ਸਰਹਿੰਦ ਚੋਅ ਵਿੱਚ ਅਚਾਨਕ ਪਾਣੀ ਆਇਆ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 13 ਜੂਨ
ਸੰਗਰੂਰ-ਸੁਨਾਮ ਮੁੱਖ ਮਾਰਗ ਉੱਤੇ ਪੈਂਦੇ ਸਰਹਿੰਦ ਚੋਅ ਵਿੱਚ ਅੱਜ ਅਚਾਨਕ ਪਾਣੀ ਆਉਣ ਕਾਰਨ ਪ੍ਰਸ਼ਾਸਨ ਨੂੰ ਇਕਦਮ ਭਾਜੜਾਂ ਪੈ ਗਈਆਂ। ਪ੍ਰਸ਼ਾਸਨ ਨੇ ਮੁਸਤੈਦੀ ਵਿਖਾਉਂਦਿਆਂ ਇਸੇ ਸਰਹਿੰਦ ਚੋਅ ਉੱਤੇ ਨਕਾਰਾ ਹੋਏ ਪੁਲ ਦੀ ਥਾਂ ਬਣਾਏ ਆਰਜ਼ੀ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ। ਪੁਲ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਪਿੰਡ ਕੋਟੜਾ ਨੇੜੇ ਘੱਗਰ ਬ੍ਰਾਂਚ ਨਹਿਰ ਦਾ ਪਾਣੀ ਇਸ ਚੋਅ ਵਿੱਚ ਛੱਡ ਦਿੱਤਾ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਜਿਹੜਾ ਇੱਥੇ ਆਰਜ਼ੀ ਪੁਲ ਬਣਾਇਆ ਗਿਆ ਸੀ ਉਸ ਦੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਹੈ। ਆਰਜ਼ੀ ਪੁਲ ਬੰਦ ਹੋਣ ਕਾਰਨ ਹੁਣ ਦੋਪਹੀਆ ਵਾਹਨਾਂ ਲਈ ਰਸਤਾ ਵੀ ਬੰਦ ਹੋ ਗਿਆ ਜਿਸ ਕਾਰਨ ਨੇੜਲੇ ਕਈ ਪਿੰਡਾਂ ਦਾ ਇੱਕ ਤਰ੍ਹਾਂ ਸੁਨਾਮ ਨਾਲੋਂ ਸੜਕੀ ਸੰਪਰਕ ਹੀ ਟੁੱਟ ਗਿਆ। ਮੌਕੇ ’ਤੇ ਜਾ ਕੇ ਜਦੋਂ ਰਾਹਗੀਰਾਂ ਨਾਲ ਗੱਲ ਕੀਤੀ ਤਾਂ ਲੋਕ ਸਰਕਾਰ ਤੋਂ ਕਾਫ਼ੀ ਖਫਾ ਵਿਖਾਈ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਰਕਾਰ ਨੂੰ ਲੋਕਾਂ ਦੀ ਜਾਨ ਦੀ ਭੋਰਾ ਪ੍ਰਵਾਹ ਨਹੀਂ ਹੈ। ਇਸ ਮੌਕੇ ਪੁੱਜੇ ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਪੁਲ ਦਾ ਕੰਮ ਛੇ ਮਹੀਨੇ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ ਕਿਉਂਕਿ ਆਉਣ ਵਾਲੇ ਮਹੀਨਿਆਂ ’ਚ ਬਰਸਾਤਾਂ ਹੋਣ ਕਾਰਨ ਇਸ ਚੋਅ ’ਚ ਪਾਣੀ ਚੱਲਦਾ ਹੀ ਰਹਿਣਾ ਹੈ ਜਿਸ ਕਾਰਨ ਇਸ ਪੁਲ ਦਾ ਕੰਮ ਨੇੜ ਭਵਿੱਖ ’ਚ ਸਿਰੇ ਚੜ੍ਹਦਾ ਵਿਖਾਈ ਨਹੀਂ ਦੇ ਰਿਹਾ।