ਸਟੱਡੀ ਸਰਕਲ ਨੇ ਨੈਤਿਕ ਸਿੱਖਿਆ ਪ੍ਰੀਖਿਆ ਦਾ ਨਤੀਜਾ ਐਲਾਨਿਆ
ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਸੰਗਰੂਰ, 18 ਸਤੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ 22 ਅਗਸਤ ਨੂੰ ਕਰਵਾਈ ਨੈਤਿਕ ਸਿੱਖਿਆ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜੇ ਵਿਚ ਕੀਰਤਦੀਪ ਕੌਰ ਮਾਲੇਰਕੋਟਲਾ, ਅਮਨ ਕੁਮਾਰ, ਸਮਰਪ੍ਰੀਤ ਸਿੰਘ ਹੰਡਿਆਇਆ ਅਤੇ ਅਨੰਤਵੀਰ ਕੌਰ ਬਰਨਾਲਾ ਨੇ ਪਹਿਲੇ ਸਥਾਨ ਹਾਸਲ ਕੀਤੇ ਹਨ।
ਸਟੱਡੀ ਸਰਕਲ ਦੇ ਆਗੂਆਂ ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੰਤ ਸਿੰਘ ਨਾਗਰੀ, ਪ੍ਰੋ. ਨਰਿੰਦਰ ਸਿੰਘ ਤੇ ਅਜਮੇਰ ਸਿੰਘ ਨੇ ਦੱਸਿਆ ਕਿ ਸੰਗਰੂਰ, ਬਰਨਾਲਾ, ਮਾਲੇਰਕੋਟਲਾ ਅਤੇ ਮਾਨਸਾ ਜ਼ੋਨਾਂ ਦੀ ਇਸ ਸਾਂਝੀ ਪ੍ਰੀਖਿਆ ’ਚ ਕਰੀਬ 4000 ਵਿਦਿਆਰਥੀਆਂ ਨੇ ਭਾਗ ਲਿਆ ਸੀ। ਪ੍ਰਾਇਮਰੀ ਵਰਗ ਵਿਚ ਪਹਿਲੇ ਦਰਜੇ ਵਿੱਚ ਪਹਿਲੀ ਵਾਰ ਪੰਜ ਵਿਦਿਆਰਥੀਆਂ ਨੇ 100 ਫੀਸਦ ਅੰਕ ਹਾਸਲ ਕਰਕੇ ਪਹਿਲਾ ਸਥਾਨ ਸਾਂਝੇ ਤੌਰ ਹਾਸਲ ਕੀਤਾ ਹੈ। ਇਸੇ ਤਰ੍ਹਾਂ ਚਾਰ ਵਿਦਿਆਰਥੀਆਂ ਨੇ ਦੂਸਰਾ ਸਥਾਨ ਅਤੇ ਚਾਰ ਹੀ ਵਿਦਿਆਰਥੀ ਤੀਸਰੇ ਸਥਾਨ ’ਤੇ ਰਹੇ। ਜਦੋਂ ਕਿ ਤਿੰਨ ਵਿਦਿਆਰਥੀਆਂ ਨੂੰ ਚੌਥਾ ਸਥਾਨ ਅਤੇ ਦੋ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਸਿਦਕੀ ਨੇ ਦੱਸਿਆ ਕਿ ਨਤੀਜੇ ਅਨੁਸਾਰ ਪਹਿਲੇ ਗਰੁੱਪ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਜਾਣਗੇ।