ਸੁਭਾਸ਼ ਚੰਦਰ ਬੋਸ: ਜੀਵਨ ਅਤੇ ਵਿਚਾਰਧਾਰਾ
ਡਾ. ਹਰਕੀਰਤ ਸਿੰਘ
ਇਤਿਹਾਸ
ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ (ਉੜੀਸਾ) ਵਿੱਚ ਹੋਇਆ। ਉਹ ਪੜ੍ਹੇ ਲਿਖੇ ਅਤੇ ਅਮੀਰ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਜਨਕੀ ਨਾਥ ਬੋਸ ਇੱਕ ਵਕੀਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਨੇਤਾ ਸਨ। ਸੁਭਾਸ਼ ਚੰਦਰ ਬੋਸ ਨੇ ਮੁੱਢਲੀ ਸਿੱਖਿਆ ਕਟਕ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ ਸੀ। 1913 ਵਿੱਚ ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਅਤੇ 1915 ਵਿੱਚ ਇੰਟਰਮੀਡੀਏਟ ਪ੍ਰੀਖਿਆ ਵਜ਼ੀਫੇ ਨਾਲ ਪਾਸ ਕੀਤੀ। 1919 ਵਿੱਚ ਬੋਸ ਨੇ ਦਰਸ਼ਨ ਅਤੇ ਇਤਿਹਾਸ ਵਿਸ਼ੇ ਨਾਲ ਪਹਿਲੇ ਦਰਜੇ ਵਿੱਚ ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਉਨ੍ਹਾਂ ਨੇ ਵੱਕਾਰੀ ‘ਰਜਿੰਦਰ ਪ੍ਰਸਾਦ ਸਕਾਲਰਸ਼ਿਪ’ ਲਈ। 1920 ਵਿੱਚ ਬੋਸ ਨੇ ਇੰਡੀਅਨ ਸਿਵਿਲ ਸਰਵਿਸਿਜ਼ (ਆਈ.ਸੀ.ਐੱਸ.) ਦਾ ਇਮਤਿਹਾਨ ਪਾਸ ਕੀਤਾ। 1920-21 ਦੌਰਾਨ ਉਨ੍ਹਾਂ ਨੇ ਆਪਣੇ ਭਰਾ ਸਰਤ ਚੰਦਰ ਬੋਸ ਅਤੇ ਪਿਤਾ ਨੂੰ ਕਈ ਪੱਤਰ ਲਿਖੇ ਜਿਸ ਵਿੱਚ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਲਈ ਲਿਖਿਆ। ਇਸ ਲਈ 23 ਅਪਰੈਲ 1921 ਨੂੰ ਉਹ ਆਪਣੀ ਆਈ.ਸੀ.ਐੱਸ. ਦੀ ਟ੍ਰੇਨਿੰਗ ਵਿਚਕਾਰ ਛੱਡ ਕੇ ਹਿੰਦੋਸਤਾਨ ਵਾਪਸ ਆ ਕੇ ਮਹਾਤਮਾ ਗਾਂਧੀ ਨੂੰ ਮਿਲੇ। ਗਾਂਧੀ ਨੇ ਬੋਸ ਨੂੰ ਬੰਗਾਲ ਵਿੱਚ ਸੀ.ਆਰ. ਦਾਸ ਦਾ ਸਾਥ ਦੇਣ ਲਈ ਕਿਹਾ। ਬੋਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ‘ਫਾਰਵਰਡ’ ਅਖ਼ਬਾਰ ਦੇ ਸੰਪਾਦਕ ਬਣ ਕੇ ਕੀਤੀ। ਉਹ 26 ਸਾਲ ਦੀ ਉਮਰ ਵਿੱਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਬਣੇ। ਇਸ ਸਮੇਂ ਦੌਰਾਨ ਸਿਆਸੀ ਸਰਗਰਮੀਆਂ ਕਾਰਨ ਬਰਤਾਨਵੀ ਸਰਕਾਰ ਨੇ ਉਹਨਾਂ ਨੂੰ ਦੋ ਸਾਲ ਲਈ ਬਰਮਾ (ਹੁਣ ਮਿਆਂਮਾਰ) ਦੀ ਮਾਂਡਲੇ ਜੇਲ੍ਹ ਵਿੱਚ ਕੈਦ ਰੱਖਿਆ ਗਿਆ। 1927 ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਣ ਉਪਰੰਤ ਉਨ੍ਹਾਂ ਨੂੰ ਬੰਗਾਲ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। 1938 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਇਸ ਸਮੇਂ ਤੱਕ ਸੰਪੂਰਨ ਸਵਰਾਜ ਦੀ ਪ੍ਰਾਪਤੀ ਲਈ ਤਰੀਕਿਆਂ ਬਾਰੇ ਦੋ ਵਿਚਾਰਧਾਰਾਵਾਂ ਉੱਭਰੀਆਂ: ਇੱਕ ਅਹਿੰਸਾ ਰਾਹੀਂ ਜਿਸ ਦੀ ਅਗਵਾਈ ਮਹਾਤਮਾ ਗਾਂਧੀ ਕਰ ਰਹੇ ਸਨ ਅਤੇ ਦੂਸਰੀ ਇਨਕਲਾਬੀ ਜਿਸ ਦੀ ਹਮਾਇਤ ਬੋਸ ਕਰ ਰਹੇ ਸਨ। 1939 ਵਿੱਚ ਮਹਾਤਮਾ ਗਾਂਧੀ ਚਾਹੁੰਦੇ ਸਨ ਕਿ ਕਾਂਗਰਸ ਦਾ ਪ੍ਰਧਾਨ ਬੋਸ ਦੀ ਥਾਂ ਕੋਈ ਹੋਰ ਬਣੇ, ਪਰ 1939 ਦੀ ਚੋਣ ਵਿੱਚ ਉਹ ਗਾਂਧੀ ਦੇ ਉਮੀਦਵਾਰ ਪੱਟਾਬਾਈਸੀਤਾਰਮੱਈਆ ਨੂੰ ਹਰਾ ਕੇ ਦੁਬਾਰਾ ਪ੍ਰਧਾਨ ਬਣੇ। ਇਸ ਵਿੱਚ ਰਾਬਿੰਦਰਨਾਥ ਟੈਗੋਰ ਨੇ ਬੋਸ ਦੀ ਮਦਦ ਕੀਤੀ ਸੀ, ਪਰ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਰੋਧ ਕਾਰਨ ਬੋਸ ਨੇ 1939 ਵਿੱਚ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਫਿਰ ਵੀ ਉਹ ਆਪਣੀਆਂ ਕਦਰਾਂ-ਕੀਮਤਾਂ ਅਤੇ ਵਿਚਾਰਧਾਰਾ ਪ੍ਰਤੀ ਪੂਰੇ ਵਚਨਬੱਧ ਰਹੇ।
1939 ਵਿੱਚ ਦੂਜੀ ਆਲਮੀ ਜੰਗ ਸ਼ੁਰੂ ਹੋਣ ਨਾਲ ਕੌਮੀ ਅਤੇ ਕੌਮਾਂਤਰੀ ਹਾਲਾਤ ਕਾਫ਼ੀ ਬਦਲ ਗਏ। ਹਿੰਦੋਸਤਾਨ ਦੀ ਬ੍ਰਿਟਿਸ਼ ਸਰਕਾਰ ਨੇ ਆਪਣੀ ਮਰਜ਼ੀ ਅਨੁਸਾਰ ਹੀ ਹਿੰਦੋਸਤਾਨ ਨੂੰ ਵੀ ਦੂਜੀ ਆਲਮੀ ਜੰਗ ਵਿੱਚ ਸ਼ਾਮਿਲ ਕਰਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਿਤੀ ਕਾਫ਼ੀ ਅਜੀਬ ਬਣ ਗਈ। 1940 ਵਿੱਚ ਸੁਭਾਸ਼ ਚੰਦਰ ਬੋਸ ਨੇ ਆਲ ਇੰਡੀਆ ਫਾਰਵਰਡ ਬਲਾਕ ਬਣਾਇਆ ਅਤੇ ਕਾਂਗਰਸ ਤੋਂ ਦੂਰੀ ਬਣਾ ਲਈ। ਇਸ ਦੇ ਦੋ ਮੁੱਖ ਕਾਰਨ ਸਨ: ਪਹਿਲਾ, ਬੋਸ ਦੀ ਖੱਬੇਪੱਖੀ ਵਿਚਾਰਧਾਰਾ ਅਤੇ ਦੂਜਾ, ਉਹ ਦੂਜੀ ਆਲਮੀ ਜੰਗ ਦਾ ਇਸਤੇਮਾਲ ਦੇਸ਼ ਦੀ ਆਜ਼ਾਦੀ ਲਈ ਕਰਨਾ ਚਾਹੁੰਦੇ ਸਨ। 1940 ਵਿੱਚ ਕਲਕੱਤੇ ’ਚ ਅੰਦੋਲਨ ਦੀ ਅਗਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੁਝ ਸਮਾਂ ਜੇਲ੍ਹ ਵਿੱਚ ਰੱਖਣ ਪਿੱਛੋਂ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬੋਸ ਦੀ ਯੋਜਨਾ ਜਰਮਨੀ ਜਾ ਕੇ ਜਰਮਨੀ ਅਤੇ ਹੋਰ ਵਿਦੇਸ਼ੀ ਤਾਕਤਾਂ ਤੋਂ ਬਰਤਾਨਵੀਆਂ ਵਿਰੁੱਧ ਮਦਦ ਮੰਗਣ ਦੀ ਸੀ। ਇਸ ਲਈ ਜਰਮਨੀ ਪਹੁੰਚਣ ਖ਼ਾਤਰ ਉਹ ਪੰਜਾਬ ਦੀ ਕਮਿਊਨਿਸਟ ਪਾਰਟੀ ਦੇ ਨੇਤਾ ਚੈਨ ਸਿੰਘ ਚੈਨ ਦੀ ਮਦਦ ਨਾਲ ਮੁਹੰਮਦ ਜ਼ਿਆ-ਉਦ-ਦੀਨ ਦੇ ਨਾਂ ਹੇਠ ਅਫ਼ਗ਼ਾਨਿਸਤਾਨ ਰਾਹੀਂ ਹਿੰਦੋਸਤਾਨ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਏ। ਹਿੰਦੋਸਤਾਨ ਦੀ ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਜਰਮਨੀ ਪਹੁੰਚਣ ਤੋਂ ਰੋਕਣ ਲਈ ਬਹੁਤ ਯਤਨ ਕੀਤੇ, ਪਰ ਸਾਰੇ ਅਸਫਲ ਰਹੇ। ਉਹ 2 ਅਪਰੈਲ 1941 ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚ ਗਏ। ਸੁਭਾਸ਼ ਚੰਦਰ ਬੋਸ ਦੇ ਤਿੰਨ ਮੁੱਖ ਉਦੇਸ਼ ਸਨ: ਵਿਦੇਸ਼ ਵਿੱਚ ਭਾਰਤੀ ਸਰਕਾਰ ਦੀ ਸਥਾਪਨਾ; ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਰਸਤਾ ਲੱਭਣਾ; ਅਤੇ ਹਿੰਦੋਸਤਾਨ ਦੀ ਸੈਨਾ ਦੀ ਸਥਾਪਨਾ ਕਰਨਾ। ਉਹ ਇਸ ਗੱਲ ਉੱਪਰ ਜ਼ੋਰ ਦੇ ਰਹੇ ਸਨ ਕਿ ਜਰਮਨੀ, ਇਟਲੀ ਅਤੇ ਜਪਾਨ ਦੀ ਅਗਵਾਈ ਵਾਲੇ ਮੁਲਕਾਂ ਦਾ ਗਠਜੋੜ ਹਿੰਦੋਸਤਾਨ ਦੀ ਆਜ਼ਾਦੀ ਨੂੰ ਯੁੱਧ ਦੇ ਇੱਕ ਉਦੇਸ਼ ਵਜੋਂ ਰੱਖੇ। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਬੋਸ ਨੇ ਜਰਮਨੀ ਵਿੱਚ 2 ਨਵੰਬਰ 1941 ਨੂੰ ‘ਫਰੀ ਇੰਡੀਆ ਸੈਂਟਰ’ ਦੀ ਸਥਾਪਨਾ ਕੀਤੀ। 19 ਫਰਵਰੀ 1942 ਨੂੰ ਉਨ੍ਹਾਂ ਨੇ ‘ਆਜ਼ਾਦ ਹਿੰਦ ਰੇਡੀਓ’ ਦੀ ਸਥਾਪਨਾ ਕੀਤੀ ਅਤੇ ਭਾਰਤ ਵਾਸੀਆਂ ਦੇ ਨਾਂ ਆਪਣਾ ਪਹਿਲਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਹਿੰਦੋਸਤਾਨੀ ਪੂਰੀ ਮਿਹਨਤ ਨਾਲ ਆਜ਼ਾਦੀ ਦੀ ਲੜਾਈ ਜਾਰੀ ਰੱਖਣ। ਐਕਸਿਸ ਪਾਵਰਜ਼ (ਜਰਮਨੀ, ਇਟਲੀ, ਜਪਾਨ ਆਦਿ) ਜਲਦੀ ਹੀ ਇਸ ਮਿਸ਼ਨ ਵਿੱਚ ਸਾਡੀ ਮਦਦ ਕਰਨਗੀਆਂ।
ਇੱਕ ਮਾਸਿਕ ਰਸਾਲਾ ‘ਆਜ਼ਾਦ ਹਿੰਦ’ ਵੀ ਜਾਰੀ ਕੀਤਾ ਗਿਆ। ਬੋਸ ਨੇ ਜੰਗੀ ਕੈਦੀਆਂ ਦੀ ਮਦਦ ਨਾਲ ਇੰਕ ਸੈਨਿਕ ਸੰਗਠਨ ‘ਇੰਡੀਅਨ ਲੀਜਨ’ ਦੀ ਸਥਾਪਨਾ ਕੀਤੀ। ਇਸ ਵਿੱਚ ਫ਼ੌਜੀਆਂ ਦੀ ਗਿਣਤੀ 5000 ਸੀ, ਪਰ ਹਿਟਲਰ ਨਾਲ ਹੋਈਆਂ ਮੁਲਾਕਾਤਾਂ ਤੋਂ ਬੋਸ ਸਮਝ ਗਏ ਕਿ ਹਿਟਲਰ ਹਿੰਦੋਸਤਾਨ ਦੀ ਆਜ਼ਾਦੀ ਪ੍ਰਤੀ ਬਹੁਤੀ ਦਿਲਚਸਪੀ ਨਹੀਂ ਰੱਖਦਾ। ਇਸ ਲਈ ਉਨ੍ਹਾਂ ਨੇ ਆਪਣੀ ਸਰਗਰਮੀਆਂ ਦਾ ਖੇਤਰ ਜਰਮਨੀ ਦੀ ਥਾਂ ਜਪਾਨ ਨੂੰ ਬਣਾ ਲਿਆ। ਅੱਠ ਫਰਵਰੀ 1942 ਨੂੰ ਉਹ ਜਰਮਨੀ ਛੱਡ ਕੇ ਆਪਣੇ ਸਾਥੀ ਅਬਦ ਹਸਨ ਨਾਲ ਜਰਮਨੀ ਦੀ ਪਣਡੁੱਬੀ ਰਾਹੀਂ 16 ਮਈ ਨੂੰ ਜਪਾਨ ਪਹੁੰਚ ਗਏ। ਉਨ੍ਹਾਂ ਨੇ ਜਪਾਨ ਦੇ ਪ੍ਰਧਾਨ ਮੰਤਰੀ ਤੋਜੋ ਨਾਲ 10 ਜੂਨ ਅਤੇ 14 ਜੂਨ ਨੂੰ ਦੋ ਵਾਰ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਵਿੱਚ ਬੋਸ ਨੇ ਤੋਜੋ ਨੂੰ ਸਪਸ਼ਟ ਰੂਪ ਵਿੱਚ ਹਿੰਦੋਸਤਾਨ ਦੀ ਆਜ਼ਾਦੀ ਲਈ ਮਦਦ ਕਰਨ ਲਈ ਕਿਹਾ। ਜਪਾਨੀ ਪ੍ਰਧਾਨ ਮੰਤਰੀ ਨੇ ਬੋਸ ਨੂੰ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਵਿੱਚ ਪੂਰਨ ਸਹਿਯੋਗ ਕਰਨ ਦਾ ਵਿਸ਼ਵਾਸ ਦਿਵਾਇਆ।
ਦੋ ਜੁਲਾਈ 1943 ਨੂੰ ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਵਿੱਚ ਆਜ਼ਾਦ ਹਿੰਦ ਫ਼ੌਜ ਦੀ ਕਮਾਨ ਸੰਭਾਲੀ ਜੋ ਫਰਵਰੀ 1942 ਵਿੱਚ ਜਨਰਲ ਮੋਹਨ ਸਿੰਘ ਦੁਆਰਾ ਸਥਾਪਿਤ ਕੀਤੀ ਗਈ ਸੀ। ਇਸ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਗਿਆ। ਇੱਥੇ ਬੋਸ ਨੇ ਉਤਸ਼ਾਹਜਨਕ ਭਾਸ਼ਣ ਦਿੱਤਾ ਅਤੇ ‘ਚਲੋ ਦਿੱਲੀ’ ਦਾ ਨਾਆਰਾ ਲਗਾਇਆ। ਪਹਿਲੇ ਪੱਧਰ ’ਤੇ ਉਹ ਪੰਜਾਹ ਹਜ਼ਾਰ ਹਿੰਦੋਸਤਾਨੀ ਸੈਨਿਕ ਇਕੱਠੇ ਕਰਨਾ ਚਾਹੁੰਦੇ ਸਨ ਅਤੇ ਮਗਰੋਂ ਇਹ ਗਿਣਤੀ ਤੀਹ ਲੱਖ ਤੱਕ ਪਹੁੰਚਾਈ ਜਾਣੀ ਸੀ। ਇਸ ਨਾਲ ਫ਼ੌਜੀਆਂ ਨੂੰ ਹੀ ਨਹੀਂ ਸਗੋਂ ਆਮ ਨਾਗਰਿਕਾਂ ਨੂੰ ਵੀ ਜੋੜਿਆ। ਬੋਸ ਨੇ ਸਾਰੇ ਹਿੰਦੋਸਤਾਨੀਆਂ ਨੂੰ ਆਪੋ ਆਪਣੇ ਢੰਗ ਨਾਲ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ।
ਗੌਰਤਲਬ ਹੈ ਕਿ ਆਜ਼ਾਦ ਹਿੰਦ ਫ਼ੌਜ ਵਿੱਚ ਵੱਖ-ਵੱਖ ਧਰਮਾਂ, ਖੇਤਰਾਂ, ਜਾਤਾਂ ਆਦਿ ਦੇ ਫ਼ੌਜੀ ਤੇ ਆਮ ਨਾਗਰਿਕ ਸਨ, ਪਰ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਜਾਂ ਫ਼ਰਕ ਨਹੀਂ ਸੀ। ਆਜ਼ਾਦੀ ਹਿੰਦ ਫ਼ੌਜ ਦਾ ਨਾਅਰਾ ‘ਇਤਫ਼ਾਕ, ਇਤਮਾਦ ਤੇ ਕੁਰਬਾਨੀ’ ਸੀ। ਇਸ ਦੀਆਂ ਰੈਜੀਮੈਂਟਾਂ ਦੇ ਨਾਂ ਗਾਂਧੀ, ਨਹਿਰੂ, ਮੌਲਾਨਾ ਆਜ਼ਾਦ, ਸੁਭਾਸ਼ ਤੇ ਰਾਣੀ ਝਾਂਸੀ ਦੇ ਨਾਮ ’ਤੇ ਰੱਖੇ। 21 ਅਕਤੂਬਰ 1943 ਨੂੰ ਸਿੰਗਾਪੁਰ ਵਿੱਚ ਆਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਦੀ ਸਥਾਪਨਾ ਕੀਤੀ। ਇਸ ਨੂੰ ਲਗਭਗ 11 ਦੇਸ਼ਾਂ ਨੇ ਮਾਨਤਾ ਦਿੱਤੀ। ਉਸ ਸਮੇਂ ਬੋਸ ਦਾ ਨਿਸ਼ਾਨਾ ਇੰਫਾਲ ਤੇ ਕੋਹਿਮਾ ਉੱਪਰ ਕਬਜ਼ਾ ਕਰਨਾ ਸੀ। ਇਸ ਲਈ ਮਾਰਚ 1944 ਨੂੰ ਫ਼ੌਜੀ ਮਿਸ਼ਨ ਸ਼ੁਰੂ ਕੀਤਾ ਗਿਆ। ਇਹ ਲੜਾਈ 3 ਮਾਰਚ ਤੋਂ 18 ਜੁਲਾਈ 1944 ਤੱਕ ਚੱਲੀ। ਇਸ ਲੜਾਈ ਵਿੱਚ ਆਜ਼ਾਦ ਹਿੰਦ ਫ਼ੌਜ ਤੇ ਜਪਾਨ ਦੇ ਇੱਕ ਲੱਖ ਸੈਨਿਕਾਂ ਨੇ ਹਿੱਸਾ ਲਿਆ। ਸ਼ੁਰੂ ਵਿੱਚ ਆਜ਼ਾਦ ਹਿੰਦ ਫ਼ੌਜ ਨੂੰ ਕਾਫ਼ੀ ਸਫਲਤਾ ਮਿਲੀ ਅਤੇ ਮਨੀਪੁਰ ਦੇ ਮੌਰਾਂਗ ਵਿੱਚ ਤਿਰੰਗਾ ਲਹਿਰਾਇਆ ਗਿਆ ਜੋ ਹਿੰਦੋਸਤਾਨ ਦਾ ਪਹਿਲਾ ਆਜ਼ਾਦ ਖੇਤਰ ਬਣਿਆ। ਛੇਤੀ ਹੀ ਮੌਨਸੂਨ ਆਉਣ ਅਤੇ ਜਪਾਨ ਦੀ ਅਮਰੀਕਾ ਹੱਥੋਂ ਹਾਰ ਕਾਰਨ ਹਾਲਾਤ ਬਦਲ ਗਏ। ਆਜ਼ਾਦ ਹਿੰਦ ਫ਼ੌਜ ਕੋਲ ਵਾਪਸ ਮੁੜਨ ਤੋਂ ਇਲਾਵਾ ਕੋਈ ਹੋਰ ਰਾਹ ਨਾ ਬਚਿਆ। ਇਉਂ ਇੰਫਾਲ ਮੁਹਿੰਮ ਨਾਕਾਮ ਰਹੀ। ਅਗਸਤ 1945 ਵਿੱਚ ਤਾਇਵਾਨ ਵਿੱਚ ਹੋਏ ਹਵਾਈ ਜਹਾਜ਼ ਹਾਦਸੇ ਵਿੱਚ ਬੋਸ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਬਾਰੇ ਹਾਲੇ ਵੀ ਵੱਖ-ਵੱਖ ਦਾਅਵੇ ਕੀਤੇ ਜਾਂਦੇ ਹਨ।
* * *
ਪ੍ਰੈਜ਼ੀਡੈਂਸੀ ਕਾਲਜ, ਕਲਕੱਤਾ ਵਿੱਚ 1916 ’ਚ ਵਾਪਰੀ ਇੱਕ ਘਟਨਾ ਨੇ ਸੁਭਾਸ਼ ਚੰਦਰ ਬੋਸ ਦੇ ਸਿਆਸੀ ਜੀਵਨ ਦੇ ਨਕਸ਼ ਘੜੇ। ਇਤਿਹਾਸ ਦਾ ਪ੍ਰੋਫੈਸਰ ਈ.ਐਫ. ਓਟਨ ਨਸਲਵਾਦੀ ਮੰਨਿਆ ਜਾਂਦਾ ਸੀ। ਹਿੰਦੋਸਤਾਨੀ ਵਿਦਿਆਰਥੀਆਂ ਨਾਲ ਉਸ ਦਾ ਝਗੜਾ ਹੋ ਗਿਆ। ਇਨ੍ਹਾਂ ਵਿਦਿਆਰਥੀਆਂ ਵਿੱਚ ਬੋਸ ਵੀ ਸ਼ਾਮਿਲ ਸੀ ਜਿਸ ਕਰਕੇ ਉਨ੍ਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਇਸ ਘਟਨਾ ਨੇ ਬੋਸ ਅਤੇ ਪ੍ਰੋਫੈਸਰ ਦੋਵਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਇਸ ਘਟਨਾ ਮਗਰੋਂ ਹਿੰਦੋਸਤਾਨੀਆਂ ਪ੍ਰਤੀ ਪ੍ਰੋਫੈਸਰ ਓਟਨ ਦਾ ਨਜ਼ਰੀਆ ਬਦਲ ਗਿਆ। ਇਸ ਘਟਨਾ ਮਗਰੋਂ ਸੁਭਾਸ਼ ਚੰਦਰ ਬੋਸ ਦੇਸ਼ ਦੀ ਸਿਆਸਤ ਵਿੱਚ ਰੁਚੀ ਲੈਣ ਲੱਗੇ।
ਸੁਭਾਸ਼ ਚੰਦਰ ਬੋਸ ਆਧੁਨਿਕਤਾ ਦੇ ਮੂਲ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਵਿਗਿਆਨ ਦੇ ਮਹੱਤਵ ਨੂੰ ਸਮਝਿਆ ਅਤੇ ਉਨ੍ਹਾਂ ਦੀ ਸੋਚ ਪ੍ਰਣਾਲੀ ਵਿੱਚ ਵਿਗਿਆਨ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਵਿਗਿਆਨਕ ਸੰਕਲਪ ਰਾਸ਼ਟਰਵਾਦ, ਧਰਮਨਿਰਪੱਖਤਾ, ਮਾਨਵਵਾਦ, ਲੋਕਤੰਤਰ ਅਤੇ ਸਮਾਜਵਾਦ ਦੇ ਆਦਰਸ਼ਾਂ ਤੇ ਵਿਚਾਰਾਂ ਨਾਲ ਇਕਮਿਕ ਸੀ। ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਇਤਿਹਾਸ ਦਾ ਡੂੰਘਾਈ ਨਾਲ ਇਸ ਨਜ਼ਰੀਏ ਨਾਲ ਅਧਿਐਨ ਕੀਤਾ ਕਿ ਗ਼ੁਲਾਮ ਦੇਸ਼ਾਂ ਨੇ ਇਨਕਲਾਬੀ ਅੰਦੋਲਨਾਂ ਨਾਲ ਕਿਵੇਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਆਜ਼ਾਦੀ ਤੋਂ ਬਾਅਦ ਰਾਸ਼ਟਰੀ ਪੁਨਰ-ਨਿਰਮਾਣ ਕਿਵੇਂ ਹੋਇਆ। ਇਸ ਬਾਰੇ ਲੋਥਰ ਫਰੈਂਕ ਨੇ ਲਿਖਿਆ, “ਬੋਸ ਨੇ ਬਾਹਰਮੁਖੀ ਢੰਗ ਨਾਲ ਅਧਿਐਨ ਕੀਤਾ ਕਿ ਕਿਵੇਂ ਲੈਨਿਨ ਤੇ ਸਟਾਲਿਨ, ਕਮਾਲ ਅਤਾਤੁਰਕ, ਹਿਟਲਰ, ਮੁਸੋਲਿਨੀ ਆਦਿ ਆਪਣੇ ਉਦੇਸ਼ਾਂ ਨੂੰ ਸਾਕਾਰ ਕਰਨ ਲਈ ਜਨਤਾ ਦੀਆਂ ਸੁੱਤੀਆਂ ਹੋਈਆਂ ਇੱਛਾਵਾਂ ਨੂੰ ਜਗਾਉਣ ਵਿੱਚ ਸਫਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਲੋਕਾਂ ਦੀ ਉਦਾਸੀਨਤਾ ਦੇ ਕਾਰਨਾਂ ਦੀ ਖੋਜ ਕੀਤੀ ਅਤੇ ਉਹ ਕਿਵੇਂ ਚੇਤਨ ਕੀਤੇ ਜਾ ਸਕਦੇ ਹਨ।” ਇਸ ਸਦਕਾ ਬੋਸ ਨੇ ਆਪਣੀਆਂ ਲਿਖਤਾਂ, ਭਾਸ਼ਣਾਂ ਆਦਿ ਰਾਹੀਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਲੜਾਈ ਲਈ ਪ੍ਰੇਰਿਤ ਕੀਤਾ ਅਤੇ ਕਿਹਾ “ਤੁਸੀਂ ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ।” ਵਿਦੇਸ਼ੀ ਮਾਮਲਿਆਂ ਵਿੱਚ ਉਨ੍ਹਾਂ ਦੀ ਨੀਤੀ ਵਿਹਾਰਕ ਅਤੇ ਉਪਯੋਗੀ ਸੀ। ਉਹ ਆਪਣੇ ਦੇਸ਼ ਦੀ ਆਜ਼ਾਦੀ ਲਈ ਵਿਦੇਸ਼ੀ ਮਦਦ ਲੈਣ ਦੇ ਹੱਕ ਵਿੱਚ ਸਨ।
ਬੋਸ ਦੇ ਜੀਵਨ ਦਾ ਇੱਕੋ-ਇੱਕ ਉਦੇਸ਼ ਦੇਸ਼ ਦੀ ਆਜ਼ਾਦੀ ਸੀ। ਉਹ ਦੁਨੀਆ ਦੇ ਮਹਾਨ ਦੇਸ਼ਭਗਤਾਂ ਵਿੱਚੋਂ ਇੱਕ ਸਨ। ਉਹ ਗ਼ੈਰ-ਸਮਝੌਤਾਵਾਦੀ ਇਨਕਲਾਬੀ ਸੰਘਰਸ਼ ਰਾਹੀਂ ਦੇਸ਼ ਵਿੱਚੋਂ ਅੰਗਰੇਜ਼ੀ ਰਾਜ ਖ਼ਤਮ ਕਰ ਕੇ ਰਾਸ਼ਟਰੀ ਪ੍ਰਭੂਸੱਤਾ ਸਥਾਪਿਤ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀ ਨਜ਼ਰ ਵਿੱਚ ਰਾਸ਼ਟਰੀ ਚੇਤਨਾ ਵਿੱਚ ਨਾ ਸਿਰਫ਼ ਰਾਜਨੀਤਿਕ ਸਗੋਂ ਸੱਭਿਆਚਾਰਕ ਏਕਤਾ ਵੀ ਸ਼ਾਮਿਲ ਹੁੰਦੀ ਹੈ। ਸਿੱਖਿਆ ਬਾਰੇ ਉਨ੍ਹਾਂ ਦਾ ਵਿਚਾਰ ਸੀ ਕਿ ਧਰਮ-ਨਿਰਪੱਖ ਸਿੱਖਿਆ ਹੋਣੀ ਚਾਹੀਦੀ ਹੈ ਜੋ ਆਧੁਨਿਕ ਤੇ ਵਿਗਿਆਨਕ ਹੋਵੇ। ਇਹ ਰਾਸ਼ਟਰੀ ਇਤਿਹਾਸ, ਵਿਰਾਸਤ, ਉਦੇਸ਼ ਅਤੇ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ। ਬੋਸ ਦਾ ਧਰਮ ਨਿਰਪੱਖਤਾ ਦਾ ਆਦਰਸ਼ ਰਾਸ਼ਟਰਵਾਦ ਦੇ ਸੰਕਲਪ ਨਾਲ ਜੁੜਿਆ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਏਕਤਾ ਤੋਂ ਬਿਨਾਂ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ। ਉਨ੍ਹਾਂ ਰਾਸ਼ਟਰੀ ਅੰਦੋਲਨ ਦੀ ਰੀੜ੍ਹ ਦੀ ਹੱਡੀ ਰਾਸ਼ਟਰੀ ਏਕਤਾ ਨੂੰ ਦੱਸਿਆ।
ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸੁਭਾਸ਼ ਚੰਦਰ ਬੋਸ ਕ੍ਰਿਸ਼ਮਈ ਨੇਤਾ ਸਨ ਜੋ ਭਾਰਤੀਆਂ ਦੀ ਆਜ਼ਾਦੀ ਪ੍ਰਤੀ ਪੂਰੀ ਤਰ੍ਹਾਂ ਨਾਲ ਵਚਨਬੱਧ ਸੀ।
* ਐਸੋਸੀਏਟ ਪ੍ਰੋਫੈਸਰ, ਪਬਲਿਕ ਕਾਲਜ ਸਮਾਣਾ।
ਸੰਪਰਕ: 98159-76415