Sudan military plane crash: ਫੌਜੀ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 46 ਵਿਅਕਤੀਆਂ ਦੀ ਮੌਤ
ਕਾਹਿਰਾ, 26 ਫਰਵਰੀ
ਸੁਡਾਨ ਦੇ ਇੱਕ ਫੌਜੀ ਹਵਾਈ ਜਹਾਜ਼ ਦੇ ਓਮਦੁਰਮਾਨ ਸ਼ਹਿਰ ਵਿੱਚ ਹਾਦਸੇ ਦਾ ਸ਼ਿਕਾਰ ਹੋਣ ਦੇ ਕਾਰਨ ਘੱਟੋ-ਘੱਟ 46 ਵਿਅਕਤੀਆਂ ਦੀ ਮੌਤ ਹੋ ਗਈ ਹੈ। ਫੌਜ ਅਤੇ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਫੌਜ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ 'ਐਂਟੋਨੋਵ' ਜਹਾਜ਼ ਮੰਗਲਵਾਰ ਨੂੰ ਓਮਦੁਰਮਾਨ ਦੇ ਉੱਤਰ ਵਿੱਚ ਵਾਦੀ ਸੈਅਦਨਾ ਏਅਰਬੇਸ ਤੋਂ ਉੱਡਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਫੌਜ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਸੈਨਿਕ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ, ਪਰ ਉਨ੍ਹਾਂ ਮ੍ਰਿਤਕਾਂ ਦੀ ਸੰਖਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਫੌਜ ਨੇ ਹਾਲੇ ਇਹ ਵੀ ਨਹੀਂ ਦੱਸਿਆ ਕਿ ਹਾਦਸਾ ਕਿਉਂ ਵਾਪਰਿਆ।
ਉਧਰ ਪੀਟੀਆਈ ਦੀ ਇਕ ਰਿਪੋਰਟ ਅਨੁਸਾਰ ਸੁਡਾਨ ਦੇ ਅਧਿਕਾਰੀਆਂ ਦੇ ਕਹਿਣਾ ਹੈ ਕਿ ਹਾਦਸੇ ਵਿਚ ਘੱਟੋ-ਘੱਟ 46 ਲੋਕ ਮਰੇ ਹਨ।
ਜਾਣਕਾਰੀ ਅਨੁਸਾਰ ਸ਼ਹੀਦਾਂ ਨੂੰ ਓਮਦੁਰਮਾਨ ਦੇ ਨਾਊ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਹਸਪਤਾਲ ਵਿੱਚ ਦੋ ਬੱਚਿਆਂ ਸਮੇਤ ਜ਼ਖਮੀ ਪੰਜ ਆਮ ਨਾਗਰਿਕ ਵੀ ਦਾਖਲ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸੁਡਾਨ 2023 ਤੋਂ ਘਰੇਲੂ ਯੁੱਧ ਦੀ ਸਥਿਤੀ ਵਿੱਚ ਹੈ, ਜਦੋਂ ਫੌਜ ਅਤੇ ਅਰਧਸੈਨੀਕ ਸਮੂਹ 'ਰੈਪਿਡ ਸਪੋਰਟ ਫੋਰਸਜ਼' ਦੇ ਵਿਚਕਾਰ ਤਣਾਅ ਖੁੱਲ੍ਹੇ ਯੁੱਧ ਵਿੱਚ ਬਦਲ ਗਿਆ ਸੀ। ਏਪੀ/ਪੀਟੀਆਈ