ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਲੋਕਤੰਤਰ ਦੇ ਏਦਾਂ ਦੇ ਕਿੱਸੇ, ਜੋ ਵਿੱਸਰ ਗਏ ਹੀ ਠੀਕ ਨੇ

08:16 AM Aug 23, 2020 IST

ਇਸ ਹਫ਼ਤੇ ਹੋਈ ਇੱਕ ਨਿਯੁਕਤੀ ਨੇ ਬਹੁਤੇ ਲੋਕਾਂ ਦਾ ਧਿਆਨ ਨਹੀਂ ਖਿੱਚਿਆ। ਜਿਨ੍ਹਾਂ ਦਾ ਖਿੱਚਿਆ ਹੈ, ਉਨ੍ਹਾਂ ਨੇ ਖ਼ਬਰ ਪੜ੍ਹੀ ਤੇ ਪੜ੍ਹ ਕੇ ਛੱਡ ਦਿੱਤੀ, ਇਸ ਪਿੱਛੇ ਲੁਕੀ ਹੋਈ ਕਹਾਣੀ ਵੱਲ ਧਿਆਨ ਨਹੀਂ ਦਿੱਤਾ। ਜਿਹੜੇ ਲੋਕ ਇਸ ਪਿੱਛੇ ਲੁਕੀ ਕਹਾਣੀ ਜਾਣਦੇ ਸਨ, ਉਹ ਵੀ ਸਿਰਫ਼ ਇੱਕ ਕਹਾਣੀ ਸਮਝ ਕੇ ਗੱਲ ਤਿਲ੍ਹਕਾਉਣ ਤੱਕ ਸੀਮਤ ਹੋ ਗਏ, ਇਸ ਪਿੱਛੇ ਲੁਕੀ ਹੋਈ ਕਹਾਣੀਆਂ ਦੀ ਲੜੀ ਨੂੰ ਸਮਝਣ ਜਾਂ ਯਾਦ ਕਰਨ ਦੀ ਲੋੜ ਨਹੀਂ ਸਮਝ ਸਕੇ। ਭਾਰਤ ਦੇ ਚੋਣ ਕਮਿਸ਼ਨ ਦੇ ਇੱਕ ਮੈਂਬਰ ਅਸ਼ੋਕ ਲਵਾਸਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਮੀਤ ਪ੍ਰਧਾਨ ਦੇ ਅਹੁਦੇ ਲਈ ਨਿਯੁਕਤ ਕਰ ਦਿੱਤੇ ਗਏ ਹਨ। ਇਹ ਸਾਧਾਰਨ ਜਾਪਦੀ ਨਿਯੁਕਤੀ ਏਨੀ ਸਾਧਾਰਨ ਨਹੀਂ ਸੀ। ਜਿਵੇਂ ਪਹਿਲਾਂ ਕਿਹਾ ਹੈ ਕਿ ਕਹਾਣੀ ਨੂੰ ਪੜ੍ਹਿਆ ਜਾਂਦਾ ਹੈ, ਕਹਾਣੀ ਦੇ ਪਿੱਛੇ ਕਹਾਣੀਆਂ ਦੀ ਲੜੀ ਭੁਲਾ ਦਿੱਤੀ ਜਾਂਦੀ ਹੈ, ਇਸ ਅਫ਼ਸਰ ਦੀ ਇਹ ਨਿਯੁਕਤੀ ਵੀ ਇੱਕ ਨਿਯੁਕਤੀ ਨਹੀਂ, ਕਹਾਣੀਆਂ ਦੀ ਕਹਾਣੀ ਦਾ ਇੱਕ ਕਾਂਡ ਹੋ ਸਕਦੀ ਹੈ।

Advertisement

ਨਿਤੀਸ਼ ਕੁਮਾਰ

ਖ਼ਬਰਾਂ ਨਾਲ ਵਾਹ ਰੱਖਣ ਵਾਲੇ ਜਾਂ ਇਸ ਖੇਤਰ ਤੋਂ ਬਾਹਰਲੇ, ਪਰ ਦੇਸ਼ ਦੀ ਲੋਕਤੰਤਰੀ ਹਲਚਲ ਨੂੰ ਵੇਖਣ ਅਤੇ ਯਾਦ ਰੱਖਣ ਵਾਲੇ ਲੋਕਾਂ ਨੂੰ ਪਿਛਲੇ ਸਾਲ ਦੀਆਂ ਘਟਨਾਵਾਂ ਦਾ ਚੇਤਾ ਹੋ ਸਕਦਾ ਹੈ। ਪਿਛਲੇ ਸਾਲ ਲੋਕ ਸਭਾ ਚੋਣਾਂ ਦੇ ਸਮੇਂ ਇੱਕ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਹੋਈਆਂ ਅਤੇ ਇਨ੍ਹਾਂ ਸ਼ਿਕਾਇਤਾਂ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਦੋ ਥਾਈਂ ਵੰਡਿਆ ਗਿਆ ਸੀ। ਮੁੱਖ ਚੋਣ ਕਮਿਸ਼ਨਰ ਤੇ ਤੀਸਰਾ ਚੋਣ ਕਮਿਸ਼ਨਰ ਇਹ ਕਹਿੰਦੇ ਸਨ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਖ਼ਿਲਾਫ਼ ਕੋਈ ਕੇਸ ਹੀ ਨਹੀਂ ਬਣਦਾ ਅਤੇ ਅਸ਼ੋਕ ਲਵਾਸਾ ਕਹਿੰਦਾ ਸੀ ਕਿ ਕੇਸ ਬਣਦਾ ਹੈ। ਉਸ ਨੇ ਦੋਵਾਂ ਦੀ ਰਾਇ ਮੰਨੇ ਜਾਣ ਮੌਕੇ ਆਪਣੀ ਵੱਖਰੀ ਰਾਇ ਦਰਜ ਕਰਨ ਨੂੰ ਕਿਹਾ ਤਾਂ ਉਹ ਵੀ ਦਰਜ ਨਹੀਂ ਸੀ ਕੀਤੀ ਗਈ। ਅਗਲੇ ਦਨਿਾਂ ਵਿੱਚ ਖ਼ਬਰਾਂ ਸੁਣਨ ਲੱਗ ਪਈਆਂ ਕਿ ਅਸ਼ੋਕ ਲਵਾਸਾ ਦੀ ਪਤਨੀ ਖ਼ਿਲਾਫ਼ ਇਨਕਮ ਟੈਕਸ ਦਾ ਇੱਕ ਕੇਸ ਨਿਕਲ ਆਇਆ ਹੈ। ਬਾਅਦ ਵਿੱਚ ਉਸ ਇਨਕਮ ਟੈਕਸ ਕੇਸ ਵਿੱਚ ਕੀ ਹੋਇਆ, ਇਹ ਵੀ ਕਿਸੇ ਨੂੰ ਪਤਾ ਨਹੀਂ ਤੇ ਚੋਣ ਕਮਿਸ਼ਨ ਵਿੱਚ ਆਪਣੀ ਵੱਖਰੀ ਰਾਇ ਦਰਜ ਕਰਾਉਣ ਲਈ ਡਟਣ ਤੋਂ ਬਾਅਦ ਲਵਾਸਾ ਨੇ ਕੀ ਕੀਤਾ ਜਾਂ ਇਸ ਕੇਸ ਦਾ ਕੀ ਹੋਇਆ, ਇਹ ਵੀ ਕਿਸੇ ਨੂੰ ਪਤਾ ਨਹੀਂ। ਅਚਾਨਕ ਖ਼ਬਰ ਆਈ ਹੈ ਕਿ ਅਸ਼ੋਕ ਲਵਾਸਾ ਨੂੰ ਏਸ਼ੀਅਨ ਡਿਵੈਲਪਮੈਂਟ ਬੋਰਡ ਦਾ ਮੀਤ ਪ੍ਰਧਾਨ ਲਾਇਆ ਗਿਆ ਹੈ, ਪਰ ਨਿਯੁਕਤੀ ਦੇ ਪਿੱਛੇ ਕੋਈ ਕਹਾਣੀ ਵੀ ਛੁਪੀ ਹੋਈ ਹੈ ਕਿ ਨਹੀਂ, ਇਸ ਬਾਰੇ ਕੋਈ ਗੱਲ ਨਹੀਂ ਸੁਣੀ। ਸੁਣਨੀ ਵੀ ਨਹੀਂ ਚਾਹੀਦੀ।

Advertisement

ਕਹਾਣੀਆਂ ਦੀ ਲੜੀ ਦਾ ਇੱਕ ਕੁੰਡਾ ਜਨਵਰੀ 2018 ਦਾ ਚੇਤਾ ਕਰਵਾਉਂਦਾ ਹੈ, ਜਦੋਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਆਪਣੇ ਚੀਫ ਜਸਟਿਸ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ ਅਤੇ ਦੁਨੀਆ ਭਰ ਵਿੱਚ ਇਸ ਲਈ ਰੌਲਾ ਪੈ ਗਿਆ ਸੀ ਕਿ ਪਹਿਲਾਂ ਕਦੇ ਏਦਾਂ ਹੋਇਆ ਨਹੀਂ। ਜਸਟਿਸ ਰੰਜਨ ਗੋਗੋਈ ਉਨ੍ਹਾਂ ਚਾਰ ਜੱਜਾਂ ਵਿੱਚੋਂ ਇੱਕ ਸੀ। ਉਸ ਦੇ ਫ਼ੈਸਲੇ ਕੇਂਦਰ ਦੀ ਸਰਕਾਰ ਨੂੰ ਕਈ ਵਾਰੀ ਕੁੜੱਤਣ ਦਾ ਅਹਿਸਾਸ ਕਰਾਉਣ ਵਾਲੇ ਜਾਪਦੇ ਸਨ। ਫਿਰ ਗੋਗੋਈ ਪਰਿਵਾਰ ਦੇ ਇੱਕ ਮੈਂਬਰ ਖ਼ਿਲਾਫ਼ ਕੁਝ ਕੇਸਾਂ ਦੀ ਚਰਚਾ ਛਿੜ ਗਈ ਤੇ ਇਸ ਤੋਂ ਬਾਅਦ ਰਿਟਾਇਰਮੈਂਟ ਨੇੜੇ ਜਾ ਕੇ ਉਨ੍ਹਾਂ ਦੇ ਕੁਝ ਫ਼ੈਸਲਿਆਂ ਵਿੱਚ ਨਰਮੀ ਹੋਣ ਦੀ ਚਰਚਾ ਚੱਲ ਪਈ। ਫਿਰ ਉਹ ਰਿਟਾਇਰ ਹੋ ਗਏ। ਅਚਾਨਕ ਉਨ੍ਹਾਂ ਨੂੰ ਪਾਰਲੀਮੈਂਟ ਦੇ ਉਤਲੇ ਸਦਨ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਨ ਦੀ ਖ਼ਬਰ ਆ ਗਈ। ਇਸ ਖ਼ਬਰ ਨੇ ਵੀ ਕੁਝ ਚਰਚਾ ਜਿਹੀ ਛੇੜੀ ਸੀ। ਇਹ ਖ਼ਬਰ ਵੀ ਉਨ੍ਹਾਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੋ ਸਕਦੀ ਹੈ ਜਿਹੜੀਆਂ ਸਮੇਂ ਦੇ ਨਾਲ ਵਿੱਸਰ ਜਾਂਦੀਆਂ ਹਨ।

ਚੰਦਰਬਾਬੂ ਨਾਇਡੂ

ਬਿਹਾਰ ਦਾ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦਾ ਆਗੂ ਨਿਤੀਸ਼ ਕੁਮਾਰ ਇੱਕ ਵਕਤ ਗੁਜਰਾਤ ਦੇ ਮੁੱਖ ਮਤਰੀ ਨਰਿੰਦਰ ਮੋਦੀ ਦਾ ਕੱਟੜ ਵਿਰੋਧੀ ਕਿਹਾ ਜਾਂਦਾ ਸੀ। ਉਸ ਦੇ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਜਦੋਂ ਦੇਸ਼ ਪੱਧਰ ਦੀ ਇੱਕ ਮੀਟਿੰਗ ਰੱਖੀ ਤਾਂ ਉਸ ਨੇ ਸਾਰੀ ਲੀਡਰਸ਼ਿਪ ਨੂੰ ਰਾਤ ਦੇ ਖਾਣੇ ਦਾ ਸੱਦਾ ਦਿੱਤਾ ਸੀ। ਅਚਾਨਕ ਗੁਜਰਾਤ ਦੀ ਸਰਕਾਰ ਨੇ ਬਿਹਾਰ ਵਿੱਚ ਚੱਲੇ ਆਪਣੇ ਮੁੱਖ ਮੰਤਰੀ ਦੀ ਸ਼ੋਭਾ ਕਰਨ ਵਾਲੇ ਇਸ਼ਤਿਹਾਰ ਬਿਹਾਰ ਦੇ ਅਖ਼ਬਾਰਾਂ ਵਿੱਚ ਛਪਵਾ ਦਿੱਤੇ। ਨਿਤੀਸ਼ ਕੁਮਾਰ ਇਸ ਤੋਂ ਭੜਕ ਪਿਆ ਤੇ ਭਾਜਪਾ ਲੀਡਰਸ਼ਿਪ ਦਾ ਡਿਨਰ ਦਾ ਸੱਦਾ ਵੀ ਰੋਕ ਲਿਆ। ਫਿਰ ਉਹ ਨਰਿੰਦਰ ਮੋਦੀ ਦੇ ਵਿਰੋਧ ਦਾ ਪ੍ਰਤੀਕ ਬਣ ਗਿਆ ਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਵਿਰੋਧੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਲੜਿਆ ਅਤੇ ਧੌਂਸ ਨਾਲ ਮੁੜ ਕੇ ਮੁੱਖ ਮੰਤਰੀ ਬਣ ਗਿਆ। ਅਚਾਨਕ ਛੇ ਮਹੀਨੇ ਬਾਅਦ ਇੱਕ ਦਿਨ ਉਹ ਦਿੱਲੀ ਵਿੱਚ ਕੌਮੀ ਪਾਰਟੀਆਂ ਦੀ ਮੀਟਿੰਗ ਵੱਲ ਗਿਆ, ਪਰ ਉੱਥੇ ਪੁੱਜਣ ਦੀ ਥਾਂ ਪ੍ਰਧਾਨ ਮੰਤਰੀ ਦੇ ਘਰ ਲੰਚ ਖਾਣ ਪੁੱਜ ਗਿਆ। ਕਹਿੰਦੇ ਹਨ ਕਿ ਇਸ ਦੇ ਪਿੱਛੇ ਵੀ ਕੋਈ ਖ਼ਾਸ ਕਹਾਣੀ ਸੀ, ਜਿਸ ਦੇ ਦਬਾਅ ਹੇਠ ਅਗਲੇ ਦਿਨੀਂ ਉਸ ਨੇ ਪੁਰਾਣੇ ਸਾਥੀ ਛੱਡੇ ਅਤੇ ਉਨ੍ਹਾਂ ਦੇ ਵਜ਼ੀਰਾਂ ਨੂੰ ਕੱਢ ਕੇ ਭਾਜਪਾ ਵਜ਼ੀਰ ਲੈ ਲਏ ਸਨ। ਫਿਰ ਇਹ ਕਹਾਣੀ ਵੀ ਵਿੱਸਰ ਗਈ।

ਜਵਾਨੀ ਵੇਲੇ ਦੇ ਤਿੰਨ ਮਿੱਤਰ ਕਿਸੇ ਸਮੇਂ ਭਾਜਪਾ ਵਿੱਚ ਬੜੇ ਚਰਚਿਤ ਹੁੰਦੇ ਸਨ। ਇੱਕ ਸਮੇਂ ਮੁੰਬਈ ਦੇ ਜਲਸੇ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨੂੰ ਸੱਦਿਆ ਗਿਆ ਤਾਂ ਉਸ ਨੇ ਕਹਿ ਦਿੱਤਾ ਕਿ ਫਲਾਣਾ ਬੰਦਾ ਪਾਰਟੀ ਅਤੇ ਆਰ.ਐੱਸ.ਐੱਸ. ਵਿੱਚੋਂ ਕੱਢਿਆ ਜਾਵੇ ਤਾਂ ਆਵਾਂਗਾ, ਵਰਨਾ ਨਹੀਂ ਆਉਣਾ। ਸਾਰਾ ਦਿਨ ਖਿੱਚੋਤਾਣ ਦੇ ਬਾਅਦ ਉਸ ਲੀਡਰ ਤੋਂ ਇਹ ਲਿਖਵਾਇਆ ਗਿਆ ਕਿ ਉਹ ਖ਼ੁਦ ਹੀ ਅਹੁਦਾ ਛੱਡ ਰਿਹਾ ਹੈ। ਇਹ ਖ਼ਬਰ ਆਉਣ ਤੋਂ ਮਸਾਂ ਦੋ ਘੰਟੇ ਪਿੱਛੋਂ ਗੁਜਰਾਤ ਦੇ ਮੁੱਖ ਮੰਤਰੀ ਦਾ ਜਹਾਜ਼ ਉੱਥੇ ਪਹੁੰਚ ਗਿਆ ਸੀ। ਉਸ ਦੇ ਆਉਣ ਤੋਂ ਪਹਿਲਾਂ ਹੀ ਜਲਸਾ ਕਰਨ ਵਾਲੇ ਆਗੂਆਂ ਨੇ ਉਚੇਚ ਨਾਲ ਇਹ ਐਲਾਨ ਕਰ ਦਿੱਤਾ ਸੀ ਕਿ ਸਾਹਿਬ ਆ ਰਹੇ ਹਨ। ਜਵਾਨੀ ਵੇਲੇ ਦੇ ਤੀਸਰੇ ਸੱਜਣ ਦੀ ਇੱਕ ਵਕਤ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਤੂਤੀ ਬੋਲਦੀ ਹੁੰਦੀ ਸੀ। ਇਸੇ ਭਰਮ ਵਿੱਚ ਉਹ ਵਿਗਾੜ ਪਾ ਬੈਠਾ ਅਤੇ ਫਿਰ ਉਸ ਨੂੰ ਇਸ ਪ੍ਰੀਸ਼ਦ ਵਿੱਚੋਂ ਨਿਕਲਣਾ ਪਿਆ ਸੀ, ਪਰ ਅੱਗੋਂ ਕੀ ਹੋਇਆ, ਪਤਾ ਨਹੀਂ। ਉਂਜ ਇਹ ਵੀ ਇੱਕ ਕਹਾਣੀ ਹੈ।

ਆਂਧਰਾ ਪ੍ਰਦੇਸ਼ ਦੇ ਤੇਲਗੂ ਦੇਸਮ ਵਾਲੇ ਚੰਦਰਬਾਬੂ ਨਾਇਡੂ ਦਾ ਭਾਜਪਾ ਨਾਲ ਸਮਝੌਤਾ ਹੋ ਗਿਆ। ਆਪਣੇ ਰਾਜ ਦੇ ਚੌਥੇ ਸਾਲ ਵਿੱਚ ਉਸ ਦੇ ਸੰਬੰਧ ਭਾਜਪਾ ਲੀਡਰਸ਼ਿਪ ਨਾਲ ਵਿਗੜ ਗਏ। ਉਸ ਦੀ ਪਾਰਟੀ ਦੇ ਰਾਜ ਸਭਾ ਵਿਚਲੇ ਇੱਕ ਮੈਂਬਰ ਬਾਰੇ ਚਿਰਾਂ ਤੋਂ ਰੌਲਾ ਪੈਂਦਾ ਸੀ ਕਿ ਉਸ ਖ਼ਿਲਾਫ਼ ਕੇਂਦਰ ਸਰਕਾਰ ਦੇ ਇੱਕ ਬੈਂਕ ਨਾਲ ਐਨੇ ਕਰੋੜ ਦਾ ਘਪਲਾ ਕਰਨ ਦਾ ਕੇਸ ਚੱਲਦਾ ਹੈ, ਪਰ ਉਸ ਖ਼ਿਲਾਫ਼ ਕਾਰਵਾਈ ਨਹੀਂ ਸੀ ਹੋਈ। ਸੰਬੰਧ ਵਿਗੜਨ ਪਿੱਛੋਂ ਭਾਜਪਾ ਦੇ ਬੁਲਾਰੇ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਇਸ ਦੀ ਸ਼ਿਕਾਇਤ ਭੇਜੀ ਕਿ ਰਾਜ ਸਭਾ ਮੈਂਬਰ ਇੱਕ ਕੇਂਦਰੀ ਬੈਂਕ ਨਾਲ ਧੋਖਾਧੜੀ ਕਰਨ ਦਾ ਦੋਸ਼ੀ ਹੈ, ਇਸ ਦੀ ਜਾਂਚ ਕਰਾਈ ਜਾਵੇ। ਅਗਲੇ ਹਫ਼ਤੇ ਤੇਲਗੂ ਦੇਸਮ ਪਾਰਟੀ ਦੇ ਰਾਜ ਸਭਾ ਵਿਚਲੇ ਦੋ ਤਿਹਾਈ ਦੇ ਕਰੀਬ ਮੈਂਬਰ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਜਾਂਚ ਦੀ ਚਿੱਠੀ ਠੱਪ ਹੋ ਗਈ। ਸ਼ਾਇਦ ਇਹ ਵੀ ਇੱਕ ਏਦਾਂ ਦੀ ਕਹਾਣੀ ਹੈ ਜਿਹੜੀ ਲੋਕਾਂ ਦੇ ਚੇਤੇ ਵਿੱਚੋਂ ਨਿਕਲ ਗਈ ਹੋ ਸਕਦੀ ਹੈ।

ਬਹੁਤ ਸਾਰੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਇਹ ਵੀ ਹੈ ਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਕਤ ਇੱਕ ਕਲਾਕਾਰ ਬੀਬੀ ਹਿਮਾਚਲ ਪ੍ਰਦੇਸ਼ ਵਿੱਚ ਛੁੱਟੀਆਂ ਕੱਟਣ ਗਏ ਵਾਜਪਾਈ ਨੂੰ ਮਿਲਣ ਗਈ। ਬਾਹਰ ਨਿਕਲ ਕੇ ਉਸ ਬੀਬੀ ਨੇ ਪ੍ਰੈੱਸ ਕਾਨਫਰੰਸ ਕੀਤੀ ਤੇ ਇਹ ਕਿਹਾ ਸੀ ਕਿ ਗੁਜਰਾਤ ਦੇ ਦੰਗਿਆਂ ਲਈ ਨਰਿੰਦਰ ਮੋਦੀ ਅਸਤੀਫ਼ਾ ਦੇਵੇ ਤੇ ਜੇ ਉਸ ਨੇ ਅਸਤੀਫ਼ਾ ਨਾ ਦਿੱਤਾ ਤਾਂ ਮੈਂ ਮਰਨ ਵਰਤ ਰੱਖ ਦਿਆਂਗੀ। ਅਗਲੇ ਦਿਨ ਉਹ ਮਹਾਰਾਸ਼ਟਰ ਵਿੱਚ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਨੂੰ ਉੱਥੋਂ ਬਾਹਰ ਸੱਦ ਕੇ ਇੱਕ ਕਾਗਜ਼ ਫੜਾਇਆ ਅਤੇ ਕੈਮਰੇ ਮੂਹਰੇ ਪੜ੍ਹਵਾਇਆ ਗਿਆ ਕਿ ਉਸ ਤੋਂ ਗ਼ਲਤ ਗੱਲਾਂ ਕਹੀਆਂ ਗਈਆਂ ਹਨ, ਜਿਨ੍ਹਾਂ ਦੀ ਉਹ ਖਿਮਾ ਯਾਚਨਾ ਕਰਦੀ ਹੈ। ਇਸ ਦੇ ਬਾਅਦ ਉਹ ਬੀਬੀ ਭਾਜਪਾ ਵਿੱਚ ਬਹੁਤ ਤੇਜ਼ੀ ਨਾਲ ਉੱਭਰੀ ਅਤੇ ਅੱਜ ਤੱਕ ਉਹ ਉਭਾਰ ਜਾਰੀ ਹੈ। ਇਹ ਵੀ ਇੱਕ ਕਹਾਣੀ ਹੈ, ਪਰ ਇੱਕੋ-ਇੱਕ ਨਹੀਂ। ਏਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਹੜੀਆਂ ਵਿੱਸਰ ਜਾਂਦੀਆਂ ਹਨ।

ਏਦਾਂ ਦੀਆਂ ਕਈ ਹੋਰ ਕਹਾਣੀਆਂ ਵੀ ਹਨ, ਜਿਨ੍ਹਾਂ ਦਾ ਇੱਕ ਕਹਾਣੀ ਸੰਗ੍ਰਹਿ ਛਾਪਣ ਵਾਸਤੇ ਕੋਈ ਤਿਆਰ ਹੋਵੇ ਤਾਂ ਭਾਰਤੀ ਲੋਕਤੰਤਰ ਦੀ ਇੱਕ ਦਿਲਸਚਪ ਦਾਸਤਾਂ ਹੋ ਸਕਦੀ ਹੈ। ਉਂਜ ਜ਼ਿਆਦਾ ਠੀਕ ਇਹ ਹੈ ਕਿ ਏਦਾਂ ਦੇ ਕਿੱਸੇ ਤੇ ਕਹਾਣੀਆਂ ਨੂੰ ਵਿੱਸਰਿਆ ਰਹਿਣ ਦਿੱਤਾ ਜਾਵੇ। ਕੁਝ ਗੱਲਾਂ ਭੁੱਲ ਜਾਣਾ ਠੀਕ ਹੁੰਦਾ ਹੈ। ਭਾਰਤੀ ਲੋਕਤੰਤਰ ਜਿਹੜੇ ਤਰੱਕੀ ਦੇ ਮਾਰਗ ਉੱਤੇ ਵਧਦਾ ਜਾ ਰਿਹਾ ਹੈ, ਉੱਥੇ ਉਂਜ ਵੀ ਏਦਾਂ ਦੀ ਕਹਾਣੀਆਂ ਦਾ ਕੋਈ ਮਤਲਬ ਨਹੀਂ ਨਿਕਲਦਾ।

ਸੰਪਰਕ: 98140-68455

* ਲੇਖਕ ਸੀਨੀਅਰ ਪੱਤਰਕਾਰ ਹੈ।

Advertisement
Tags :
ਏਦਾਂਕਿੱਸੇ,ਭਾਰਤੀਲੋਕਤੰਤਰਵਿੱਸਰ