ਭਾਰਤ ਵੱਲੋਂ ਰੁਦਰ ਮਿਜ਼ਾਈਲ ਦੀ ਸਫਲ ਅਜ਼ਮਾਇਸ਼
06:53 AM May 30, 2024 IST
ਨਵੀਂ ਦਿੱਲੀ, 29 ਮਈ
ਭਾਰਤ ਨੇ ਅੱਜ ਉੜੀਸਾ ਦੇ ਸਾਹਿਲ ’ਤੇ ਹਵਾਈ ਸੈਨਾ ਦੇ ਜੰਗੀ ਜਹਾਜ਼ ਐੱਸਯੂ-30 ਰਾਹੀਂ ਹਵਾ ਤੋਂ ਧਰਤੀ ’ਤੇ ਮਾਰ ਕਰਨ ਵਾਲੀ ਰੁਦਰ ਐੱਮ-II ਮਿਜ਼ਾਈਲ ਦਾ ਸਫਲ ਪਰੀਖਣ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਰੀਖਣ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ ਗਿਆ ਹੈ। ਰੁਦਰ ਐੱਮ-II ਦੇਸ਼ ਵਿੱਚ ਵਿਕਸਤ ਮਿਜ਼ਾਈਲ ਪ੍ਰਣਾਲੀ ਹੈ। ਇਹ ਪ੍ਰਣਾਲੀ ਦੁਸ਼ਮਣ ਦੇ ਵੱਖ-ਵੱਖ ਅਸਾਸਿਆਂ ਨੂੰ ਤਬਾਹ ਕਰਨ ਲਈ ਹਵਾ ਤੋਂ ਧਰਤੀ ’ਤੇ ਮਾਰ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਡੀਆਰਡੀਓ ਨੇ 29 ਮਈ ਨੂੰ ਸਵੇਰੇ 11.30 ਵਜੇ ਉੜੀਸਾ ਦੇ ਤੱਟ ’ਤੇ ਰੁਦਰ ਐੱਮ-II ਦੀ ਸਫਲ ਅਜ਼ਮਾਇਸ਼ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੁਦਰ ਐੱਮ-II ਦੇ ਸਫਲ ਪਰੀਖਣ ’ਤੇ ਡੀਆਰਡੀਓ, ਹਵਾਈ ਸੈਨਾ ਅਤੇ ਰੱਖਿਆ ਉਦਯੋਗ ਨੂੰ ਵਧਾਈ ਦਿੱਤੀ ਹੈ। -ਪੀਟੀਆਈ
Advertisement
Advertisement