ਕਾਰ ਸਵਾਰ ਨੌਜਵਾਨਾਂ ਨੂੰ ਹਾਈਵੇਅ ’ਤੇ ਸਟੰਟਬਾਜ਼ੀ ਮਹਿੰਗੀ ਪਈ
ਪੱਤਰ ਪ੍ਰੇਰਕ
ਬਨੂੜ, 30 ਸਤੰਬਰ
ਬਨੂੜ ਵਿੱਚ ਕੌਮੀ ਮਾਰਗ ’ਤੇ ਚਲਦੀ ਕਾਰ ਵਿੱਚ ਸਟੰਟਬਾਜ਼ੀ ਕਰਨੀ ਕਾਰ ਸਵਾਰ ਨੌਜਵਾਨਾਂ ਨੂੰ ਮਹਿੰਗੀ ਪੈ ਗਈ। ਪੁਲੀਸ ਨੇ ਗੱਡੀ ਕਬਜ਼ੇ ਵਿੱਚ ਲੈ ਲਈ ਤੇ ਨੌਜਵਾਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ।
ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਐਤਵਾਰ ਸ਼ਾਮੀਂ ਕੁਝ ਨੌਜਵਾਨ ਬਰੀਜ਼ਾ ਕਾਰ ਵਿੱਚ ਸਵਾਰ ਹੋ ਕੇ ਰਾਜਪੁਰਾ ਤੋਂ ਬਨੂੜ ਵੱਲ ਆ ਰਹੇ ਸਨ। ਬਨੂੜ ਸ਼ਹਿਰ ਵਿੱਚ ਦਾਖ਼ਲ ਹੁੰਦਿਆਂ ਹੀ ਇਨ੍ਹਾਂ ਨੌਜਵਾਨਾ ਨੇ ਨੈਸ਼ਨਲ ਹਾਈਵੇਅ ਤੇ ਬਰੀਜ਼ਾ ਕਾਰ ਤੋਂ ਬਾਹਰ ਨਿਕਲ ਕੇ ਅਤੇ ਉੱਪਰ ਬੈਠ ਸਟੰਟਬਾਜ਼ੀ ਕਰਕੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਇਨ੍ਹਾਂ ਕਾਰ ਸਵਾਰਾਂ ਦੇ ਪਿਛੇ ਆ ਰਹੇ ਕਿਸੇ ਰਾਹਗੀਰ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਸ਼ੋਸਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਸਟੰਟਬਾਜ਼ ਨੌਜਵਾਨਾਂ ਦੀ ਵੀਡੀਓ ਵੇਖਣ ਉਪਰੰਤ ਤੁਰੰਤ ਬਰੀਜ਼ਾ ਕਾਰ ਦਾ ਨੰਬਰ ਟਰੇਸ ਕੀਤਾ ਜੋ ਬਨੂੜ ਦਾ ਹੀ ਨਿਕਲਿਆ। ਉਨ੍ਹਾਂ ਪੁਲੀਸ ਪਾਰਟੀ ਨੂੰ ਭੇਜ ਕੇ ਕਾਰ ਅਤੇ ਨੌਜਵਾਨਾਂ ਨੂੰ ਥਾਣੇ ਲਿਆਂਦਾ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਇੱਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਤੇ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਵੇਖਦਿਆਂ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ, ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਲੈ ਕੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਤੇ ਕਾਰ ਬਾਊਂਡ ਕਰ ਲਈ। ਥਾਣਾ ਮੁਖੀ ਨੇ ਕਿਹਾ ਕਿ ਕਿਸੇ ਨੂੰ ਵੀ ਕੌਮੀ ਮਾਰਗ ਉੱਤੇ ਅਜਿਹੇ ਕਰਤੱਵ ਨਹੀਂ ਕਰਨ ਦਿੱਤੇ ਜਾਣਗੇ।