ਠੇਕਾ ਹਟਾਉਣ ਲਈ ਮੰਗ ਪੱਤਰ ਸੌਂਪਿਆ
ਪੱਤਰ ਪ੍ਰੇਰਕ
ਰਤੀਆ, 26 ਜੁਲਾਈ
ਇਨਕਲਾਬੀ ਨੌਜਵਾਨ ਸਭਾ ਦੇ ਮੈਂਬਰਾਂ ਨੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪ ਕੇ ਬੀਐੱਸਐੱਨਐੱਲ ਦਫ਼ਤਰ ਪਿੱਛੇ ਸਥਿਤ ਪਾਰਕ ਦੇ ਆਸ ਪਾਸ ਸਫ਼ਾਈ ਕਰਵਾਉਣ, ਸ਼ਰਾਰਤੀ ਅਨਸਰਾਂ ’ਤੇ ਰੋਕ ਲਾਉਣ ਅਤੇ ਸ਼ਰਾਬ ਦਾ ਠੇਕਾ ਹਟਾਉਣ ਦੀ ਮੰਗ ਕੀਤੀ ਹੈ। ਸਭਾ ਦੇ ਬੱਬੂ ਰਤੀਆ, ਗੁਰਪ੍ਰੀਤ ਗੋਪੀ, ਸੋਨੂੰ ਨਾਪਾ, ਰਾਜ ਕੁਮਾਰ, ਸੁਭਾਸ਼ ਨਾਪਾ, ਸੱਤਪਾਲ, ਰੋਸ਼ਨ ਕੱਲੂ ਰਾਮ ਸਮੇਤ ਰਾਮਨਗਰ ਕਾਲੋਨੀ ਵਾਸੀਆਂ ਨੇ ਕਿਹਾ ਕਿ ਬੀਐੱਸਐੱਨਐੱਲ ਦਫ਼ਤਰ ਦੇ ਪਾਰਕ ਵਿੱਚ ਲੋਕ ਰੋਜ਼ਾਨਾ ਯੋਗ ਅਤੇ ਸੈਰ ਕਰਨ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪਾਰਕ ਕੋਲ ਹੀ ਸ਼ਰਾਬ ਦਾ ਠੇਕਾ ਹੈ, ਜਿਸ ਕਾਰਨ ਉਥੇ ਹਮੇਸ਼ਾ ਨਸ਼ੇੜੀ ਤੇ ਸ਼ਰਾਰਤੀ ਅਨਸਰਾਂ ਦੀ ਭੀੜ ਰਹਿੰਦੀ ਹੈ। ਇਸ ਨਾਲ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਾਰਕ ਅੰਦਰ ਅਤੇ ਆਸ ਪਾਸ ਗੰਦਗੀ ਦਾ ਆਲਮ ਬਣਿਆ ਹੋਇਆ ਹੈ। ਜਿਸ ਨਾਲ ਉਥੇ ਖੇਡਣ ਆਉਣ ਵਾਲੇ ਬੱਚਿਆਂ ਅਤੇ ਹੋਰ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪ ਕੇ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ।