ਕਿਧਰੇ ਵੀ ਲਿਜਾਣ ਦੇ ਸਮਰੱਥ ਟੈਂਕ ਵਿਰੋਧੀ ਮਿਜ਼ਾਈਲ ਪ੍ਰਣਾਲੀ ਦਾ ਸਫ਼ਲ ਪਰੀਖਣ
ਨਵੀਂ ਦਿੱਲੀ, 14 ਅਪਰੈਲ
ਭਾਰਤੀ ਫ਼ੌਜ ਨੇ ਆਸਾਨੀ ਨਾਲ ਕਿਧਰੇ ਵੀ ਲਿਜਾਣ ਅਤੇ ਕਿਤੋਂ ਵੀ ਦੁਸ਼ਮਣ ਦੇ ਟੈਂਕ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਆਪਣੇ ਦੇਸ਼ ਵਿੱਚ ਬਣੀ ‘ਮੈਨ ਪੋਰਟੇਬਲ ਐਂਟੀ-ਟੈਂਕ ਗਾਈਡਿਡ ਮਿਜ਼ਾਈਲ’ (ਐੱਮਪੀਏਟੀਜੀਐੱਮ) ਹਥਿਆਰ ਪ੍ਰਣਾਲੀ ਦਾ ਸਫ਼ਲ ਪਰੀਖਣ ਕੀਤਾ ਹੈ, ਜਿਸ ਨਾਲ ਉਸ ਨੂੰ ਫ਼ੌਜ ਦੀ ਆਰਮਰੀ (ਹਥਿਆਰਾਂ ਦੇ ਜ਼ਖੀਰੇ) ਵਿੱਚ ਸ਼ਾਮਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਹਥਿਆਰ ਪ੍ਰਣਾਲੀ ਨੂੰ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਨੇ ਵਿਕਸਤ ਕੀਤਾ ਹੈ। ਇਸ ਪ੍ਰਣਾਲੀ ਵਿੱਚ ਐੱਮਪੀਏਜਟੀਜੀਐੱਮ, ਲਾਂਚਰ, ਟੀਚਾ ਪ੍ਰਾਪਤੀ ਉਪਕਰਨ ਅਤੇ ਇਕ ਅਗਨੀ ਕੰਟਰੋਲ ਯੂਨਿਟ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਣਾਲੀ ਦੇ ਸਫ਼ਲ ਪਰੀਖਣ ਲਈ ਡੀਆਰਡੀਓ ਅਤੇ ਭਾਰਤੀ ਫ਼ੌਜ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਆਧੁਨਿਕ ਤਕਨਾਲੋਜੀ ਆਧਾਰਿਤ ਰੱਖਿਆ ਪ੍ਰਣਾਲੀ ਦੇ ਵਿਕਾਸ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਵੱਲ ਇਕ ਅਹਿਮ ਕਦਮ ਦੱਸਿਆ। ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਉੱਚ ਉੱਤਮਤਾ ਦੇ ਨਾਲ ਤਕਨਾਲੋਜੀ ਨੂੰ ਸਾਬਿਤ ਕਰਨ ਦੇ ਉਦੇਸ਼ ਨਾਲ ਐੱਮਪੀਏਟੀਜੀਐੱਮ ਹਥਿਆਰ ਪ੍ਰਣਾਲੀ ਦਾ ਕਈ ਵਾਰ ਵੱਖ-ਵੱਖ ਉਡਾਣ ਸੰਰਚਨਾਵਾਂ ਵਿੱਚ ਮੁਲਾਂਕਣ ਕੀਤਾ ਗਿਆ ਹੈ। ਉਸ ਨੇ ਕਿਹਾ, ‘‘ਇਸ ਹਥਿਆਰ ਪ੍ਰਣਾਲੀ ਦਾ 13 ਅਪਰੈਲ ਨੂੰ ਪੋਖਰਨ ਫੀਲਡ ਫਾਇਰਿੰਗ ਰੇਂਜ ਵਿੱਚ ਸਫ਼ਲ ਪਰੀਖਣ ਕੀਤਾ ਗਿਆ। ਮਿਜ਼ਾਈਲ ਦਾ ਪ੍ਰਦਰਸ਼ਨ ਜ਼ਿਕਰਯੋਗ ਪਾਇਆ ਗਿਆ ਹੈ।’’ -ਪੀਟੀਆਈ