹਨ, ਪਰ ਖੰਡ ਮਿੱਲਾਂ ਦੀਆਂ ਇਸ ਕਿਸਮ ਹੇਠ ਰਕਬਾ ਘਟਾਉਣ ਦੀਆਂ ਜ਼ੁਬਾਨੀ ਹਦਾਇਤਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਵਾਰ ਖੰਡ ਮਿੱਲ ਅੰਦਰ ਅਗੇਤੀਆਂ ਕਿਸਮਾਂ ਬੀਜਣ ਲਈ ਲਗਾਏ ਇਸ਼ਤਿਹਾਰ ਵਿੱਚੋਂ ਸੀਓਪੀਬੀ-95 ਕਿਸਮ ਗਾਇਬ ਹੈ।
ਸੀਓਪੀਬੀ-95 ਖੰਡ ਮਿੱਲਾਂ ਲਈ ਘਾਟੇ ਦਾ ਸੌਦਾ: ਸੰਜੇ ਸਿੰਘ
ਇੰਡੀਅਨ ਸ਼ੁਕਰੋਜ਼ ਮਿੱਲ ਮੁਕੇਰੀਆਂ ਦੇ ਮੁੱਖ ਗੰਨਾ ਮੈਨੇਜਰ ਸੰਜੇ ਸਿੰਘ ਨੇ ਕਿਹਾ ਕਿ ਮਿੱਲ ਨੇ ਅਜਿਹੀ ਕੋਈ ਹਦਾਇਤ ਨਹੀਂ ਕੀਤੀ ਪਰ ਸੀਓਪੀਬੀ-95 ਕਿਸਮ ਤੋਂ ਖੰਡ ਘੱਟ ਬਣਨ ਕਾਰਨ ਇਹ ਕਿਸਮ ਖੰਡ ਮਿੱਲਾਂ ਲਈ ਘਾਟੇ ਦਾ ਸੌਦਾ ਹੈ। ਮਿੱਲਾਂ ਖੰਡ ਦੇ ਵੱਧ ਉਤਪਾਦਨ ’ਤੇ ਹੀ ਨਿਰਭਰ ਹਨ ਅਤੇ ਜੇ ਖੰਡ ਘੱਟ ਬਣੇਗੀ ਤਾਂ ਕਿਸਾਨਾਂ ਨੂੰ ਅਦਾਇਗੀ ਕਰਨੀ ਮੁਸ਼ਕਲ ਹੋ ਸਕਦੀ ਹੈ।
ਲੰਬੀ ਖੋਜ ਤੋਂ ਬਾਅਦ ਸੀਓਪੀਬੀ-95 ਦੀ ਸਿਫ਼ਾਰਸ਼ ਕੀਤੀ: ਡਾਇਰੈਕਟਰ
ਗੰਨਾ ਖੋਜ ਕੇਂਦਰ ਕਪੂਰਥਲਾ ਦੇ ਡਾਇਰੈਕਟਰ ਡਾ. ਗੁਲਜ਼ਾਰ ਸਿੰਘ ਨੇ ਕਿਹਾ ਕਿ ਇਹ ਕਿਸਮ ਲਾਹੇਵੰਦ ਹੈ ਅਤੇ ਲੰਬੀ ਖੋਜ ਤੋਂ ਬਾਅਦ ਹੀ ਇਸ ਦੀ ਸਿਫ਼ਾਰਸ਼ ਕੀਤੀ ਗਈ ਸੀ। ਖੰਡ ਮਿੱਲਾਂ ਵਲੋਂ ਇਸ ਕਿਸਮ ਨੂੰ ਨਾ ਖ਼ਰੀਦਣ ਬਾਰੇ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਕਿਸਾਨਾਂ ਨੇ ਇਸ ਕਿਸਮ ਅਧੀਨ ਰਕਬਾ ਵਧਾਇਆ ਹੈ। ਗੰਨਾ ਮਾਹਿਰ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਦੀ ਮਨਮਾਨੀ ਨੇ ਹਮੇਸ਼ਾਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਹੋਈ ਸੀਓਪੀਬੀ-95 ਕਿਸਮ ਕਿਸਾਨਾਂ ਲਈ ਲਾਹੇਵੰਦ ਹੈ ਪਰ ਪ੍ਰਾਈਵੇਟ ਖੰਡ ਮਿੱਲਾਂ ਵਲੋਂ ਇਸ ਦੇ ਉਲਟ ਜ਼ਿਆਦਾਤਰ ਸਿਫ਼ਾਰਸ਼ ਕੀਤੀਆਂ ਜਾਂਦੀਆਂ ਕਿਸਮਾਂ ਹਰਿਆਣੇ ਜਾਂ ਯੂਪੀ ਨਾਲ ਸਬੰਧਤ ਹੋਣ ਕਾਰਨ ਕਿਸਾਨਾਂ ਨੂੰ ਮਹਿੰਗੇ ਮੁੱਲ ’ਤੇ ਬੀਜ ਖ਼ਰੀਦਣਾ ਪੈ ਰਿਹਾ ਹੈ।