ਸੁਚਿਰ ਬਾਲਾਜੀ ਦੇ ਮਾਪਿਆਂ ਨੇ ਪੁੱਤਰ ਦਾ ਕਤਲ ਹੋਣ ਦਾ ਦਾਅਵਾ ਕੀਤਾ
ਸਾਂ ਫਰਾਂਸਿਸਕੋ, 1 ਜਨਵਰੀ
ਭਾਰਤੀ-ਅਮਰੀਕੀ ਤਕਨੀਕੀ ਮਾਹਿਰ ਸੁਚਿਰ ਬਾਲਾਜੀ ਦੇ ਮਾਪਿਆਂ ਨੇ ਉਨ੍ਹਾਂ ਦੇ ਪੁੱਤਰ ਦੀ ਮੌਤ ਖ਼ੁਦਕੁਸ਼ੀ ਕਾਰਨ ਹੋਣ ਸਬੰਧੀ ਕੀਤੇ ਸਰਕਾਰੀ ਫ਼ੈਸਲੇ ਨੂੰ ਰੱਦ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਓਪਨਏਆਈ ਦੇ ਸਾਬਕਾ ਮੁਲਾਜ਼ਮ ਰਹੇ ਸੁਚਿਰ ਬਾਲਾਜੀ ਨੇ ਜਨਰੇਟਿਵ ਏਆਈ ਨਾਲ ਜੁੜੇ ਇਖਲਾਕੀ ਸਰੋਕਾਰਾਂ ਬਾਰੇ ਆਪਣੇ ਵਿਸਲਬੋਲਿੰਗ ਖੁਲਾਸਿਆਂ ਸਦਕਾ ਸੁਰਖੀਆਂ ਵਿੱਚ ਰਿਹਾ ਸੀ। ਭਾਰਤ ਦੇ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸੁਚਿਰ ਦੇ ਮਾਪਿਆਂ ਨੇ ਦਾਅਵਾ ਕੀਤਾ ਕਿ ਦੂਜੀ ਪੋਸਟਮਾਰਟਮ ਰਿਪੋਰਟ ਤੋਂ ਸੰਘਰਸ਼ ਦੇ ਸੰਕੇਤਾਂ ਬਾਰੇ ਪਤਾ ਲੱਗਦਾ ਹੈ, ਜਿਨ੍ਹਾਂ ਵਿੱਚ ਉਸ ਦੇ ਸਿਰ ਵਿੱਚ ਸੱਟ ਸ਼ਾਮਲ ਹੈ, ਜੋ ਮੈਡੀਕਲ ਐਗਜ਼ਾਮੀਨਰ ਦਫ਼ਤਰ ਵੱਲੋਂ ਦਿੱਤੇ ਗਏ ਖ਼ੁਦਕੁਸ਼ੀ ਦੇ ਦਾਅਵੇ ਦਾ ਖੰਡਨ ਕਰਦਾ ਹੈ। ਸੁਚਿਰ ਦੀ ਮਾਂ ਪੂਰਨਿਮਾ ਰਾਮਾਰਾਓ ਨੇ ਖ਼ੁਦਕੁਸ਼ੀ ਕਰਨ ਦੇ ਫ਼ੈਸਲੇ ’ਤੇ ਬੇਭਰੋਸਗੀ ਜ਼ਾਹਿਰ ਕੀਤੀ। -ਆਈਏਐੱਨਐੱਸ
ਮਾਮਲੇ ਦੀ ਐੱਫਬੀਆਈ ਜਾਂਚ ਦੀ ਮੰਗ
ਸੁਚਿਰ ਦੇ ਮਾਪਿਆਂ ਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਜਾਂਚ ਲਈ ਐੱਫਬੀਆਈ ਤੋਂ ਕਰਵਾਈ ਜਾਵੇ। ਪੂਰਨਿਮਾ ਨੇ ਭਾਰਤ ਸਰਕਾਰ ਨੂੰ ਵੀ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਐਲਨ ਮਸਕ ਦੇ ਸਮਰਥਨ ਦਾ ਵੀ ਧੰਨਵਾਦ ਕੀਤਾ ਪਰ ਕਿਹਾ ਕਿ ਉਨ੍ਹਾਂ ਨੇ ਮਸਕ ਤੱਕ ਪਹੁੰਚ ਨਹੀਂ ਕੀਤੀ।