For the best experience, open
https://m.punjabitribuneonline.com
on your mobile browser.
Advertisement

ਯੂਟੀ ਦੇ ਬਾਹਰੋਂ ਇਲੈਕਟ੍ਰਿਕ ਵਾਹਨ ਖਰੀਦਣ ’ਤੇ ਵੀ ਮਿਲੇਗੀ ਸਬਸਿਡੀ

08:41 AM Jul 05, 2023 IST
ਯੂਟੀ ਦੇ ਬਾਹਰੋਂ ਇਲੈਕਟ੍ਰਿਕ ਵਾਹਨ ਖਰੀਦਣ ’ਤੇ ਵੀ ਮਿਲੇਗੀ ਸਬਸਿਡੀ
ਟਿਲੈਕਟ੍ਰਿਕ ਵਾਹਨਾਂ ਲਈ ਸੈਕਟਰ-31 ’ਚ ਸਥਾਪਿਤ ਕੀਤਾ ਗਿਆ ਚਾਰਜਿੰਗ ਸਟੇਸ਼ਨ। ਫੋਟੋ: ਪ੍ਰਦੀਪ ਤਿਵਾਡ਼ੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 4 ਜੁਲਾਈ
ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਵਸਨੀਕਾਂ ਵੱਲੋਂ ਯੂਟੀ ਦੇ ਬਾਹਰੋਂ ਇਲੈਕਟ੍ਰਿਕ ਵਹੀਕਲ ਦੀ ਖਰੀਦਣ ’ਤੇ ਸਬਸਿਡੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਲੰਘੇ ਦਿਨ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਅਗਵਾਈ ਹੇਠ ਇਲੈਕਟ੍ਰਿਕ ਵਹੀਕਲ ਪਾਲਸੀ-2022 ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਬਾਹਰੋਂ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਸੀ।
ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਤਕਨੀਕ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਵਸਨੀਕ ਤੇ ਬਾਹਰੀ ਸੂਬਿਆਂ ਤੋਂ ਆ ਕੇ ਚੰਡੀਗੜ੍ਹ ’ਚ ਆਰਜ਼ੀ ਤੌਰ ’ਤੇ ਰਹਿਣ ਵਾਲੇ ਵੱਡੀ ਗਿਣਤੀ ਵਿੱਚ ਲੋਕ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕਰ ਰਹੇ ਹਨ। ਉਹ ਆਪਣੇ ਵਾਹਨਾਂ ਨੂੰ ਚੰਡੀਗੜ੍ਹ ਵਿੱਚ ਰਜਿਸਟਰ ਕਰਵਾ ਰਹੇ ਹਨ ਪਰ ਸ਼ਹਿਰ ਦੇ ਬਾਹਰੋਂ ਵਾਹਨ ਖਰੀਦਣ ਵਾਲੇ ਨੂੰ ਸਬਸਿਡੀ ਨਹੀਂ ਮਿਲਦੀ ਸੀ।
ਉਨ੍ਹਾਂ ਕਿਹਾ ਕਿ ਪਾਲਸੀ ਅਨੁਸਾਰ ਵਾਹਨ ਨੂੰ ਚੰਡੀਗੜ੍ਹ ਵਿੱਚੋਂ ਖਰੀਦਣਾ ਤੇ ਰਜਿਸਟਰ ਕਰਵਾਉਣਾ ਦੋਵੇਂ ਲਾਜ਼ਮੀ ਸੀ। ਪਰ ਲੰਘੇ ਦਿਨ ਪਾਲਸੀ ਦੀ ਸਮੀਖਿਆ ਮੀਟਿੰਗ ਵਿੱਚ ਚੰਡੀਗੜ੍ਹ ਦੇ ਬਾਹਰੋਂ ਵਾਹਨ ਖਰੀਦ ਕੇ ਯੂਟੀ ’ਚ ਇਲੈਕਟ੍ਰਿਕ ਵਹੀਕਲ ਰਜਿਸਟਰ ਕਰਵਾਉਣ ਵਾਲੇ ਨੂੰ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ।
ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਹੀਕਲ ਪਾਲਸੀ-2022 ਤਹਿਤ ਇਲੈਕਟ੍ਰਿਕ ਵਹੀਕਲ ਦੀ ਰਜਿਸਟਰੇਸ਼ਨ ਫੀਸ ਤੇ ਰੋਡ ਟੈਕਸ ’ਚ ਪੂਰੀ ਛੋਟ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਯੂਟੀ ਨੇ ਪਾਲਿਸੀ ਦੀ ਮਿਆਦ ਦੌਰਾਨ ਸਾਰੀਆਂ ਸ਼੍ਰੇਣੀਆਂ ਦੇ ਈ-ਵਾਹਨਾਂ ਦੇ ਪਹਿਲੇ 42,000 ਖਰੀਦਦਾਰਾਂ ਲਈ 3,000 ਰੁਪਏ ਤੋਂ 2 ਲੱਖ ਰੁਪਏ ਤੱਕ ਸਬਸਿਡੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਈ-ਸਾਈਕਲ ਦੀ ਖਰੀਦ ਲਈ 2,000 ਰੁਪਏ ਦਾ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇਗੀ।
ਯੂਟੀ ਪ੍ਰਸ਼ਾਸਨ ਵੱਲੋਂ ਗੈਰ-ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਵਿੱਚ ਢਿੱਲ ਦੇਣ ਤੋਂ ਇਕ ਦਿਨ ਬਾਅਦ ਯੂਟੀ ਟਰਾਂਸਪੋਰਟ ਵਿਭਾਗ ਨੇ ਇਸ ਵਿੱਤੀ ਸਾਲ ’ਚ ਰਜਿਸਟਰ ਕੀਤੇ ਜਾਣ ਵਾਲੇ ਅਜਿਹੇ ਵਾਹਨਾਂ ਦੇ ਅੰਕੜੇ ਤਿਆਰ ਕੀਤੇ ਹਨ। ਟਰਾਂਸਪੋਰਟ ਡਾਇਰੈਕਟਰ ਪ੍ਰਦੁੱਮਣ ਸਿੰਘ ਨੇ ਕਿਹਾ ਕਿ ਸੰਸ਼ੋਧਨ ਤੋਂ ਬਾਅਦ ਹੁਣ 2023-24 ਵਿੱਤੀ ਸਾਲ ਵਿੱਚ ਸ਼ਹਿਰ ਵਿੱਚ 15,507 ਪੈਟਰੋਲ ਤੇ ਡੀਜ਼ਲ ਅਧਾਰਤ ਦੋ ਪਹੀਆ ਵਾਹਨ ਰਜਿਸਟਰ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਵਿੱਤੀ ਸਾਲ ’ਚ ਸਿਰਫ 6,202 ਗੈਰ-ਇਲੈਕਟ੍ਰਿਕ ਦੋਪਹੀਆ ਵਾਹਨ ਹੀ ਰਜਿਸਟਰਡ ਹੋ ਸਕੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 1 ਅਪ੍ਰੈਲ ਤੋਂ 28 ਜੂਨ ਤੱਕ 5500 ਗੈਰ-ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×