ਸੁੱਚਾ ਸਿੰਘ ਕਲੇਰ ਦਾ ‘ਸਰਵੋਤਮ ਸਾਹਿਤਕਾਰ ਐਵਾਰਡ’ ਨਾਲ ਸਨਮਾਨ
ਹਰਦਮ ਮਾਨ
ਸਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨ ਆਪਣਾ ਸਾਲਾਨਾ ਸਮਾਗਮ ਸਰੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਦੇ ਕਾਲਮ ਨਵੀਸ, ਸਾਹਿਤਕਾਰ ਅਤੇ ਬਹੁਪੱਖੀ ਸ਼ਖ਼ਸੀਅਤ ਸੁੱਚਾ ਸਿੰਘ ਕਲੇਰ ਨੂੰ ਸਾਲ 2024 ਲਈ ‘ਸਰਵੋਤਮ ਸਾਹਿਤਕਾਰ ਐਵਾਰਡ’ ਨਾਲ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਰਾਏ ਅਜ਼ੀਜ਼ ਉਲਾ ਖਾਨ, ਅਜਮੇਰ ਰੋਡੇ ਅਤੇ ਹਰਪਾਲ ਸਿੰਘ ਬਰਾੜ ਨੇ ਕੀਤੀ। ਸਮਾਗਮ ਵਿੱਚ ਸਾਹਿਤਕ, ਸਮਾਜਿਕ ਅਤੇ ਕਾਰੋਬਾਰੀ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
ਸੁੱਚਾ ਸਿੰਘ ਕਲੇਰ ਦੇ ਜੀਵਨ, ਪੱਤਰਕਾਰੀ ਅਤੇ ਸਾਹਿਤਕ ਕਾਰਜ, ਪੰਜਾਬੀ ਬੋਲੀ ਅਤੇ ਸੱਭਿਆਚਾਰ ਲਈ ਕੀਤੇ ਉੱਦਮ ਅਤੇ ਪੰਜਾਬੀ ਭਾਈਚਾਰੇ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਾਹਿਤਕਾਰ ਹਰਚੰਦ ਸਿੰਘ ਬਾਗੜੀ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਦੇ ਦਿਲ ਅੰਦਰ ਪੰਜਾਬੀ ਭਾਈਚਾਰੇ ਦੀ ਪਛਾਣ ਅਤੇ ਤਰੱਕੀ ਲਈ ਅਥਾਹ ਜਜ਼ਬਾ ਹੈ। ਉਸ ਵੱਲੋਂ ਵੈਨਕੂਵਰ ਵਿੱਚ ਪੰਜਾਬੀ ਮਾਰਕੀਟ ਦੀ ਸਥਾਪਨਾ ਲਈ ਕੀਤੀ ਘਾਲਣਾ ਅਤੇ ਸੰਘਰਸ਼ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ।
ਬਲਦੇਵ ਸਿੰਘ ਬਾਠ ਨੇ ਸੁੱਚਾ ਸਿੰਘ ਕਲੇਰ ਨੂੰ ਬੇਹੱਦ ਸਬਰ ਸੰਤੋਖ ਅਤੇ ਠਰੰਮੇ ਦਾ ਮਾਲਕ ਦੱਸਦਿਆਂ ਕਿਹਾ ਕਿ ਉਸ ਨੇ ਅਨੇਕਾਂ ਕਾਰੋਬਾਰੀਆਂ ਨੂੰ ਯੋਗ ਅਗਵਾਈ ਪ੍ਰਦਾਨ ਕੀਤੀ ਹੈ। ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਲਈ ਲੰਮਾਂ ਸਮਾਂ ਸੇਵਾਵਾਂ ਦਿੱਤੀਆਂ ਹਨ ਅਤੇ ਉਸ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਅੱਜ ਇਹ ਸਭਾ ਮਾਣਮੱਤਾ ਸਥਾਨ ਹਾਸਲ ਕਰ ਚੁੱਕੀ ਹੈ। ਰਾਇ ਅਜ਼ੀਜ਼ ਉਲਾ ਖਾਨ ਨੇ ਸੁੱਚਾ ਸਿੰਘ ਕਲੇਰ ਵੱਲੋਂ ਪੰਜਾਬੀ ਭਾਈਚਾਰੇ ਲਈ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਉਸ ਨੂੰ ਸਨਮਾਨਿਤ ਕਰਨ ਦੇ ਕਾਰਜ ਨੂੰ ਸ਼ੁਭ ਕਦਮ ਦੱਸਿਆ।
ਸਾਬਕਾ ਮੰਤਰੀ ਦੇਵ ਹੇਅਰ ਨੇ ਸੁੱਚਾ ਸਿੰਘ ਕਲੇਰ ਨਾਲ ਆਪਣੇ ਸਬੰਧਾਂ ਦੀ ਗੱਲ ਕੀਤੀ ਅਤੇ ਉਸ ਵੱਲੋਂ ਭਾਈਚਾਰੇ ਲਈ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਪ੍ਰੋਫੈਸਰ ਕਸ਼ਮੀਰਾ ਸਿੰਘ, ਮੋਤਾ ਸਿੰਘ ਝੀਤਾ, ਸੁਰਜੀਤ ਸਿੰਘ ਮਾਧੋਪੁਰੀ, ਹਰਪਾਲ ਸਿੰਘ ਬਰਾੜ, ਕਵਿੰਦਰ ਚਾਂਦ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਪਰਮਿੰਦਰ ਸਵੈਚ, ਅਜਮੇਰ ਰੋਡੇ, ਸੁਰਜੀਤ ਕਲਸੀ, ਜੋਗਿੰਦਰ ਸਿੰਘ ਸੁੰਨੜ, ਹਰਜਿੰਦਰ ਸਿੰਘ ਠਾਣਾ, ਪਲਵਿੰਦਰ ਸਿੰਘ ਰੰਧਾਵਾ ਅਤੇ ਹਰਜੀਤ ਕੌਰ ਢਿੱਲੋਂ ਨੇ ਉਸ ਦੀ ਸ਼ਖ਼ਸੀਅਤ ਦੇ ਵੱਖ ਵੱਖ ਪਹਿਲੂਆਂ ’ਤੇ ਚਾਨਣਾ ਪਾਇਆ। ਸੁੱਚਾ ਸਿੰਘ ਕਲੇਰ ਨੇ ਕਿਹਾ ਕਿ ਇਹ ਸਨਮਾਨ ਸਮੁੱਚੇ ਭਾਈਚਾਰੇ ਵੱਲੋਂ ਮਿਲੇ ਸਹਿਯੋਗ, ਪਿਆਰ, ਸਤਿਕਾਰ ਦਾ ਪ੍ਰਤੀਕ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦਾ ਜੋ ਬੂਟਾ ਉਨ੍ਹਾਂ ਨੇ ਆਪਣੇ ਹੱਥੀਂ ਲਾਇਆ ਸੀ, ਅੱਜ ਉਹ ਇੱਕ ਸੰਘਣਾ ਰੁੱਖ ਬਣ ਚੁੱਕਾ ਹੈ ਅਤੇ ਅੱਜ ਅਸੀਂ ਉਸ ਦੀ ਸੰਘਣੀ ਛਾਂ ਮਾਣ ਰਹੇ ਹਾਂ।
ਸ਼ਹੀਦਾਂ ਦੀ ਯਾਦ ਵਿੱਚ ਸਮਾਗਮ
ਸਰੀ: ਤਰਕਸ਼ੀਲ ਸੁਸਾਇਟੀ ਕੈਨੇਡਾ ਅਤੇ ਈਸਟ ਇੰਡੀਆ ਡੀਫੈਂਸ ਕਮੇਟੀ ਵੱਲੋਂ 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਅਵਤਾਰ ਪਾਸ਼ ਦਾ ਸ਼ਹੀਦੀ ਦਿਵਸ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਮਨਾਇਆ। ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਇਤਿਹਾਸਕਾਰ ਸੋਹਨ ਪੂੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਆਪਣੇ ਛੋਟੇ ਜਿਹੇ ਸਿਆਸੀ ਜੀਵਨ ਵਿੱਚ ਭਾਰਤ ਦੀ ਜੰਗੇ-ਆਜ਼ਾਦੀ ਲਈ ਕੀਤੇ ਲਾ-ਮਿਸਾਲ ਕਾਰਨਾਮਿਆਂ ਸਦਕਾ ਉਸ ਦਾ ਨਾਮ ਵਿਸ਼ਵ ਦੇ ਸਿਰਕੱਢ ਇਨਕਲਾਬੀਆਂ ਵਿੱਚ ਸ਼ੁਮਾਰ ਹੁੰਦਾ ਹੈ। ਮਹਾਤਮਾ ਗਾਂਧੀ, ਨਹਿਰੂ ਅਤੇ ਜਿਨਾਹ ਨੂੰ ਪੂਰਨ ਆਜ਼ਾਦੀ ਦੀ ਮੰਗ ਕਰਨ ਲਈ ਭਗਤ ਸਿੰਘ ਅਤੇ ਬੀਕੇ ਦੱਤ ਦੇ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਕਾਰਵਾਈ ਨੇ ਮਜਬੂਰ ਕੀਤਾ। ਇਸ ਤੋਂ ਪਹਿਲਾਂ ਉਹ ਵੱਧ ਅਧਿਕਾਰਾਂ ਅਤੇ ਖ਼ੁਦ-ਮੁਖ਼ਤਿਆਰੀ ਦੀ ਮੰਗ ਤੱਕ ਸੀਮਤ ਸਨ। ਸਮਾਜਵਾਦ ਦਾ ਸੰਕਲਪ ਵੀ ਭਾਰਤ ਵਿੱਚ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਿਆਂਦਾ ਸੀ।
ਡਾ. ਸਾਧੂ ਬਿਨਿੰਗ ਨੇ ਸ਼ਹੀਦ ਭਗਤ ਸਿੰਘ ਦੀ ਤੀਖਣ ਇਨਕਲਾਬੀ ਸਮਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਕੂਲ ਵਿੱਚ ਪੜ੍ਹਦਿਆਂ ਹੀ ਉਸ ਵੱਲੋਂ ਬੋਲੀ ਨੂੰ ਲੈ ਕੇ ਲਿਖਿਆ ਲੇਖ ਕਮਾਲ ਦਾ ਹੈ। ਬਾਅਦ ਵਿੱਚ ਜੇਲ੍ਹ ਵਿੱਚ ‘ਮੈਂ ਨਾਸਤਿਕ ਕਿਉਂ ਹਾਂ’ ਉਸ ਦੀ ਦਲੀਲ ਭਰਪੂਰ ਲੇਖਣੀ ਦੀ ਸਿਖਰ ਹੈ। ਉਸ ਨੇ ਡਾ. ਹਰਜੋਤ ਓਬਰਾਏ ਦੇ ਅੰਗਰੇਜ਼ੀ ਵਿੱਚ ਲਿਖੇ ਲੇਖ ਦਾ ਹਵਾਲਾ ਦਿੱਤਾ, ਜਿਸ ਵਿੱਚ ਸ਼ਹੀਦ ਭਗਤ ਸਿੰਘ ਵੱਲੋਂ ਪੜ੍ਹੇ ਗਏ ਕਮਿਊਨਿਸਟ ਅਤੇ ਵਿਸ਼ਵ ਦੇ ਕਲਾਸਕੀ ਸਾਹਿਤ ਦਾ ਜ਼ਿਕਰ ਹੈ। ਸਾਧੂ ਬਿਨਿੰਗ ਨੇ ਭਾਰਤ ਵਿੱਚ ਸਿਰ ਚੁੱਕ ਰਹੇ ਫਾਸ਼ੀਵਾਦੀ ਰੁਝਾਨ ਅਤੇ ਧਾਰਮਿਕ ਕੱਟੜਤਾ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਇਨ੍ਹਾਂ ਵਿਰੁੱਧ ਲੜਾਈ ਲੜਨ ਲਈ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਤੋਂ ਸੇਧ ਲੈਣ ਦੀ ਗੱਲ ਕੀਤੀ।
ਈਸਟ ਇੰਡੀਆ ਡੀਫੈਂਸ ਕਮੇਟੀ ਦੇ ਜਨਰਲ ਸਕੱਤਰ ਕਿਰਪਾਲ ਬੈਂਸ ਨੇ ਕਿਹਾ ਕਿ ਭਗਤ ਸਿੰਘ ਨੇ ਲੁੱਟ ਖੋਹ ਵਾਲੇ ਰਾਜਤੰਤਰ ਨੂੰ ਨਹਿਸ ਕਰਕੇ ਸਮਾਜਵਾਦ ਦੀ ਉਸਾਰੀ ਦਾ ਨਾਅਰਾ ਬੁਲੰਦ ਕੀਤਾ। ਭਗਤ ਸਿੰਘ ਨੇ ਸਮਾਜਵਾਦ ਦੀ ਉਸਾਰੀ ਲਈ ਜਨਤਕ ਜਥੇਬੰਦੀਆਂ ਬਣਾਉਣ ਅਤੇ ਜਮਾਤੀ ਸੰਘਰਸ਼ ਨੂੰ ਪ੍ਰਚੰਡ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਕਿਰਪਾਲ ਬੈਂਸ ਨੇ ਪਾਸ਼ ਦੀ ਕਵਿਤਾ ‘ਤੂਫਾਨਾਂ ਕਦੇ ਮਾਤ ਨਹੀਂ ਖਾਧੀ’ ਪੜ੍ਹ ਕੇ ਅਵਤਾਰ ਪਾਸ਼ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਤਰਕਸ਼ੀਲ ਸੁਸਾਇਟੀ ਸਰੀ-ਵੈਨਕੂਵਰ ਦੇ ਜਨਰਲ ਸਕੱਤਰ ਗੁਰਮੇਲ ਗਿੱਲ ਨੇ ਸ਼ਹੀਦ ਭਗਤ ਸਿੰਘ ਨੂੰ ਭਾਰਤ ਵਿੱਚ ਤਰਕਸ਼ੀਲ ਲਹਿਰ ਦਾ ਮੋਢੀ ਕਰਾਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤਰਕਸ਼ੀਲ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਤਰਕਸ਼ੀਲ ਸੁਸਾਇਟੀ ਸਰੀ-ਵੈਨਕੂਵਰ ਦੇ ਪ੍ਰਧਾਨ ਜਸਵਿੰਦਰ ਹੇਅਰ ਨੇ ਪਾਸ਼ ਦਾ ਗੀਤ ‘ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ- ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ’ ਤਰੰਨੁਮ ਵਿੱਚ ਪੇਸ਼ ਕਰਦਿਆਂ ਕਿਹਾ ਕਿ ਪਾਸ਼ ਨੇ ਨਾ ਸਿਰਫ਼ ਉੱਚਪਾਏ ਦੀ ਇਨਕਲਾਬੀ ਕਵਿਤਾ ਤੇ ਗੀਤਾਂ ਦੀ ਰਚਨਾ ਹੀ ਕੀਤੀ, ਸਗੋਂ ਉਸ ਨੇ ਵਾਰਤਕ ਅਤੇ ਤਾਰਾ ਵਿਗਿਆਨ ਬਾਰੇ ਲਿਖਤਾਂ ਨਾਲ ਜੋਤਿਸ਼ ਵਿਦਿਆ ਦੇ ਦਾਅਵਿਆਂ ਨੂੰ ਝੂਠ ਸਾਬਤ ਕੀਤਾ।
ਇੰਜ. ਸਤਵੰਤ ਦੀਪਕ ਨੇ ਪਾਸ਼ ਦੀ ਭਗਤ ਸਿੰਘ ਬਾਰੇ ਲਿਖਤ ਦਾ ਹਵਾਲਾ ਦਿੱਤਾ, ਜਿਸ ਵਿੱਚ ਪਾਸ਼ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਣ ਦੀ ਗੱਲ ਕਰਦਾ ਹੈ। ਸੁਖਵੰਤ ਹੁੰਦਲ ਨੇ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਨਵੀਨਤਮ ਮਾਸ-ਮੀਡੀਆ ਜੁਗਤਾਂ ਦੀ ਮਦਦ ਨਾਲ ਹੋਰ ਵਧੇਰੇ ਲੋਕਾਂ ਤੱਕ ਪਹੁੰਚਾਉਣ ਦਾ ਸੁਝਾਅ ਦਿੱਤਾ। ਮੰਚ ਸੰਚਾਲਨ ਤਰਕਸ਼ੀਲ ਸੁਸਾਇਟੀ ਐਬਟਸਫੋਰਡ-ਮਿਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਚਾਹਲ ਨੇ ਨਿਭਾਇਆ।
ਸੰਪਰਕ: +1 604 308 6663