ਮੀਂਹ ਦੇ ਪਾਣੀ ਕਾਰਨ ਖੰਡ ਖ਼ਰਾਬ ਹੋਈ
ਪੱਤਰ ਪ੍ਰੇਰਕ
ਮੋਰਿੰਡਾ, 9 ਜੁਲਾਈ
ਇੱਥੋਂ ਦੀ ਖੰਡ ਮਿੱਲ ਵੱਲੋਂ ਤਿਆਰ ਕੀਤੀ ਚੀਨੀ ਦੀ ਸਹੀ ਸੰਭਾਲ ਨਾ ਹੋਣ ਕਾਰਨ ਮਿੱਲ ਮੈਨੇਜਮੈਂਟ ਅਤੇ ਅਧਿਕਾਰੀਆਂ ਦੀ ਕਾਰੁਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ। ‘ਆਪ’ ਦੇ ਐੱਸਸੀ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਰਾਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੰਡ ਮਿੱਲ ਵਿੱਚ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਚੀਨੀ ਦੀਆਂ ਸੈਂਕੜੇ ਬੋਰੀਆਂ ਖ਼ਰਾਬ ਹੋਣ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਮਿੱਲ ਅਧਿਕਾਰੀਆਂ ਨੂੰ ਨਾਲ ਲੈ ਕੇ ਸਹਿਕਾਰੀ ਖੰਡ ਮਿੱਲ ਮੋਰਿੰਡਾ ਦਾ ਦੌਰਾ ਕੀਤਾ ਅਤੇ ਖੰਡ ਦੇ ਗੋਦਾਮਾਂ ਨੂੰ ਦੇਖਿਆ। ਸ੍ਰੀ ਰਾਜਾ ਨੇ ਦੱਸਿਆ ਕਿ ਖੰਡ ਦੇ ਗੋਦਾਮ ਵਿੱਚ ਛੱਤ ਲੀਕ ਹੋਣ ਕਾਰਨ ਬਰਸਾਤੀ ਪਾਣੀ ਭਰ ਗਿਆ। ਇਸ ਕਾਰਨ ਖੰਡ ਦੀਆਂ ਕਈ ਬੋਰੀਆਂ ਖ਼ਰਾਬ ਹੋ ਗਈਆਂ। ਉਨ੍ਹਾਂ ਦੱਸਿਆ ਕਿ ਚੀਨੀ ਦੀਆਂ ਬੋਰੀਆਂ ਨਾਲ ਭਰੇ ਗੌਦਾਮ ਵਿੱਚ ਲਗਪਗ ਇੱਕ ਫੁੱਟ ਦੇ ਕਰੀਬ ਪਾਣੀ ਜਮ੍ਹਾਂ ਹੈ। ਉਨ੍ਹਾਂ ਦੱਸਿਆ ਕਿ ਸੈੈਂਕੜੇ ਕੁਇੰਟਲ ਚੀਨੀ ਦੇ ਖ਼ਰਾਬ ਹੋਣ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਚੇਅਰਮੈਨ ਸ਼ੂਗਰਫੈੱਡ ਪੰਜਾਬ ਤੇ ਵਿਧਾਇਕ ਡਾ. ਚਰਨਜੀਤ ਸਿੰਘ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਅਰਵਿੰਦਰਪਾਲ ਸਿੰਘ ਕੈਰੋਂ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਨਾ ਫੋਨ ’ਤੇ ਗੱਲ ਕੀਤੀ ਅਤੇ ਨਾ ਹੀ ਕਿਸੇ ਮੈਸੇਜ ਦਾ ਜਵਾਬ ਦਿੱਤਾ।
ਜਲਦੀ ਕਾਰਵਾਈ ਕੀਤੀ ਜਾਵੇਗੀ: ਸੰਧੂ
ਪੰਜਾਬ ਸ਼ੂਗਰਫੈੱਡ ਦੇ ਐੱਮਡੀ ਅਰਵਿੰਦਪਾਲ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਲਦ ਹੀ ਜਾਣਕਾਰੀ ਲੈ ਕੇ ਢੁਕਵੀਂ ਕਾਰਵਾਈ ਕਰਨਗੇ।