ਸੂਫ਼ੀ ਮੇਲਾ: ਕੰਵਰ ਗਰੇਵਾਲ ਨੇ ਬਿਖੇਰੇ ਗਾਇਕੀ ਦੇ ਰੰਗ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 15 ਦਸੰਬਰ
ਇੱਥੇ ਸਰਕਾਰੀ ਕਾਲਜ ਵਿੱਚ ਚੱਲ ਰਹੇ ਮਾਲੇਰਕੋਟਲਾ ਸੂਫ਼ੀ ਮੇਲੇ ਦੌਰਾਨ ਅੱਜ ‘ਏਕ ਸ਼ਾਮ, ਸੂਫ਼ੀਆਨਾ ਕਲਾਮ’ ਤਹਿਤ ਕੰਵਰ ਗਰੇਵਾਲ, ਸਰਦਾਰ ਅਲੀ ਖ਼ਾਨ, ਨਜ਼ੀਰ, ਆਰਿਫ਼ ਮਤੋਈ ਅਤੇ ਅਖ਼ਤਰ ਅਲੀ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ। ਸੂਫ਼ੀ ਮੇਲੇ ਦੌਰਾਨ ਫ਼ੋਟੋਗ੍ਰਾਫਰ ਰਵਿੰਦਰ ਰਵੀ ਵੱਲੋਂ ਲਗਾਈ ਫ਼ੋਟੋ ਪ੍ਰਦਰਸ਼ਨੀ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰ ਰਹੀ ਹੈ। ਇਸ ਪ੍ਰਦਰਸ਼ਨੀ ਵਿਚ ਜਿੱਥੇ ਸੂਫ਼ੀ ਮੱਤ ਦੇ ਪ੍ਰਮੁੱਖ ਸੰਤਾਂ, ਕੱਵਾਲਾਂ ਅਤੇ ਲੇਖਕਾਂ ਦੀਆਂ ਤਸਵੀਰਾਂ ਲੱਗੀਆਂ ਹਨ ਉੱਥੇ ਹੀ ਹੋਰ ਤਸਵੀਰਾਂ ਵਿੱਚ ਮਾਲੇਰਕੋਟਲਾ ਦੇ ਲੋਕਾਂ ਦੇ ਪ੍ਰਮੁੱਖ ਕਾਰੋਬਾਰ ਜਿਵੇਂ ਕਿ ਲੋਹੇ ਦੇ ਭਾਂਡੇ ਤਿਆਰ ਕਰਨਾ, ਜੁੱਤੀ ਤਿਆਰ ਕਰਨਾ, ਸਬਜ਼ੀਆਂ ਦਾ ਉਤਪਾਦਨ ਅਤੇ ਫ਼ੌਜ ਦੀਆਂ ਵਰਦੀਆਂ ਦੇ ਬੈਜ਼ ਤਿਆਰ ਕਰਨ ਦੇ ਕੰਮ ਨੂੰ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ‘ਸ਼ਾਮ-ਏ-ਕੱਵਾਲੀ’ ਦੌਰਾਨ ਸੁਲਤਾਨਾ ਨੂਰਾਂ ਅਤੇ ਸਥਾਨਕ ਕਲਾਕਾਰ ਕਮਲ ਖ਼ਾਨ ਅਤੇ ਵਕੀਲ ਖ਼ਾਨ ਨੇ ਆਪਣੇ ਗੀਤਾਂ ਦੀ ਛਹਬਿਰ ਲਾਈ ਸੀ। ਸ਼ਹਿਰ ਦੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ, ਸੱਤ ਦਰਵਾਜ਼ੇ ਅਤੇ ਹੋਰ ਮਸ਼ਹੂਰ ਦ੍ਰਿਸ਼ਾਂ ਨੂੰ ਲੋਕ ਉਤਸ਼ਾਹ ਨਾਲ ਦੇਖ ਰਹੇ ਹਨ। ਪੁਸਤਕ ਪ੍ਰਦਰਸ਼ਨੀ ਵਿੱਚ ਸੂਫ਼ੀ ਮੱਤ ਨਾਲ ਸਬੰਧਤ ਲਿਟਰੇਚਰ ਵੀ ਪਾਠਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਤਸਵੀਰ ਪ੍ਰਦਰਸ਼ਨੀ ਬਾਰੇ ਰਵਿੰਦਰ ਰਵੀ ਨੇ ਕਿਹਾ ਕਿ ਫ਼ੋਟੋਗਰਾਫੀ ਉਸ ਦਾ ਸ਼ੌਕ ਹੈ, ਉਸ ਨੂੰ ਕੁਦਰਤ ਦਾ ਜ਼ਰਾ- ਜ਼ਰਾ ਖ਼ੂਬਸੂਰਤ ਲੱਗਦਾ ਹੈ। ਉਸ ਨੇ ਦੱਸਿਆ ਕਿ ਮਾਲੇਰਕੋਟਲਾ ਦੀਆਂ ਤਸਵੀਰਾਂ 2018 ਵਿੱਚ ਖਿੱਚੀਆਂ ਸਨ। ਪ੍ਰਦਰਸ਼ਨੀ ਬਾਰੇ ਵਿਦਿਆਰਥਣ ਸਲਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ‘ਸੂਫ਼ੀ ਕਾਰਨਰ’ ਲਗਾਉਣਾ ਬਹੁਤ ਹੀ ਚੰਗਾ ਉਪਰਾਲਾ ਹੈ। ਪੰਜਾਬ ਉਰਦੂ ਅਕਾਦਮੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਲਗਾਈ ਪੁਸਤਕ ਪ੍ਰਦਰਸ਼ਨੀ ਸੂਫ਼ੀਵਾਦ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਉਥੇ ਹੀ ਫੋਟੋ ਪ੍ਰਦਰਸ਼ਨੀ ਮਾਲੇਰਕੋਟਲੇ ਦੀ ਅਮੀਰ ਧਰੋਹਰ ਉੱਤੇ ਝਾਤ ਪਾ ਰਹੀ ਹੈ । 16 ਦਸੰਬਰ ਨੂੰ ‘ਸੂਫ਼ੀਆਨਾ ਮੁਸ਼ਾਇਰੇ ਵਿੱਚ ਸੂਫ਼ੀਵਾਦ ਬਾਰੇ ਡਾ. ਮੁਹੰਮਦ ਇਕਬਾਲ ਅਤੇ ਡਾ. ਮੁਹੰਮਦ ਜਮੀਲ ਖੋਜ ਪੱਤਰ ਪੇਸ਼ ਕਰਨਗੇ ਅਤੇ ਡਾ. ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼, ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ, ਅਜਮਲ ਖ਼ਾਨ ਸ਼ੇਰਵਾਨੀ, ਰਮਜ਼ਾਨ ਸਯਦ ,ਅਨਵਰ ਆਜ਼ਰ, ਸਾਜਿਦ ਇਸਹਾਕ ਤੇ ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ।