ਸਹਾਰਾ ਗਰੁੱਪ ਦੇ ਬਾਨੀ ਸੁਬ੍ਰਤਾ ਰੌਏ ਦਾ ਲਖਨਊ ’ਚ ਸਸਕਾਰ
ਲਖਨਊ, 16 ਨਵੰਬਰ
ਸਹਾਰਾ ਗਰੁੱਪ ਦੇ ਮੁਖੀ ਸੁਬ੍ਰਤਾ ਰੌਏ(75) ਦਾ ਅੱਜ ਇਥੇ ਗੋਮਤੀ ਨਦੀ ਦੇ ਕੰਢੇ ਬੈਕੁੁੰਠ ਧਾਮ ਵਿੱਚ ਸਸਕਾਰ ਕੀਤਾ ਗਿਆ। ਸਹਾਰਾ ਇੰਡੀਆ ਦੇ ਬਾਨੀ ਰੌਏ ਦਾ ਮੰਗਲਵਾਰ ਦੇਰ ਰਾਤ ਦੇਹਾਂਤ ਹੋ ਗਿਆ ਸੀ। ਗੋਮਤੀ ਨਗਰ ਸਥਿਤ ਸਹਾਰਾ ਸ਼ਹਿਰ ਤੋਂ ਜਲੂਸ ਦੀ ਸ਼ਕਲ ਵਿੱਚ ਉਨ੍ਹਾਂ ਦੀ ਦੇਹ ਨੂੰ ਬੈਕੁੰਠ ਧਾਮ ਲਜਿਾਇਆ ਗਿਆ, ਜਿੱਥੇ ਸਹਾਰਾ ਸਮੂਹ ਦੇ ਮੁਲਾਜ਼ਮਾਂ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
ਪਰਿਵਾਰਕ ਸੂਤਰਾਂ ਮੁਤਾਬਕ ਅੰਤਿਮ ਰਸਮਾਂ ਮੌਕੇ ਰੌਏ ਦੇ ਪੁੱਤਰ ਮੌਜੂਦ ਨਹੀਂ ਸਨ, ਜਿਸ ਕਰਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ 16 ਸਾਲਾ ਪੋਤਰੇ ਹਿਮਾਂਕ ਰੌਏ ਨੇ ਦਿਖਾਈ। ਇਸ ਮੌਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਕਾਂਗਰਸ ਆਗੂ ਪ੍ਰਮੋਦ ਤਿਵਾੜੀ ਅਤੇ ਅਦਾਕਾਰ ਤੇ ਕਾਂਗਰਸ ਆਗੂ ਰਾਜ ਬੱਬਰ ਮੌਜੂਦ ਸਨ।
ਰੌਏ ਦੀ ਮੰਗਲਵਾਰ ਨੂੰ ਮੁੰਬਈ ਦੇ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ।
ਉਨ੍ਹਾਂ ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਮੁੰਬਈ ਤੋਂ ਲਖਨਊ ਲਿਆਂਦੀ ਗਈ ਸੀ। ਦੇਹ ਨੂੰ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਇਥੇ ਸਹਾਰਾ ਸ਼ਹਿਰ ਵਿੱਚ ਰੱਖਿਆ ਗਿਆ ਸੀ।
ਯਾਦਵ ਨੇ ਰੌਏ ਦੀ ਮੌਤ ਨੂੰ ‘ਉੱਤਰ ਪ੍ਰਦੇਸ਼ ਤੇ ਦੇਸ਼ ਲਈ ਵੱਡਾ ਘਾਟਾ ਦੱਸਿਆ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਰੌਏ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਸੀ। ਰੌਏ ਦਾ ਮੰਗਲਵਾਰ ਨੂੰ ਰਾਤ ਸਾਢੇ ਦਸ ਦੇ ਕਰੀਬ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਸਣੇ ਹੋਰ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ 12 ਨਵੰਬਰ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਰੌਏ ਨੇ 1978 ਵਿੱਚ ਸਹਾਰਾ ਇੰਡੀਆ ਪਰਿਵਾਰ ਦੀ ਸਥਾਪਨਾ ਕੀਤੀ ਸੀ ਤੇ ਉਨ੍ਹਾਂ ਅੰਬੀ ਵੈਲੀ ਸਣੇ ਕਈ ਕਾਰੋਬਾਰ ਚਲਾਏ। ਫਰਵਰੀ 2014 ਵਿੱਚ ਸੁਪਰੀਮ ਕੋਰਟ ਨੇ ਮਾਰਕੀਟ ਰੈਗੂਲੇਟਰ ਸੇਬੀ ਨਾਲ ਵਿਵਾਦ ਕੇਸ ਵਿੱਚ ਪੇਸ਼ੀ ਤੋਂ ਖੁੰਝਣ ਕਰਕੇ ਰੌਏ ਨੂੰ ਹਿਰਾਸਤ ’ਚ ਲੈਣ ਦੇ ਹੁਕਮ ਦਿੱਤੇ ਸਨ। ਰੌਏ ਇਸ ਵੇਲੇ ਜ਼ਮਾਨਤ ’ਤੇ ਸੀ। ਕੋਰਟ ਨੇ ਰੌਏ ਨੂੰ ਨਿਵੇਸ਼ਕਾਂ ਦਾ 24000 ਕਰੋੜ ਰੁਪਿਆ ਸੇਬੀ ਕੋਲ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਸੀ। -ਪੀਟੀਆਈ