ਗੰਨੇ ਦਾ ਬਕਾਇਆ: ਕਿਸਾਨ ਜਥੇਬੰਦੀਆਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਨਾਅਰੇਬਾਜ਼ੀ
ਦਲੇਰ ਸਿੰਘ ਚੀਮਾ
ਭੁਲੱਥ, 25 ਅਕਤੂਬਰ
ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਕਪੂਰਥਲਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇ ਕੇ ਫਗਵਾੜਾ ਦੀ ਗੰਨਾ ਮਿੱਲ ਵੱਲ ਤਿੰਨ ਸਾਲਾਂ ਦੇ ਬਕਾਏ ਅਦਾਇਗੀ ਅਤੇ ਦੋਆਬਾ ਕਿਸਾਨ ਯੂਨੀਅਨ ਤੇ ਸਰਕਾਰ ਵਲੋਂ ਮਿੱਲ ਦੇ ਗੇਟ ’ਤੇ ਲਾਇਆ ਤਾਲਾ ਨੂੰ ਖੁਲ੍ਹਵਾ ਕੇ ਅਗਲੇ ਸੀਜ਼ਨ ਦੀ ਗੰਨੇ ਦੀ ਪਿੜਾਈ ਲਈ ਪ੍ਰਬੰਧ ਮੁਕੰਮਲ ਕਰਨ ਦੀ ਮੰਗ ਕੀਤੀ ਗਈ। ਧਰਨੇ ਮਗਰੋਂ ਕਿਸਾਨ ਆਗੂਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।
ਅੱਜ ਸਵੇਰੇ 9 ਵਜੇ ਤੋਂ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਯੂਨੀਅਨ ਕਾਦੀਆਂ ਤੇ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀਆਂ ਦੇ ਕਾਰਕੁੰਨ ਤੇ ਆਗੂਆਂ ਵਲੋਂ ਕਪੂਰਥਲਾ ਦੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਮੌਕੇ ਆਗੂਆਂ ਨੇ ਫਗਵਾੜਾ ਮਿੱਲ ਦੇ ਪ੍ਰਬੰਧਕਾਂ ਵਲੋਂ 2018- 2021 ਤੱਕ ਤਿੰਨ ਸਾਲਾਂ ਦੇ ਗੰਨੇ ਦੇ ਬਕਾਏ ਨਾ ਦੇਣ ਅਤੇ ਦੋਆਬਾ ਦੀ ਕਿਸਾਨ ਯੂਨੀਅਨ ਵਲੋਂ ਮਿੱਲ ਦੇ ਗੇਟ ਤੇ ਲਗਾਏ ਗਏ ਤਾਲੇ ਉਪਰ ਪੰਜਾਬ ਸਰਕਾਰ ਵਲੋਂ ਤਾਲਾ ਲਾਉਣ ਦੀ ਨਿਖੇਧੀ ਕਰਦਿਆਂ ਹੋਇਆਂ ਮਿੱਲ ’ਚ ਅਗਲੇ ਸੀਜ਼ਨ ਦੇ ਗੰਨੇ ਦੀ ਪਿੜਾਈ ਲਈ ਪ੍ਰਬੰਧ ਕਰਨ ਲਈ ਡੀਸੀ ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕਰਨੈਲ ਸਿੰਘ ਵਲੋਂ ਕਿਸਾਨਾਂ ਨੂੰ ਕਿਹਾ ਗਿਆ ਮਿੱਲ ਨੂੰ ਚਲਾਉਣ ਤੋਂ ਪਹਿਲਾਂ ਸਰਕਾਰ ਗੰਨੇ ਦੀ ਅਦਾਇਗੀ ਕਰਨ ਲਈ ਪ੍ਰਬੰਧ ਕਰ ਰਹੀ ਹੈ ਅਤੇ ਗੰਨੇ ਦੀ ਪਿੜਾਈ ਦੇ ਪ੍ਰਬੰਧ ਸਬੰਧੀ ਕਿਸਾਨਾਂ ਨੂੰ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਮੰਗ ਪੱਤਰ ਭੇਜਣ ਤੋਂ ਇਲਾਵਾ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਤੇ ਮਿੱਲ ਨੂੰ ਚਲਾਉਣ ਲਈ ਸਰਕਾਰ ਕੋਲ ਮਸਲਾ ਜੋਰ ਨਾਲ ਉਠਾਉਣਗੇ। ਉਨ੍ਹਾਂ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਨ ਦੀ ਸਲਾਹ ਦਿੱਤੀ। ਮੰਗ ਪੱਤਰ ਸੌਂਪਣ ਤੋਂ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।