For the best experience, open
https://m.punjabitribuneonline.com
on your mobile browser.
Advertisement

ਸੁਧਾ ਮੂਰਤੀ ਰਾਜ ਸਭਾ ਲਈ ਨਾਮਜ਼ਦ

07:09 AM Mar 09, 2024 IST
ਸੁਧਾ ਮੂਰਤੀ ਰਾਜ ਸਭਾ ਲਈ ਨਾਮਜ਼ਦ
Advertisement

ਨਵੀਂ ਦਿੱਲੀ/ਬੰਗਲੂਰੂ, 8 ਮਾਰਚ
ਇੰਜਨੀਅਰਿ਼ਗ ਤੋਂ ਸਮਾਜ ਸੇਵਾ ਦੇ ਖੇਤਰ ’ਚ ਆਈ ਲੇਖਕਾ ਸੁਧਾ ਮੂਰਤੀ ਨੂੰ ਅੱਜ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ ਵੱਖ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਮੂਰਤੀ (73) ਇਨਫੋਸਿਸ ਫਾਊਂਡੇਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਕੰਨੜ ਤੇ ਅੰਗਰੇਜ਼ੀ ਸਾਹਿਤ ਵਿੱਚ ਆਪਣੇ ਯੋਗਦਾਨ ਲਈ ਮਸ਼ਹੂਰ ਹੈ। ਉਨ੍ਹਾਂ ਨੂੰ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ, ਪਦਮ ਸ੍ਰੀ (2006) ਅਤੇ ਪਦਮ ਭੂਸ਼ਨ (2023) ਸਨਮਾਨ ਹਾਸਲ ਹਨ । ਟੈਲਕੋ ਕੰਪਨੀ ਵਿੱਚ ਪਹਿਲੀ ਮਹਿਲਾ ਇੰਜੀਨੀਅਰ ਵਜੋਂ ਕੰਮ ਕਰਨ ਵਾਲੀ ਮੂਰਤੀ ਆਪਣੇ ਪਤੀ ਐੱਨਆਰ ਨਰਾਇਣ ਮੂਰਤੀ ਨਾਲ 10,000 ਰੁਪਏ ਨਾਲ ਇਨਫੋਸਿਸ ਸ਼ੁਰੂ ਕਰਨ ਲਈ ਜਾਣੀ ਜਾਂਦੀ ਹੈ। ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਮੂਰਤੀ ਨੂੰ ਸੰਸਦ ਦੇ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਗਿਆ। ਮੂਰਤੀ ਦੀ ਇਨਫੋਸਿਸ ਵਿੱਚ 0.83 ਫ਼ੀਸਦੀ ਹਿੱਸੇਦਾਰੀ ਹੈ, ਜੋ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ 5600 ਕਰੋੜ ਰੁਪਏ ਹੈ। ਉਸ ਦੀ ਧੀ ਅਕਸ਼ਤਾ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੂੰ ਵਿਆਹੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਪੋਸਟ ਕਰਦਿਆਂ ਉੱਪਰਲੇ ਸਦਨ ’ਚ ਸੁਧਾ ਮੂਰਤੀ ਦੀ ਮੌਜੂਦਗੀ ਨੂੰ ‘ਨਾਰੀ ਸ਼ਕਤੀ’ ਦਾ ਪ੍ਰਮਾਣ ਦੱਸਿਆ। ਉਨ੍ਹਾਂ ਸਫ਼ਲ ਕਾਰਜਕਾਲ ਦੀ ਕਾਮਨਾ ਕਰਦਿਆਂ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਰਾਸ਼ਟਰਪਤੀ ਨੇ ਸੁਧਾ ਮੂਰਤੀ ਜੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸਮਾਜਿਕ ਕਾਰਜ, ਪਰਉਪਕਾਰ ਅਤੇ ਸਿੱਖਿਆ ਸਣੇ ਵੱਖ ਵੱਖ ਖੇਤਰਾਂ ਵਿੱਚ ਸੁਧਾ ਜੀ ਦਾ ਯੋਗਦਾਨ ਅਥਾਹ ਤੇ ਪ੍ਰੇਰਨਾਦਾਇਕ ਰਿਹਾ ਹੈ।’’ ਸੁਧਾ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨ ਦੇ ਮੌਕੇ ਲਈ ਸ਼ੁਕਰਗੁਜ਼ਾਰ ਹੈ। ਮੂਰਤੀ ਨੇ ਐਕਸ ’ਤੇ ਕਿਹਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਰਾਜ ਸਭਾ ਲਈ ਨਾਮਜ਼ਦ ਹੋਣਾ ਮੇਰੇ ਲਈ ਸਨਮਾਨ ਵਾਲੀ ਗੱਲ ਹੈ।’’ ਉਨ੍ਹਾਂ ਥਾਈਲੈਂਡ ਤੋਂ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਇਸ ਨਾਮਜ਼ਦਗੀ ਤੋਂ ਖੁਸ਼ ਹੈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ, ਅਨੁਰਾਗ ਠਾਕੁਰ ਤੇ ਹਰਦੀਪ ਪੁਰੀ ਨੇ ਮੂਰਤੀ ਨੂੰ ਰਾਜ ਸਭਾ ਲਈ ਨਾਮਜ਼ਦ ਹੋਣ ’ਤੇ ਵਧਾਈ ਦਿੱਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×