ਮੂਰਖ ਲੋਕ
ਬਾਲ ਕਹਾਣੀ
ਜਤਿੰਦਰ ਮੋਹਨ
ਸਰਦੀ ਦੀ ਰੁੱਤ ਚੱਲ ਰਹੀ ਸੀ। ਦਸੰਬਰ ਦੇ ਆਖ਼ਰੀ ਦਿਨ ਸਨ। ਮਹਿੰਦਰ ਪਾਲ ਆਪਣੇ ਘਰ ਬੈਠਾ ਪੜ੍ਹ ਰਿਹਾ ਸੀ। ਉਨ੍ਹਾਂ ਦੇ ਘਰ ਤੋਂ ਦੂਰ ਇੱਕ ਘਰ ਵਿੱਚੋਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ। ਇਸ ਰੌਲ਼ੇ ਰੱਪੇ ਵਿੱਚ ਉਸ ਦਾ ਪੜ੍ਹਨ ਵਿੱਚ ਮਨ ਨਹੀਂ ਲੱਗ ਰਿਹਾ ਸੀ। ਉਹ ਉੱਠਿਆ ਅਤੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਿਆ ਅਤੇ ਆਪਣੇ ਮਾਤਾ ਜੀ ਨੂੰ ਪੁੱਛਣ ਲੱਗਾ, ‘‘ਮੰਮੀ, ਆਹ ਰੌਲਾ ਜਿਹਾ ਕੀ ਪੈ ਰਿਹਾ ਹੈ?’’
‘‘ਬੇਟਾ ਅੱਜ ਬਾਬੇ ਦਾ ਦੀਵਾਨ ਹੈ।’’
‘‘ਇਸ ਦਾ ਕੀ ਮਤਲਬ ਐ?’’
‘‘ਬੇਟਾ, ਉਸ ਘਰ ਵਿੱਚ ਬਾਬਾ ਜੀ ਦਾ ਦੀਵਾਨ ਲੱਗਣਾ ਹੈ ਜਿੱਥੋਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਹਨ।’’
‘‘ਮੰਮੀ, ਦੀਵਾਨ ਕੀ ਹੁੰਦਾ ਏ?’’
‘‘ਬੇਟਾ, ਬਾਬਾ ਜੀ ਸਾਰੀ ਰਾਤ ਬੰਦਗੀ ਕਰਦੇ ਹਨ। ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਇਲਾਜ ਕਰਦੇ ਹਨ।’’
‘‘ਅੱਛਾ?’’
‘‘ਹਾਂ, ਉਹ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।’’
‘‘ਅੱਛਾ, ਇਹ ਤਾਂ ਤਕੜਾ ਕੰਮ ਐ, ਪਰ ਮੰਮੀ ਇਹ ਵੀ ਤਾਂ ਕਹਿੰਦੇ ਹਨ ਕਿ ਇਹ ਸਭ ਝੂਠ ਹੈ ਅਤੇ ਇਨ੍ਹਾਂ ਕੋਲ ਕੋਈ ਸ਼ਕਤੀ ਸ਼ੁਕਤੀ ਨਹੀਂ ਹੁੰਦੀ।’’
‘‘ਥੋੜ੍ਹੀ ਬਹੁਤੀ ਤਾਂ ਹੋਊਗੀ ਈ। ਐਵੇਂ ਤਾਂ ਨੀਂ ਲੋਕ ਇਨ੍ਹਾਂ ਦੇ ਪਿੱਛੇ ਪਿੱਛੇ ਫਿਰਦੇ। ਦੂਰੋਂ ਦੂਰੋਂ ਆਉਂਦੇ ਨੇ ਲੋਕ।’’
ਮਹਿੰਦਰ ਪਾਲ ਅਜੇ ਕੁੱਝ ਸੋਚ ਹੀ ਰਿਹਾ ਸੀ ਕਿ ਉਸ ਦੀ ਮੰਮੀ ਨੇ ਫਿਰ ਕਿਹਾ, ‘‘ਤੂੰ ਦੇਖ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਉਨ੍ਹਾਂ ਦੇ ਗੁਆਂਢੀਆਂ ਨੇ ਬਾਬੇ ਦੇ ਚਰਨ ਪਵਾਏ ਸਨ, ਉਦੋਂ ਵੀ ਬਹੁਤ ਲੋਕ ਆਏ ਸਨ।’’
‘‘ਮੰਮੀ, ਇਹ ਭੇਡਚਾਲ ਐ।’’
‘‘ਨਾ... ਨਾ...ਪੁੱਤ, ਮਾੜਾ ਨਹੀਂ ਬੋਲੀਦਾ। ਜੇ ਚੰਗਾ ਨਹੀਂ ਕਹਿਣਾ ਤਾਂ ਮਾੜਾ ਨਾ ਕਹਿ।’’
‘‘ਨਹੀਂ ਮੰਮੀ, ਗੱਲ ਤਾਂ ਸੱਚੀ ਐ।’’
‘‘ਚੱਲ ਛੱਡ ਪਰ੍ਹਾਂ।’’
ਕੁੱਝ ਚਿਰ ਬਾਅਦ ਉਸ ਦਾ ਪਿਤਾ ਜਸਵੀਰ ਸਿੰਘ ਵੀ ਆ ਗਿਆ। ਉਸ ਨੇ ਵੀ ਆਉਂਦੇ ਹੀ ਮਹਿੰਦਰ ਪਾਲ ਵਾਂਗ ਆਪਣੀ ਪਤਨੀ ਹਰਜੀਤ ਨੂੰ ਇਸ ਰੌਲੇ ਰੱਪੇ ਬਾਰੇ ਪੁੱਛਿਆ ਤਾਂ ਉਸ ਨੇ ਉਹੀ ਦੱਸਿਆ ਜੋ ਉਸ ਨੇ ਮਹਿੰਦਰ ਪਾਲ ਨੂੰ ਦੱਸਿਆ ਸੀ। ਪਤਨੀ ਦੀ ਗੱਲ ਸੁਣ ਕੇ ਜਸਵੀਰ ਸਿੰਘ ਚੁੱਪ ਕਰ ਗਿਆ ਅਤੇ ਕੋਈ ਆਲੋਚਨਾ ਨਾ ਕੀਤੀ। ਭਾਵੇਂ ਉਹ ਚੰਗਾ ਪੜ੍ਹਿਆ ਲਿਖਿਆ ਵਿਅਕਤੀ ਸੀ ਅਤੇ ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਸੀ, ਪ੍ਰੰਤੂ ਉਹ ਆਪਣੀ ਪਤਨੀ ਦਾ ਮੂਡ ਖ਼ਰਾਬ ਕਰਕੇ ਘਰ ਦੇ ਮਾਹੌਲ ਨੂੰ ਵਿਗਾੜਨਾ ਨਹੀਂ ਚਾਹੁੰਦਾ ਸੀ। ਸੋ ਉਸ ਨੇ ਬਾਬੇ ਜਾਂ ਦੀਵਾਨ ਦੀ ਕੋਈ ਆਲੋਚਨਾ ਨਾ ਕੀਤੀ। ਦਿਨ ਛਿਪ ਗਿਆ ਸੀ ਅਤੇ ਹਨੇਰਾ ਹੋ ਰਿਹਾ ਸੀ। ਹਰਜੀਤ ਦੀਵਾਨ ਸੁਣਨ ਲਈ ਤਿਆਰ ਹੋਣ ਲੱਗੀ। ਉਸ ਨੇ ਜਸਵੀਰ ਅਤੇ ਮਹਿੰਦਰ ਪਾਲ ਨੂੰ ਵੀ ਤਿਆਰ ਹੋਣ ਲਈ ਕਿਹਾ।
‘‘ਅਸੀਂ ਕੀ ਕਰਨੈ? ਤੈਨੂੰ ਛੱਡ ਆਉਂਦੇ ਹਾਂ।’’
‘‘ਉਹ ਤਾਂ ਪੂਰੇ ਜ਼ੋਰ ਨਾਲ ਕਹਿ ਕੇ ਗਏ ਨੇ। ਆਪਾਂ ਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ।’’
‘‘ਮੰਮੀ, ਮੇਰੇ ਟੈਸਟ ਚੱਲ ਰਹੇ ਨੇ। ਤੁਸੀਂ ਰੋਟੀ ਪਕਾ ਕੇ ਚਲੇ ਜਾਇਓ।’’
‘‘ਬੇਟੇ, ਜਦ ਕਿਸੇ ਦੇ ਘਰ ਦੀਵਾਨ ਲੱਗੇ ਅਤੇ ਭੰਡਾਰਾ ਹੋਵੇ ਤਾਂ ਘਰ ਰੋਟੀ ਨਹੀਂ ਪਕਾਈ ਦੀ। ਅਗਲੇ ਨਰਾਜ਼ ਹੁੰਦੇ ਨੇ। ਨਾਲੇ ਇਹ ਵੀ ਹੁੰਦੈ ਕਿ ਵੱਧ ਤੋਂ ਵੱਧ ਲੋਕ ਲੰਗਰ ਛਕਣ ਅਤੇ ਅਗਲੇ ਦਾ ਪੁੰਨ ਲੱਗੇ।’’
ਦੋਵੇਂ ਪਿਉ ਪੁੱਤ ਅਜੇ ਕੁੱਝ ਸੋਚ ਹੀ ਰਹੇ ਸਨ ਕਿ ਹਰਜੀਤ ਨੇ ਫੇਰ ਕਿਹਾ, ‘‘ਤੁਸੀਂ ਦੋ-ਚਾਰ... ਸੁਣ ਕੇ ਤੇ ਲੰਗਰ ਛਕ ਕੇ ਆ ਜਿਓ। ਜਦੋਂ ਮੈਂ ਆਉਣਾ ਹੋਇਆ ਤਾਂ ਫੋਨ ਕਰ ਦੂੰ। ਮੈਨੂੰ ਲੈ ਆਇਓ।’’
‘‘ਚੱਲ ਠੀਕ ਐ।’’ ਕਹਿ ਕੇ ਉਹ ਦੋਵੇਂ ਜਾਣ ਲਈ ਸਹਿਮਤ ਹੋ ਗਏ। ਜਸਵੀਰ ਨੂੰ ਪਤਾ ਹੀ ਸੀ ਕਿ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਅਤੇ ਖਾਣਾ ਗੁਆਂਢੀਆਂ ਦੇ ਹੀ ਖਾਣਾ ਪਵੇਗਾ। ਸੋ ਤਿੰਨੋਂ ਜਣੇ ਤਿਆਰ ਹੋ ਕੇ ਚਲੇ ਗਏ ਅਤੇ ਦੀਵਾਨ ਵਾਲੇ ਘਰ ਪਹੁੰਚ ਗਏ। ਇੱਕ ਪਾਸੇ ਦੀਵਾਨ ਲਾਉਣ ਲਈ ਆਸਣ ਤਿਆਰ ਕੀਤਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਸੰਗਤਾਂ ਦੇ ਬੈਠਣ ਲਈ ਗੱਦੇ ਵਿਛਾਏ ਜਾ ਰਹੇ ਸਨ। ਉੱਧਰ ਬਾਬੇ ਵੀ ਆਪਣੀ ਤਿਆਰੀ ਵਿੱਚ ਜੁਟੇ ਹੋਏ ਸਨ। ਲੰਗਰ ਛਕਣ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਆਉਣ ਵਾਲੀਆਂ ਸੰਗਤਾਂ ਲੰਗਰ ਛਕ ਰਹੀਆਂ ਸਨ। ਉਹ ਤਿੰਨੇ ਵੀ ਲੰਗਰ ਛਕਣ ਲੱਗੇ।
ਦੀਵਾਨ ਸ਼ੁਰੂ ਹੋ ਗਿਆ। ਬਾਬਾ ਜੀ ਨੇ ਸਿਰ ਘੁੰਮਾਉਣਾ ਸ਼ੁਰੂ ਕੀਤਾ ਅਤੇ ਉਸ ਦੇ ਸਾਥੀ ਵੀ ਸੱਪਾਂ ਵਾਂਗ ਮੇਲ੍ਹਣ ਲੱਗੇ। .... ਗਾਉਂਦੇ ਅਤੇ ਸਿਰ ਹਿਲਾਉਂਦੇ ਵਕਤ ਬਾਬਾ ਜੀ ਦੀ ਹਾਲਤ ਦੇਖਣ ਵਾਲੀ ਸੀ। ਜਸਵੀਰ ਤੇ ਮਹਿੰਦਰ ਪਾਲ ਉੱਠਣ ਲੱਗੇ ਤਾਂ ਹਰਜੀਤ ਨੇ ਕਿਹਾ, ‘‘ਮਸਾਂ ਮਸਾਂ ਤਾਂ ਇਹੋ ਜਿਹੇ ਮੌਕੇ ਮਿਲਦੇ ਨੇ। ਕਿਉਂ ਕਾਹਲ ਕਰਦੇ ਓ।’’
‘‘ਮੰਮੀ, ਮੇਰਾ ਕੱਲ੍ਹ ਨੂੰ ਸਾਇੰਸ ਦਾ ਟੈਸਟ ਐ।’’
‘‘ਬਾਬੇ ਨੂੰ ਮੱਥਾ ਟੇਕ। ਆਪੇ ਭਲੀ ਕਰੂ।’’
ਮਹਿੰਦਰ ਪਾਲ ਤਾਂ ਚੁੱਪ ਕਰ ਗਿਆ, ਪਰ ਜਸਵੀਰ ਨੇ ਉਸ ਨੂੰ ਸਮਝਾਇਆ ਕਿ ਬੱਚੇ ਦੀ ਪੜ੍ਹਾਈ ਖ਼ਰਾਬ ਹੁੰਦੀ ਹੈ, ਤਾਂ ਉਹ ਮੰਨ ਗਈ ਅਤੇ ਦੋਵੇਂ ਮਾਂ ਪੁੱਤ ਮੱਥਾ ਟੇਕ ਕੇ ਵਾਪਸ ਆਉਣ ਲੱਗੇ ਤਾਂ ਮਹਿੰਦਰ ਪਾਲ ਨੇ ਆਪਣੇ ਪਿਤਾ ਨੂੰ ਕਿਹਾ, ‘‘ਪਾਪਾ, ਮੰਮੀ ਬਹੁਤ ਜ਼ਿੱਦ ਕਰਦੇ ਹਨ।’’
‘‘ਹਾਂ ਬੇਟਾ, ਘਰ ਦੇ ਮਾਹੌਲ ਨੂੰ ਵਿਗਾੜਨਾ ਠੀਕ ਨਹੀਂ ਹੁੰਦਾ ਅਤੇ ਕਈ ਵਾਰ ਨਾ ਚਾਹੁੰਦੇ ਹੋਏ ਵੀ ਸਹਿਮਤ ਹੋਣਾ ਪੈਂਦਾ ਹੈ।’’
‘‘ਇਸ ਪਾਖੰਡੀ ਕੋਲ ਹੈ ਕੀ?’’
‘‘ਤੇਰੀ ਗੱਲ ਬਿਲਕੁਲ ਠੀਕ ਐ ਬੇਟਾ, ਪਰ ਕੋਈ ਸਮਝੇ ਵੀ।’’
ਇਉਂ ਦੋਵੇਂ ਜਣੇ ਘਰ ਪਹੁੰਚ ਗਏ। ਮਹਿੰਦਰ ਪਾਲ ਆਪਣੇ ਕਮਰੇ ਵਿੱਚ ਜਾ ਕੇ ਪੜ੍ਹਨ ਲੱਗਾ ਜਦਕਿ ਜਸਵੀਰ ਆਪਣੇ ਕਮਰੇ ਵਿੱਚ ਚਲਾ ਗਿਆ। ਮਹਿੰਦਰ ਪਾਲ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗ ਰਿਹਾ ਸੀ। ਉਸ ਦੇ ਸਾਹਮਣੇ ਬਾਬੇ ਅਤੇ ਉਸ ਦੇ ਸਾਥੀਆਂ ਦੀ ਤਸਵੀਰ ਫਿਲਮ ਦੀ ਤਰ੍ਹਾਂ ਘੁੰਮ ਰਹੀ ਸੀ ਅਤੇ ਉਸਲਵੱਟੇ ਲੈਂਦਿਆਂ ਹੀ ਉਸ ਦੀ ਰਾਤ ਬੀਤ ਗਈ। ਦੂਜੇ ਦਿਨ ਉਹ ਸਕੂਲ ਚਲਾ ਗਿਆ। ਸਕੂਲ ਵਿੱਚ ਉਸ ਨੇ ਆਪਣੇ ਸਾਥੀਆਂ ਨੂੰ ਇਸ ਘਟਨਾ ਬਾਰੇ ਦੱਸਿਆ। ਉਸ ਦਿਨ ਉਸ ਦਾ ਟੈਸਟ ਜ਼ਿਆਦਾ ਵਧੀਆ ਨਾ ਹੋਇਆ।
ਐਤਵਾਰ ਦਾ ਦਿਨ ਸੀ। ਸਕੂਲ ਦੀ ਛੁੱਟੀ ਹੋਣ ਕਾਰਨ ਉਸ ਦੇ ਦੋਸਤ ਰੋਹਨ ਦਾ ਫੋਨ ਆ ਗਿਆ ਅਤੇ ਉਸ ਨੇ ਮਹਿੰਦਰ ਪਾਲ ਨੂੰ ਆਪਣੇ ਘਰ ਆਉਣ ਲਈ ਕਿਹਾ ਜੋ ਪਿਛਲੇ ਕੁੱਝ ਦਿਨਾਂ ਤੋਂ ਉਸ ਨੂੰ ਆਪਣੇ ਘਰ ਆਉਣ ਲਈ ਕਹਿ ਰਿਹਾ ਸੀ। ਰੋਹਨ ਦਾ ਘਰ ਸ਼ਹਿਰ ਦੇ ਦੂਜੇ ਪਾਸੇ ਸੀ। ਉਸ ਦੇ ਪਾਪਾ ਡਾਕਟਰ ਸਨ ਅਤੇ ਉਨ੍ਹਾਂ ਦਾ ਅਲਟਰਾਸਾਊਂਡ ਅਤੇ ਸਕੈਨ ਸੈਂਟਰ ਹੋਣ ਕਾਰਨ ਮਰੀਜ਼ਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ, ਪਰ ਉਨ੍ਹਾਂ ਦੀ ਰਿਹਾਇਸ਼ ਉੱਪਰ ਅਤੇ ਸੈਂਟਰ ਹੇਠਾਂ ਸੀ। ਮਹਿੰਦਰ ਪਾਲ ਰੋਹਨ ਦੇ ਘਰ ਪਹੁੰਚ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਦੋਵੇਂ ਮਿੱਤਰ ਹੇਠਾਂ ਉਤਰ ਕੇ ਆ ਗਏ ਕਿਉਂਕਿ ਹੁਣ ਦੋਵਾਂ ਨੇ ਨਾਲ ਦੇ ਪਾਰਕ ਵਿੱਚ ਖੇਡਣਾ ਸੀ। ਰੋਹਨ ਨੇ ਮਹਿੰਦਰ ਪਾਲ ਦੀ ਜਾਣ-ਪਛਾਣ ਆਪਣੇ ਪਿਤਾ ਜੀ ਨਾਲ ਕਰਵਾਈ ਅਤੇ ਫਿਰ ਆਪਣਾ ਬੈਟ ਬਾਲ ਲੈਣ ਚਲਾ ਗਿਆ। ਇੰਨੇ ਨੂੰ ਇੱਕ ਹੱਟਾ ਕੱਟਾ ਆਦਮੀ ਸੈਂਟਰ ’ਤੇ ਆਇਆ ਅਤੇ ਆਉਂਦੇ ਹੀ ਕਿਹਾ, ‘‘ਨਮਸਤੇ ਡਾਕਟਰ ਸਾਹਿਬ!’’
‘‘ਨਮਸਤੇ ਹਾਕਮ ਸਿੰਘ! ਕਿਵੇਂ ਆਉਣਾ ਹੋਇਐ?’’
‘‘ਡਾਕਟਰ ਸਾਹਿਬ, ਗਰਦਨ ਬਹੁਤ ਦਰਦ ਕਰਦੀ ਐ। ਚੀਕਾਂ ਨਿਕਲਦੀਆਂ ਨੇ। ਦਵਾਈ ਲੈਣ ਗਿਆ ਸੀ, ਉਹ ਕਹਿੰਦੇ ਪਹਿਲਾਂ ਟੈਸਟ ਕਰਵਾ ਕੇ ਲਿਆ ਫੇਰ ਦਵਾਈ ਦੇਵਾਂਗੇ।’’
‘‘ਮੈਂ ਤੈਨੂੰ ਕਿੰਨੇ ਵਾਰ ਕਿਹਾ ਏ ਕਿ ਇਹ ਕੰਮ ਛੱਡ ਦੇ, ਔਖਾ ਹੋਵੇਂਗਾ। ਕਈ ਵਾਰ ਵੱਡੀ ਮੁਸੀਬਤ ਬਣ ਜਾਂਦੀ ਹੈ।’’
‘‘ਮੈਂ ਤਾਂ ਛੱਡਣਾ ਚਾਹੁੰਨਾ, ਪਰ ਮੂਰਖ ਲੋਕ ਪਿੱਛਾ ਨਹੀਂ ਛੱਡਦੇ।’’
‘‘ਉਹ ਨਹੀਂ ਪਿੱਛਾ ਛੱਡਦੇ। ਤੂੰ ਉਹ ਪਿੱਛੇ ਲਾਏ ਈ ਕਿਉਂ?’’
‘‘ਡਾਕਟਰ ਸਾਹਿਬ, ਬਸ ਕਮਾਈ ਕਰਨ ਵਾਸਤੇ। ਇਹ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਹੈ।’’
‘‘ਫੇਰ ਉਦੋਂ ਛੱਡੇਂਗਾ ਜਦੋਂ...।’’
‘‘ਬਸ, ਬਸ ਜੀ, ਹੁਣ ਇਹ ਕੰਮ ਛੱਡ ਦੇਵਾਂਗਾ। ਸਰੀਰ ਨਾਲੋਂ ਵੱਡੀ ਕੋਈ ਚੀਜ਼ ਨਹੀਂ। ਬਥੇਰਾ ਕਮਾ ਲਿਆ।’’
‘‘ਚੱਲ ਅੰਦਰ ਲੇਟ। ਐਕਸਰੇ ਕਰਦੇ ਹਾਂ।’’
ਆਦਮੀ ਅੰਦਰ ਚਲਾ ਗਿਆ। ਰੋਹਨ ਬੈਟ ਬਾਲ ਲੈ ਕੇ ਆ ਗਿਆ। ਮਹਿੰਦਰ ਪਾਲ ਵਾਰ ਵਾਰ ਹਾਕਮ ਸਿੰਘ ਵੱਲ ਦੇਖ ਰਿਹਾ ਸੀ। ਉਸ ਨੂੰ ਹਾਕਮ ਸਿੰਘ ਵੱਲੋਂ ਆਖੇ ਗਏ ਸ਼ਬਦ ਬਿਲਕੁਲ ਸੱਚੇ ਜਾਪ ਰਹੇ ਸਨ। ਭਾਵੇਂ ਰੋਹਨ ਬੈਟ ਬਾਲ ਲੈ ਆਇਆ ਸੀ, ਪਰ ਹੁਣ ਉਸ ਦਾ ਦਿਲ ਖੇਡਣ ਨੂੰ ਤਿਆਰ ਨਹੀਂ ਸੀ ਸਗੋਂ ਉਸ ਦਾ ਜੀਅ ਕਰਦਾ ਸੀ ਕਿ ਭੱਜ ਕੇ ਆਪਣੇ ਘਰ ਚਲਾ ਜਾਵੇ ਅਤੇ ਆਪਣੇ ਮਾਤਾ-ਪਿਤਾ ਨੂੰ ਬਾਬੇ ਦੀ ਅਸਲੀਅਤ ਬਾਰੇ ਦੱਸੇ।
ਸੰਪਰਕ: 94630-20766