ਫਕੀਰਾਂ ਦੇ ਮੇਲੇ ਵਿੱਚ ਗੂੰਜੀਆਂ ਸੂਫ਼ੀ ਧੁਨਾਂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਮਾਰਚ
ਇੱਥੋਂ ਦੇ ਇੰਡੀਆ ਹੈਬੀਟੇਟ ਸੈਂਟਰ ਦੇ ਐਂਪੀਥੀਏਟਰ ਵਿੱਚ ਕਰਵਾਏ ‘ਚੱਲੋ ਫਕੀਰਾਂ ਦੇ ਮੇਲੇ’’ ਵਿੱਚ ਪੁਰਾਤਨ ਸੂਫ਼ੀ ਗਾਇਨ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਦੌਰਾਨ ਮੁੰਬਈ ਦੀ ਰਾਧਿਕਾ ਸੂਦ ਵੱਲੋਂ ਪੁਰਾਤਨ ਪੰਜਾਬੀ ਸੂਫ਼ੀ ਸੰਗੀਤ ਪਰੰਪਰਿਕ ਸ਼ੈਲੀ ਵਿੱਚ ਪੇਸ਼ ਕੀਤਾ ਗਿਆ, ਜਿਸ ਵਿੱਚ ਬਾਬਾ ਫਰੀਦ ਦੇ ਦੋਹਰੇ, ਗੁਰੂ ਨਾਨਕ ਦੇਵ ਦੀ ਬਾਣੀ ਅਤੇ ਸ਼ਾਹ ਹੁਸੈਨ ਦੀਆਂ ਰਚਨਾਵਾਂ ਸਰੋਤਿਆਂ ਸਨਮੁੱਖ ਰੱਖੀਆਂ। ਇਸ ਆਯੋਜਨ ਨੂੰ ਸਿਰੇ ਚੜ੍ਹਾਉਣ ਵਿੱਚ ਪੂਨਮ ਸਿੰਘ (ਪ੍ਰੀਤਲੜੀ ਦੀ ਸੰਪਾਦਕ) ਤੇ ਸੁਮਿਤਾ ਦੀਦੀ ਸੰਧੂ ਨੇ ਯੋਗਦਾਨ ਪਾਇਆ। ਰੀਨਾ ਨੰਦਾ ਵੱਲੋਂ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕੀ ਗਈ ਜਿਸ ਵਿੱਚ ਅਣਵੰਡੇ ਪੰਜਾਬ ਦੀ ਵਿਰਾਸਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਮਾਗਮ ਵਿੱਚ ਔਰਤਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ।
ਰੀਨਾ ਨੰਦਾ ਨੇ ਦੱਸਿਆ ਕਿ ਭਾਸ਼ਾ ਤੇ ਸੰਗੀਤ ਧਰਮਾਂ ਦੇ ਘੇਰਿਆਂ ਵਿੱਚ ਕੈਦ ਨਹੀਂ ਕੀਤੇ ਜਾ ਸਕਦੇ। ਬਾਬਾ ਫ਼ਰੀਦ ਦੀ ਬਾਣੀ ਨਿਰਗੁਣਤਾ, ਗੁਰੂ ਨਾਨਕ ਦਾ ਫਲਸਫ਼ਾ ਤੇ ਸਾਂਝੀਵਾਲਤਾ ਦੇ ਸੰਦੇਸ਼ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ 1947 ਦੀ ਵੰਡ ਸਾਡੇ ਲਈ ਅਣਹੋਣੀ ਸੀ ਪਰ ਪੂਰਬੀ ਤੇ ਪੱਛਮੀ ਪੰਜਾਬ ਦੇ ਲੋਕ ਹੁਣ ਵੀ ਇੱਕ-ਦੂਜੇ ਨੂੰ ਅਪਣੱਤ ਨਾਲ ਮਿਲਦੇ ਤੇ ਸਤਿਕਾਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀ ਇਹ ਦੂਜੀ ਲੜੀ ਸੀ। ਉਨ੍ਹਾਂ ਇਸ ਤੋਂ ਪਹਿਲਾਂ ‘ਫਰਾਮ ਕੋਇਟਾ ਟੂ ਦਿੱਲੀ-ਪਾਰਟੀਸ਼ਨ ਸਟੋਰੀ’ ਦੀ ਕਿਤਾਬ ਰਚ ਕੇ ਵੰਡ ਦੇ ਦੌਰ ਨੂੰ ਵੱਖਰੇ ਪ੍ਰਸੰਗ ਵਿੱਚ ਲਿਖ ਚੁੱਕੇ ਹਨ।