ਕਿਸਾਨੀ ਮੰਗਾਂ ਦੇ ਹੱਕ ’ਚ ਮੁੱਖ ਮੰਤਰੀ ਦੇ ਨਾਂ ਪੱਤਰ ਸੌਂਪਿਆ
ਬੀਰਬਲ ਰਿਸ਼ੀ
ਧੂਰੀ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਕਿਸਾਨੀ ਮੰਗਾਂ ਦੇ ਹੱਕ ’ਚ ਅੱਜ ਇਥੇ ਸਥਿਤ ਮੁੱਖ ਮੰਤਰੀ ਦਫ਼ਤਰ ਕੈਂਪ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੂੰ ਮੁੱਖ ਮੰਤਰੀ ਦੇ ਨਾਂ ਪੱਤਰ ਸੌਂਪਿਆ ਗਿਆ। ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਰਾਜੇਵਾਲ ਦੇ ਬਲਾਕ ਆਗੂ ਗੁਰਜੀਤ ਸਿੰਘ ਭੜੀ ਨੇ ਦੱਸਿਆ ਕਿ ਝੋਨਾ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਿਆ ਹੈ ਪਰ ਸਰਕਾਰ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮੰਡੀ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿੱਚ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਕਣਕ ਦੀ ਬਿਜਾਈ ਸ਼ੁਰੂ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਕੋ-ਆਪਰੇਟਿਵ ਸੁਸਾਇਟੀਆਂ ਵਿੱਚ ਹਾਲੇ ਡੀਏਪੀ ਦੀ ਬਹੁਤ ਵੱਡੀ ਘਾਟ ਰੜਕ ਰਹੀ ਹੈ। ਉਨ੍ਹਾਂ ਪਰਾਲੀ ਪ੍ਰਬੰਧਨ ਸਬੰਧੀ ਕਿਹਾ ਕਿ ਲੋਕ ਜਾਗਰਿਤੀ ਦੇ ਨਾਲ-ਨਾਲ ਛੋਟੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦਾ ਇੰਤਜ਼ਾਮ ਕਰਕੇ ਦਿੱਤਾ ਜਾਵੇ। ਆਗੂਆਂ ਨੇ ਉਕਤ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ।
ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਜਾਰੀ
ਧੂਰੀ (ਪੱਤਰ ਪ੍ਰੇਰਕ): ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਦੀ ਹੜਤਾਲ ਦੇ ਪੰਜਵੇਂ ਦਿਨ ਅੱਜ ਮਾਰਕੀਟ ਕਮੇਟੀ ਧੂਰੀ ਦੇ ਦਫ਼ਤਰ ਅੱਗੇ ਆੜ੍ਹਤੀਆਂ ਨੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆੜ੍ਹਤੀਏ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਕੇ ਸਰਕਾਰ ਤੁਰੰਤ ਅਮਲੀਰੂਪ ਵਿੱਚ ਲਾਗੂ ਕਰੇ ਅਤੇ ਅਜਿਹਾ ਨਾ ਕਰਨ ’ਤੇ ਆੜ੍ਹਤੀਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।