For the best experience, open
https://m.punjabitribuneonline.com
on your mobile browser.
Advertisement

ਸੂਡਾਨ ਦੀ ਖਾਨਾਜੰਗੀ ਅਤੇ ਅਵਾਮ ਦੇ ਮੰਦੜੇ ਹਾਲ

07:44 AM Dec 16, 2023 IST
ਸੂਡਾਨ ਦੀ ਖਾਨਾਜੰਗੀ ਅਤੇ ਅਵਾਮ ਦੇ ਮੰਦੜੇ ਹਾਲ
Advertisement

ਨਵਜੋਤ ਨਵੀ

ਅਫਰੀਕੀ ਮਹਾਂਦੀਪ ਦੇ ਤੀਜੇ ਸਭ ਤੋਂ ਵੱਡੇ ਦੇਸ਼ ਸੂਡਾਨ ਦੇ ਲੋਕ ਇਸ ਵੇਲੇ ਰੂਸ ਤੇ ਅਮਰੀਕੀ ਸਾਮਰਾਜ ਵਿਚਲੇ ਖਹਿਭੇੜ ਦਾ ਸੰਤਾਪ ਹੰਢਾਅ ਰਹੇ ਹਨ। ਸੂਡਾਨ ਦੇ ਦੋ ਫੌਜੀ ਗੁੱਟਾਂ ਰਾਹੀਂ ਰੂਸ ਤੇ ਅਮਰੀਕਾ ਵਿਚਕਾਰ ਲੜੀ ਜਾ ਰਹੀ ਅਸਿੱਧੀ ਜੰਗ ਲੱਗਭੱਗ 8 ਮਹੀਨੇ ਤੋਂ ਚੱਲ ਰਹੀ ਹੈ ਤੇ ਇਸ ਵਿਚ ਹਜ਼ਾਰਾਂ ਹੀ ਲੋਕਾਂ ਦੀ ਮੌਤ ਹੋ ਚੁੱਕੀ ਹੈ, ਲੱਖਾਂ ਲੋਕ ਜ਼ਖਮੀ ਹੋ ਚੁੱਕੇ ਹਨ। ਸੂਡਾਨ ਦੇ ਲੋਕਾਂ ਦਾ ਗਿਣਨਯੋਗ ਹਿੱਸਾ ਪਰਵਾਸ ਕਰ ਕੇ ਗੁਆਂਢੀ ਮੁਲਕਾਂ ਵਿਚ ਵੀ ਜਾ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਬੇਘਰੀ, ਭੁੱਖਮਰੀ, ਬੇਰੁਜ਼ਗਾਰੀ ਆਦਿ ਜਿਹੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਰਿਹਾ ਹੈ। ਜੰਗ ਦੇ ਸਿੱਟੇ ਵਜੋਂ ਪੈਦਾ ਹੋਈ ਸਿਹਤ ਸਹੂਲਤਾਂ ਦੀ ਘਾਟ ਸਦਕਾ ਸੂਡਾਨ ਦੇ ਲੋਕਾਂ ਨੂੰ ਇਸ ਸਮੇਂ ਕਈ ਮਾਰੂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਅਨੇਕਾਂ ਹੀ ਲੋਕਾਂ ਦੀ ਮੌਤ ਦਾ ਸਬਬ ਬਣ ਰਹੀਆਂ ਹਨ। ਜੇ ਇਹ ਜੰਗ ਵਧੇਰੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਲੱਖਾਂ ਹੀ ਲੋਕਾਂ ਦੀ ਮੌਤ ਦਾ ਕਾਰਨ ਇਹ ਬਿਮਾਰੀਆਂ ਬਣ ਸਕਦੀਆਂ ਹਨ। ਕੌਮਾਂਤਰੀ ਏਜੰਸੀਆਂ ਦੇ ਅੰਕੜਿਆਂ ਵਿਚ ਆਮ ਕਰ ਕੇ ਜੰਗ ਕਾਰਨ ਮੌਤਾਂ ਤੇ ਜ਼ਖਮੀ ਹੋਏ ਲੋਕਾਂ ਵਿਚ ਇਨ੍ਹਾਂ ਜੰਗ ਤੋਂ ਉਪਜੀਆਂ ਬਿਮਾਰੀਆਂ ਸਦਕਾ ਪੀੜਤ ਲੋਕਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾਂਦੀ ਜਦਕਿ ਇਹ ਬਿਮਾਰੀਆਂ ਕੋਈ ਖਲਾਅ ਵਿਚੋਂ ਪੈਦਾ ਹੋਈਆਂ ਨਹੀਂ ਸਗੋਂ ਜੰਗ ਸਦਕਾ ਹੀ ਵਧੀਆਂ-ਫੁੱਲੀਆਂ ਹਨ। ਇਨ੍ਹਾਂ ਬਿਮਾਰੀਆਂ ਨਾਲ ਸਿੱਝਣ ਲਈ ਜੋ ਲੋੜੀਂਦਾ ਸਿਹਤ ਪ੍ਰਬੰਧ ਚਾਹੀਦਾ ਹੈ, ਉਹ ਜੰਗ ਲੱਗਣ ਕਾਰਨ ਹੀ ਖਸਤਾਹਾਲ ਹੋਇਆ ਪਿਆ ਹੈ।
ਸੂਡਾਨ ਦੇ ਲੱਖਾਂ ਲੋਕ ਇਸ ਸਮੇਂ ਹੈਜ਼ੇ ਨਾਲ ਪੀੜਤ ਹਨ ਜੋ ਗੰਧਲੇ ਪਾਣੀ ਕਾਰਨ ਫੈਲਦਾ ਹੈ। ਸਿਹਤ ਸਹੂਲਤਾਂ ਦੀ ਅਣਹੋਂਦ ਵਿਚ ਇਹ ਬਿਮਾਰੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਬਿਮਾਰੀ ਵਧੇਰੇ ਕਰ ਕੇ ਅਜਿਹੇ ਇਲਾਕਿਆਂ ਵਿਚ ਪਨਪ ਰਹੀ ਹੈ ਜਿੱਥੇ ਜੰਗ ਸਦਕਾ ਉਜਾੜੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਕੱਠੇ ਸਕੂਲਾਂ, ਮਸਜਿਦਾਂ, ਖੁੱਲ੍ਹੇ ਮੈਦਾਨਾਂ ਵਿਚ ਟੈਂਟਾਂ ਵਿਚ ਰਹਿਣਾ ਪੈ ਰਿਹਾ ਹੈ। ਇਨ੍ਹਾਂ ਥਾਵਾਂ ਉੱਤੇ ਪੀਣ ਵਾਲੇ ਸਾਫ ਪਾਣੀ ਦੀ ਅਣਹੋਂਦ ਕਰ ਕੇ (ਜੋ ਜੰਗ ਦਾ ਹੀ ਨਤੀਜਾ ਹੈ) ਉਜਾੜੇ ਦੇ ਸ਼ਿਕਾਰ ਇਨ੍ਹਾਂ ਲੋਕਾਂ ਦੇ ਕੈਂਪਾਂ ਵਿਚ ਵੱਡੇ ਪੱਧਰ ਉੱਤੇ ਇਹ ਬਿਮਾਰੀ ਫੈਲ ਰਹੀ ਹੈ। ਲੋਕਾਂ ਨੂੰ ਜਾਂ ਤਾਂ ਪਾਣੀ ਦੂਰੋਂ ਕਿਤਿਓਂ ਲਿਆਉਣਾ ਪੈ ਰਿਹਾ ਹੈ (ਜੰਗ ਕਰ ਕੇ ਇੰਝ ਕੈਂਪ ਤੋਂ ਦੂਰ ਜਾਣ ਵਿਚ ਕਾਫੀ ਖਤਰਾ ਹੈ), ਜਾਂ ਨੇੜੇ ਤੇੜੇ ਦੀਆਂ ਨਹਿਰਾਂ, ਤਲਾਬਾਂ, ਖੂਹਾਂ ਵਿਚੋਂ ਲੈਣਾ ਪੈ ਰਿਹਾ ਹੈ ਜੋ ਪਖਾਨੇ ਆਦਿ ਦੀ ਸਹੂਲਤ ਦੀ ਅਣਹੋਂਦ ਕਰ ਕੇ ਕਾਫੀ ਗੰਦੇ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਸੂਡਾਨ ਵਿਚ 15 ਅਪਰੈਲ ਤੋਂ ਦੋ ਫੌਜੀ ਗੁਟਾਂ ਦੀ ਲੜਾਈ ਸ਼ੁਰੂ ਹੋਣ ਮਗਰੋਂ ਲੱਗਭੱਗ 12 ਲੱਖ ਲੋਕ ਉੱਜੜ ਕੇ ਗੁਆਂਢੀ ਦੇਸ਼ਾਂ ਵਿਚ ਚਲੇ ਗਏ ਹਨ ਅਤੇ 48 ਲੱਖ ਸੂਡਾਨ ਦੀਆਂ ਹੱਦਾਂ ਦੇ ਅੰਦਰ ਹੀ ਅਜਿਹੇ ਕੈਂਪਾਂ ਵਿਚ ਰਹਿ ਰਹੇ ਹਨ। ਇਸ ਨਾਲ ਸੂਡਾਨ ਇਸ ਸਮੇਂ ਸਭ ਤੋਂ ਵੱਧ ਉਜਾੜੇ ਦੇ ਸ਼ਿਕਾਰ ਲੋਕਾਂ ਦਾ ਦੇਸ਼ ਬਣ ਚੁੱਕਿਆ ਹੈ। ਆਲਮੀ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਸੂਡਾਨ ਦੇ 18 ਵਿਚੋਂ 5 ਸੂਬਿਆਂ ਵਿਚ ਨਵੰਬਰ 9 ਤੱਕ ਹੈਜ਼ੇ ਦੇ ਲੱਗਭੱਗ 2525 ਮਾਮਲੇ ਸਾਹਮਣੇ ਆਏ ਸਨ ਤੇ ਇਨ੍ਹਾਂ ਵਿਚ ਮੌਤ ਦਰ 3% ਸੀ।
ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ਤੱਕ ਇਹ ਰੋਗ ਸੂਡਾਨ ਦੇ 8 ਸੂਬਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਵੇਗਾ ਤੇ ਲੱਗਭੱਗ 31 ਲੱਖ ਲੋਕ ਹੈਜ਼ੇ ਨਾਲ ਰੋਗਗ੍ਰਸਤ ਹੋਣਗੇ।
ਸੂਡਾਨ ਦੇ ਸਿਹਤ ਕਾਰਕੁਨਾਂ ਅਨੁਸਾਰ ਹੈਜ਼ੇ ਦਾ ਸਭ ਤੋਂ ਪਹਿਲਾ ਕੇਸ (ਜੰਗ ਲੱਗਣ ਮਗਰੋਂ) ਸੂਡਾਨ ਦੇ ਸੂਬੇ ਅਲ-ਗਦਾਰਿਫ਼ ਵਿਚ ਸਾਹਮਣੇ ਆਇਆ। ਇਸ ਸੂਬੇ ਦੀ ਸਿਰਫ 10% ਆਬਾਦੀ ਕੋਲ ਹੀ ਜੰਗ ਤੋਂ ਪਹਿਲਾਂ ਪਖਾਨਿਆਂ ਤੇ ਸੀਵਰੇਜ ਦੀ ਕੋਈ ਸਹੂਲਤ ਮੌਜੂਦ ਸੀ; ਸਿਰਫ 28% ਆਬਾਦੀ ਕੋਲ ਸਾਫ ਪੀਣ ਵਾਲੇ ਪਾਣੀ ਦੀ ਸਹੂਲਤ ਸੀ। ਇੱਥੇ ਹੈਜ਼ੇ ਦੇ ਮਾਮਲੇ ਜੰਗ ਤੋਂ ਪਹਿਲਾਂ ਵੀ ਸਾਹਮਣੇ ਆਉਂਦੇ ਰਹਿੰਦੇ ਸਨ, ਹੁਣ ਤਾਂ ਇਹ ਹਾਲਤ ਹੋਰ ਵੀ ਭਿਅੰਕਰ ਹੋ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਹੈਜ਼ੇ ਦੇ ਨਾਲ ਨਾਲ ਡੇਂਗੂ, ਮਲੇਰੀਆ, ਕਾਲਾ ਬੁਖਾਰ ਤੇ ਹੋਰ ਬਿਮਾਰੀਆਂ ਵੀ ਵਧ ਰਹੀਆਂ ਹਨ; ਬਸ, ‘ਮਿਹਰਬਾਨ’ ਕੌਮਾਂਤਰੀ ਏਜੰਸੀਆਂ ਅਜੇ ਅੰਕੜੇ ਇਕੱਠੇ ਨਹੀਂ ਕਰ ਰਹੀਆਂ। ਜੰਗ ਨੇ ਹਾਲਤ ਇਹ ਬਣਾ ਦਿੱਤੀ ਹੈ ਕਿ ਲੋਕ ਆਪਣੇ ਪਰਿਵਾਰ ਦੇ ਫੌਤ ਹੋਏ ਜੀਆਂ, ਦੋਸਤਾਂ ਨੂੰ ਦਫਨਾਉਣ ਤੋਂ ਵੀ ਅਸਮਰਥ ਹਨ। ਕਈ ਅਖਬਾਰਾਂ ਨੇ ਰਿਪੋਰਟ ਕੀਤਾ ਹੈ ਕਿ ਸੂਡਾਨ ਵਿਚ ਕਈ ਥਾਵੇਂ ਲੋਕਾਂ ਦੀਆਂ ਲਾਸ਼ਾਂ ਪਈਆਂ ਹਨ ਜਿਨ੍ਹਾਂ ਨੂੰ ਜਾਨਵਰ ਖਾ ਰਹੇ ਹਨ।
ਸੂਡਾਨ ਖਣਿਜ ਪਦਾਰਥਾਂ ਦਾ ਵੱਡਾ ਖਜ਼ਾਨਾ ਹੈ। ਇਸ ਧਰਤੀ ਨੂੰ ਹਜ਼ਾਰਾਂ ਸਾਲਾਂ ਵਿਚ ਕਿਰਤੀਆਂ ਨੇ ਆਪਣੀ ਮਿਹਨਤ ਨਾਲ ਆਬਾਦ ਕੀਤਾ ਹੈ ਪਰ ਇਹ ਲੋਕ ਅੱਜ ਨਰਕ ਭੋਗਣ ਲਈ ਮਜਬੂਰ ਕਿਉਂ ਹਨ? ਸੰਖੇਪ ਵਿਚ ਕਹਿਣਾ ਹੋਵੇ ਤਾਂ ਇਹ ਸਰਮਾਏਦਾਰਾ-ਸਾਮਰਾਜੀ ਢਾਂਚਾ ਹੀ ਸੂਡਾਨ ਦੇ ਲੋਕਾਂ ਅਤੇ ਇਸ ਧਰਤੀ ਦੀ ਹੋਈ ਦੁਰਗਤ ਦਾ ਜਿ਼ੰਮੇਵਾਰ ਹੈ। ਇੱਥੇ 15 ਅਪਰੈਲ ਤੋਂ ਦੋ ਸੈਨਿਕ ਗੁੱਟਾਂ ਵਿਚਕਾਰ ਸੱਤਾ ਲਈ ਖਹਿਭੇੜ ਚੱਲ ਰਿਹਾ ਹੈ। ਇੱਕ ਫੌਜੀ ਗੁੱਟ ਨੂੰ ਅਮਰੀਕਾ ਅਤੇ ਦੂਜੇ ਨੂੰ ਰੂਸ ਦੀ ਹਮਾਇਤ ਹਾਸਲ ਹੈ। ਇਹ ਲੜਾਈ ਮੁੱਖ ਤੌਰ ’ਤੇ ਸੂਡਾਨੀ ਫੌਜ ਦੇ ਮੁਖੀ ਅਬਦੁਲ ਅਲ ਬੁਰਹਾਨ ਅਤੇ ਨੀਮ ਫੌਜੀ ਬਲ ਦੇ ਮੁਖੀ ਮੁਹੰਮਦ ਹਮਦਾਨ ਦਾਗਲੋ ਦਰਮਿਆਨ ਚੱਲ ਰਹੀ ਹੈ। ਇਹ ਲੜਾਈ ਕੁਦਰਤੀ ਸਾਧਨਾਂ, ਖਾਸਕਰ ਸੋਨੇ ਦੀਆਂ ਖਾਣਾਂ ਤੇ ਹੋਰ ਖਣਿਜ ਪਦਾਰਥਾਂ ਉੱਤੇ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੇ ਕੰਟਰੋਲ, ਵਿਰੋਧੀ ਸਾਮਰਾਜੀ ਤਾਕਤ ਦੇ ਪ੍ਰਭਾਵ ਨੂੰ ਖੋਰਾ ਲਾਉਣ ਦੀ ਲੜਾਈ ਹੈ ਜਿਸ ਵਿਚ ਇੱਕ ਫੌਜੀ ਧੜੇ (ਅਲ ਬੁਰਹਾਨ ਜੋ ਇਸ ਸਮੇਂ ਸੱਤਾ ਉੱਤੇ ਕਾਬਜ਼ ਹੈ) ਦੀ ਹਮਾਇਤ ਰੂਸ ਅਤੇ ਦੂਜੇ ਮੁਹੰਮਦ ਹਮਦਾਨ ਦਾਗਲੋ ਧੜੇ ਦੀ ਹਮਾਇਤ ਅਮਰੀਕਾ ਕਰ ਰਿਹਾ ਹੈ।
ਸਾਫ ਹੈ ਕਿ ਬੁਰਹਾਨ ਅਤੇ ਦਾਗਲੋ, ਦੋਹਾਂ ਵਿਚੋਂ ਕਿਸੇ ਦਾ ਵੀ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਸਗੋਂ ਦੋਹਾਂ ਦਾ ਹੀ ਲੋਕਾਂ ਉੱਤੇ ਅਕਹਿ ਜਬਰ ਢਾਉਣ ਦਾ ਇਤਿਹਾਸ ਰਿਹਾ ਹੈ ਤੇ ਦੋਵੇਂ ਇਸ ਵਿਚ ਜੋਟੀਦਾਰ ਤੱਕ ਰਹੇ ਹਨ। ਬੁਰਹਾਨ ਸੂਡਾਨੀ ਫੌਜ ਦਾ ਮੁਖੀ ਹੈ ਜਿਸ ਨੇ 2003 ਵਿਚ ਸੂਡਾਨ ਦੀ ਘਰੇਲੂ ਜੰਗ ਵੇਲੇ ਜੰਜਾਵੀੜ ਫੌਜੀ ਦਸਤੇ ਵਿਚ ਹੁੰਦਿਆਂ ਲੋਕਾਂ ਦੇ ਸਮੂਹਿਕ ਕਤਲੇਆਮ ਅਤੇ ਸੰਘਰਸ਼ ਕਰਦੀਆਂ ਔਰਤਾਂ ਦੇ ਸਮੂਹਿਕ ਬਲਾਤਕਾਰ ਜਿਹੇ ਘਿਨਾਉਣੇ ਜ਼ੁਲਮ ਕੀਤੇ। ਸੂਡਾਨ ਦੇ ਲੋਕਾਂ ਵੱਲੋਂ ਜਮਹੂਰੀਅਤ ਲਈ ਲੜੀ ਲੰਮੀ ਲੜਾਈ ਮਗਰੋਂ 2019 ਵਿਚ ਜਰਨਲ ਉਮਰ ਅਲ ਬਾਸ਼ੀਰ ਦੀ ਫੌਜੀ ਤਾਨਾਸ਼ਾਹੀ ਦਾ (ਜੋ 1993 ਤੋਂ ਕਾਇਮ ਸੀ) ਤਖਤਾ ਪਲਟ ਕੀਤਾ ਸੀ ਜਿਸ ਮਗਰੋਂ ਕੋਈ ਇਨਕਲਾਬੀ ਜਥੇਬੰਦਕ ਤਾਕਤ ਦੀ ਅਣਹੋਂਦ ਵਿਚ ਆਰਜ਼ੀ ਤੌਰ ਉੱਤੇ ਸਰਮਾਏਦਾਰਾ ਜਮਹੂਰੀ ਸਰਕਾਰ ਹੋਂਦ ਵਿਚ ਆਈ। 2021 ਵਿਚ ਬੁਰਹਾਨ ਤੇ ਦਾਗਲੋ ਉਰਫ ਹੇਮੇਦਤੀ ਨੇ ਰਲ ਕੇ ਇਸ ਸਰਕਾਰ ਦਾ ਤਖਤਾ ਪਲਟ ਦਿੱਤਾ ਤੇ ਫੌਜੀ ਤਾਨਾਸ਼ਾਹੀ ਸਥਾਪਤ ਕੀਤੀ ਜਿਸ ਨੂੰ ਫੌਜ ਤੇ ਸਿਵਲ ਸਰਕਾਰ ਦਾ ਪਰਦਾ ਪੁਆਇਆ ਗਿਆ। ਇਹ ਤਾਨਾਸ਼ਾਹੀ ਸਥਾਪਤ ਕਰਨ ਵਿਚ ਦਾਗਲੋ ਦੇ ਬੁਰਹਾਨ ਦਾ ਸਾਥ ਦੇਣ ਸਦਕਾ ਉਸ ਨੂੰ ਡਿਪਟੀ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ।
ਦਾਗਲੋ ਮੁੱਖ ਰੂਪ ਵਿਚ ਪਿਛਾਖੜੀ ਨੀਮ ਫੌਜੀ ਬਲ ਜਿਸ ਨੂੰ ਸੂਡਾਨ ਵਿਚ ਆਰਐੱਸਐੱਫ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੀ ਅਗਵਾਈ ਕਰਦਾ ਹੈ। ਆਰਐੱਸਐੱਫ ਦੀ ਸਥਾਪਨਾ 2013 ਵਿਚ ਕੀਤੀ ਗਈ ਸੀ ਤੇ ਇਸ ਦਾ ਕਾਰਜ ਸ਼ਹਿਰੀ ਹੱਕਾਂ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉੱਤਰੇ ਲੋਕਾਂ ਦੀ ਲਹਿਰ ਨੂੰ ਕੁਚਲਣਾ ਸੀ। ਇਸੇ ਕੰਮ ਨੂੰ ਦਾਗਲੋ ਦੀ ਅਗਵਾਈ ਹੇਠ ਆਰਐੱਸਐੱਫ ਨੇ ਨਾ ਸਿਰਫ 2013 ਸਮੇਂ ਸਗੋਂ 2019 ਤੋਂ ਬਾਅਦ, ਜਦ ਲੋਕ ਫੌਜੀ ਤਾਨਾਸ਼ਾਹੀ ਦੇ ਡਿੱਗਣ ਮਗਰੋਂ ਵਧੇਰੇ ਜਮਹੂਰੀ ਹੱਕ ਮੰਗ ਰਹੇ ਸਨ, ਨੂੰ ਬਖੂਬੀ ਨੇਪਰੇ ਚਾੜ੍ਹਿਆ। ਸੂਡਾਨ ’ਚ ਦਾਗਲੋ ਦਾ ਪ੍ਰਭਾਵ 2019 ਤੋਂ ਬਾਅਦ ਵਧੇਰੇ ਵਧਿਆ ਕਿਉਂ ਜੋ ਉਸ ਨੇ ਦੇਸ਼ ਦੀਆਂ ਸੋਨੇ ਦੀਆਂ ਖਾਣਾਂ ’ਤੇ ਕਬਜ਼ਾ ਕਰ ਕੇ ਆਪਣਾ ਆਰਥਿਕ ਪੱਖ ਮਜ਼ਬੂਤ ਕਰ ਲਿਆ ਸੀ। ਸੋਨੇ ਰਾਹੀਂ ਹੁੰਦੀ ਕਮਾਈ ਦਾ ਇਸਤੇਮਾਲ ਉਸ ਨੇ ਆਰਐੱਸਐੱਫ ਨੂੰ ਆਧੁਨਿਕ ਫੌਜੀ ਸਾਜ਼ੋ-ਸਮਾਨ ਨਾਲ ਲੈਸ ਕਰਨ ਲਈ ਵੀ ਵਰਤਿਆ।
2021 ਵਿਚ ਸੂਡਾਨ ਸਿਰ 60 ਅਰਬ ਅਮਰੀਕੀ ਡਾਲਰ ਕਰਜ਼ਾ ਸੀ ਜੋ ਉਦੋਂ ਸੂਡਾਨ ਦੀ ਕੁੱਲ ਘਰੇਲੂ ਪੈਦਾਵਾਰ ਦਾ 70 ਫੀਸਦੀ ਬਣਦਾ ਸੀ। ਇਹ ਸੰਕਟ 2021 ਦੇ ਅਖੀਰ ਤੱਕ ਹੋਰ ਡੁੂੰਘਾ ਹੁੰਦਾ ਗਿਆ। ਸੂਡਾਨ ਕਈ ਦਹਾਕਿਆਂ ਤੋਂ ਆਰਥਿਕ ਸੰਕਟ, ਆਰਥਿਕ ਧੀਮੇਪਨ ਦੇ ਲੰਮੇਰੇ ਦੌਰਾਨ ਤੋਂ ਪੀੜਤ ਰਿਹਾ ਹੈ। 2021 ਵਿਚ ਇਸ ਆਰਥਿਕ ਸਥਿਤੀ ਕਰ ਕੇ ਸੂਡਾਨ ਦੇ ਲੋਕਾਂ ਵਿਚ ਫੈਲੀ ਬੇਚੈਨੀ ਦਾ ਫਾਇਦਾ ਸੂਡਾਨ ਦੀ ਫੌਜ ਜਿਸ ਨੂੰ ਰੂਸੀ ਸਾਮਰਾਜ ਦਾ ਥਾਪੜਾ ਹਾਸਲ ਸੀ, ਨੇ ਚੁੱਕਿਆ ਤੇ ਸਰਮਾਏਦਾਰਾ ਜਮਹੂਰੀ ਸਰਕਾਰ ਦਾ ਤਖਤਾ ਪਲਟ ਕਰ ਦਿੱਤਾ। ਬਸ਼ੀਰ ਦੇ ਤਖਤਾ ਪਲਟ ਤੋਂ ਬਾਅਦ ਜੋ ਸਾਂਝੀ ਸਰਕਾਰ ਬਣੀ ਵੀ ਸੀ, ਅਸਲ ਵਿਚ ਉਹ ਕਹਿਣ ਨੂੰ ਹੀ ਸਾਂਝੀ ਸਿਵਲ ਅਤੇ ਫੌਜੀ ਸਰਕਾਰ ਸੀ ਪਰ ਇਸ ਦਾ ਕੁੱਲ ਕੰਟਰੋਲ ਫੌਜ ਕੋਲ ਹੀ ਸੀ। ਦੇਸ਼ ਦੀ ਲੱਗਭੱਗ 82 ਫੀਸਦੀ ਆਰਥਿਕਤਾ ਉੱਤੇ ਫੌਜ ਦੇ ਉੱਚ ਅਧਿਕਾਰੀਆਂ ਦਾ ਕੰਟਰੋਲ ਹੈ ਤੇ ਸੂਡਾਨ ਵਿਚ ਸੋਨੇ ਤੇ ਤੇਲ ਦੀਆਂ ਵੱਡੀਆਂ ਖਾਣਾਂ ਹਨ। ਇਸ ਸਾਲ ਦੇ ਫਰਵਰੀ ਮਹੀਨੇ ਮੌਜੂਦਾ ਸਰਕਾਰ ਨੇ ਰੂਸ ਨੂੰ ਲਾਲ ਸਾਗਰ ਵਿਚ ਆਪਣਾ ਸਮੁੰਦਰੀ ਫੌਜੀ ਅੱਡਾ ਬਣਾਉਣ ਦੀ ਮਨਜ਼ੂਰੀ ਦਿੱਤੀ ਜਿਸ ਦੇ ਤੁਰੰਤ ਬਾਅਦ ਰਾਜਧਾਨੀ ਖਾਰਤੂਮ ਤੋਂ ਅਮਰੀਕੀ ਦੂਤਘਰ ਨੇ ਚਿਤਾਵਨੀ ਦਿੱਤੀ ਕਿ ਜੇ ਇਹ ਰੂਸੀ ਫੌਜੀ ਅੱਡਾ ਬਣਿਆ ਤਾਂ ਇਸ ਦੇ ਸੂਡਾਨ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਆਪਣੇ ਇਸੇ ਏਜੰਡੇ ਨੂੰ ਸਾਧਣ ਲਈ ਅਮਰੀਕਾ ਨੇ ਆਰਐੱਸਐੱਫ, ਭਾਵ ਦਾਗਲੋ ਨੂੰ ਥਾਪੜਾ ਦਿੱਤਾ ਤੇ ਇਸ ਰਾਹੀਂ ਖੁੱਲ੍ਹੇ ਰੂਪ ਵਿਚ ਮੌਜੂਦਾ ਸਰਕਾਰ ਖਿਲਾਫ 15 ਅਪਰੈਲ ਨੂੰ ਹਥਿਆਰਬੰਦ ਲੜਾਈ ਲੜਨੀ ਸ਼ੁਰੂ ਕਰ ਦਿੱਤੀ। ਇਸੇ ਦਿਨ ਆਰਐੱਸਐੱਫ ਨੇ ਐਲਾਨ ਕੀਤਾ ਕਿ ਉਸ ਨੇ ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਰਾਸ਼ਟਰਪਤੀ ਭਵਨ, ਫੌਜੀ ਦਫਤਰ, ਟੈਲੀਫੋਨ ਭਵਨ ਆਦਿ ਉੱਪਰ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਸਿੱਧਮ-ਸਿੱਧੀ ਜੰਗ ਸ਼ੁਰੂ ਹੋਈ ਤੇ ਅਲ ਬੁਰਹਾਨ ਨੇ ਖਾਰਤੂਮ ਅਤੇ ਨਾਲ ਲੱਗਦੇ ਸ਼ਹਿਰਾਂ ਵਿਚ ਫੌਜ ਉਤਾਰ ਦਿੱਤੀ। ਹੁਣ ਇਹ ਲੜਾਈ ਲਗਾਤਾਰ ਸੂਡਾਨ ਦੇ ਹੋਰਾਂ ਸੂਬਿਆਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਜਾ ਰਹੀ ਹੈ। ਇਸ ਲੜਾਈ ਵਿਚ ਦੋਹਾਂ ਫੌਜੀ ਗੁੱਟਾਂ ਦੇ ਆਗੂਆਂ ਤੇ ਉਨ੍ਹਾਂ ਦੀ ਪਿੱਠ ਉੱਤੇ ਖੜੇ੍ਹ ਸਾਮਰਾਜੀਆਂ ਵਿਚੋਂ ਕਿਸੇ ਨੂੰ ਵੀ ਆਮ ਲੋਕਾਈ ਦੀ ਕੋਈ ਫਿਕਰ ਨਹੀਂ ਹੈ ਸਗੋਂ ਲੋਕਾਂ ਦੇ ਹੋ ਰਹੇ ਇਸ ਕਤਲੇਆਮ ਵਿਚੋਂ ਉਹ ਸਿਰਫ ਆਪਣੇ ਆਰਥਿਕ ਤੇ ਸਿਆਸੀ ਹਿੱਤ ਹੀ ਸਾਧਣਾ ਲੋਚਦੇ ਹਨ।
ਸੂਡਾਨ ਵਿਚਲੀ ਇਹ ਜੰਗ ਜੋ ਲੋਕਾਂ ਦੀਆਂ ਬੇਵਕਤੀ ਮੌਤਾਂ, ਉਜਾੜੇ, ਭੁੱਖਮਰੀ, ਗਰੀਬੀ ਦਾ ਸਬਬ ਬਣ ਰਹੀ ਹੈ, ਅਸਲ ਵਿਚ ਇਸ ਗਲ-ਸੜ ਰਹੇ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦਾ ਹੀ ਸਿੱਟਾ ਹੈ। ਇਸ ਪ੍ਰਬੰਧ ਦਾ ਖ਼ਾਤਮਾ ਹੀ ਲੋਕਾਂ ਦੀ ਮੁਕਤੀ ਦੀ ਇੱਕੋ-ਇੱਕ ਗਰੰਟੀ ਹੈ। ਆਪਣੇ ਉੱਤੇ ਪਈ ਇਸ ਅਲਾਮਤ ਤੋਂ ਛੁਟਕਾਰਾ ਪਾਉਣ ਲਈ ਸੂਡਾਨ ਦੇ ਲੋਕਾਂ ਨੂੰ ਆਪਣੇ ਜਥੇਬੰਦਕ ਘੋਲਾਂ ਉੱਤੇ ਟੇਕ ਰੱਖਣੀ ਪਵੇਗੀ।
ਸੰਪਰਕ: 85578-12341

Advertisement

Advertisement
Advertisement
Author Image

joginder kumar

View all posts

Advertisement