ਪੜ੍ਹਾਈ ਅਤੇ ਕੰਮ
ਗੁਰਜੰਟ ਕਲਸੀ ਲੰਡੇ
ਦਸਵੀਂ ਪਾਸ ਕਰਨ ਮਗਰੋਂ ਮੈਂ ਮੋਗੇ ਆਈਆਈਆਈ ’ਚ ਦਾਖਲਾ ਲੈ ਲਿਆ। ਅਸਲ ਵਿਚ ਘਰ ਵਿਚ ਮਾੜੀ ਆਰਥਿਕਤਾ ਨੇ ਝੰਡੇ ਗੱਡੇ ਹੋਏ ਸਨ ਜਿਸ ਕਾਰਨ ਘਰ ਦਾ ਕੋਈ ਹੋਰ ਜੀਅ ਦਸਵੀਂ ਤੱਕ ਵੀ ਨਹੀਂ ਸੀ ਪਹੁੰਚ ਸਕਿਆ। ਹਰ ਇੱਕ ਨੂੰ ਬਚਪਨ ਤੋਂ ਹੀ ਕੰਮ ਵੱਲ ਧੱਕ ਦਿੱਤਾ ਗਿਆ ਸੀ। ਮੈਂ ਪੜ੍ਹਨ ਵਿਚ ਹੁਸ਼ਿਆਰ ਸਾਂ ਅਤੇ ਮੇਰੀ ਮਾਂ ਨੇ ਬਾਪੂ ’ਤੇ ਜ਼ੋਰ ਪਾ ਕੇ ਮੈਨੂੰ ਹੋਰ ਅੱਗੇ ਪੜ੍ਹਾਉਣ ਲਈ ਮਜਬੂਰ ਕਰ ਦਿੱਤਾ ਸੀ।
ਬਾਪੂ ਮੋਗੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਕਈ ਸਾਲਾਂ ਤੋਂ ਇੱਕ ਪ੍ਰਾਈਵੇਟ ਹਾਈ ਸਕੂਲ ਅਤੇ ਕਾਲਜ ਦਾ ਪੱਕਾ ਰਾਜ ਮਿਸਤਰੀ ਸੀ ਜਿਸ ਨੂੰ ਹਰ ਰੋਜ਼ ਪਿੰਡ ਆਉਣਾ ਮੁਸ਼ਕਿਲ ਸੀ। ਨਾਲ ਦੇ ਵਿਦਿਆਰਥੀ ਉੱਚ ਘਰਾਣਿਆਂ ਦੇ ਸਨ ਅਤੇ ਵਧੀਆ ਕੱਪੜੇ ਪਾ ਕੇ ਕਲਾਸ ਵਿਚ ਆਉਂਦੇ। ਮੈਂ ਪਛੜੇ ਜਿਹੇ ਪਿੰਡ ਤੋਂ ਗਿਆ ਸੀ ਅਤੇ ਮਜ਼ਦੂਰ ਦਾ ਪੁੱਤਰ ਹੋਣ ਕਾਰਨ ਸਾਦੇ ਜਿਹੇ ਕੱਪੜੇ ਪਾ ਕੇ ਕਲਾਸ ਵਿਚ ਜਾਂਦਾ। ਉਹ ਵਿਦਿਆਰਥੀ ਮੇਰੇ ਕੋਲੋਂ ਇੱਕ ਤਰ੍ਹਾਂ ਵਿੱਥ ਬਣਾ ਕੇ ਚੱਲਦੇ ਸਨ।
ਉਦੋਂ ਕਰੀਬ ਤਿੰਨ ਕੁ ਇੰਚ ਚੌੜੀ ਅਤੇ ਲੰਮੀ ਤਣੀ ਵਾਲੇ ਬੈਗ ਦੀ ਬੜੀ ਚੜ੍ਹਾਈ ਸੀ ਜੋ ਕੱਪੜੇ ਦਾ ਬਣਿਆ ਹੁੰਦਾ ਤੇ ਲੱਕ ਤੱਕ ਪਹੁੰਚਦਾ ਸੀ। ਮੈਂ ਅਜਿਹੇ ਬੈਗ ਵਿਚ ਘਰੋਂ ਕਿਤਾਬਾਂ, ਕਾਪੀਆਂ ਅਤੇ ਦੁਪਹਿਰ ਲਈ ਅੰਬ ਦੇ ਆਚਾਰ ਨਾਲ ਤਿੰਨ ਰੋਟੀਆਂ ਅਖਬਾਰ ਜਾਂ ਪੋਣੇ ਵਿਚ ਵਲੇਟ ਕੇ ਬੈਗ ਵਿਚ ਪਾ ਲੈਂਦਾ।
ਮੇਰਾ ਬੱਸ ਪਾਸ ਬਣਿਆ ਹੋਇਆ ਸੀ ਅਤੇ ਰੋਜ਼ਾਨਾ ਪਿੰਡ ਆਉਂਦਾ ਸੀ। ਬਾਪੂ ਕੋਲੋਂ ਜੇਬ ਖਰਚ ਮੰਗਦਿਆਂ ਬੜੀ ਸ਼ਰਮ ਆਉਂਦੀ। ਉਦੋਂ ਪੈਸੇ ਪੈਸੇ ਦੀ ਮੁਥਾਜੀ ਸੀ। ਬਾਪੂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਮਾਂ ਮੈਨੂੰ ਬਾਪੂ ਤੋਂ ਚੋਰੀ ਜੇਬ ਖਰਚ ਦਿੰਦੀ। ਇੱਕ ਦਨਿ ਬਾਪੂ ਕਹਿਣ ਲੱਗਾ, “ਜੇ ਤੂੰ ਛੱੁਟੀ ਵਾਲੇ ਦਨਿ ਮੇਰੇ ਨਾਲ ਕੰਮ ’ਤੇ ਚੱਲਿਆ ਕਰੇਂਗਾ ਤਾਂ ਤੈਨੂੰ ਪੂਰੀ ਦਿਹਾੜੀ ਦੇ 20 ਰੁਪਏ ਅਤੇ ਅੱਧੀ ਦਿਹਾੜੀ ਦੇ 10 ਰੁਪਏ ਦਵਿਾਇਆ ਕਰੂੰ।” ਮੈਂ ਹਾਮੀ ਭਰ ਦਿੱਤੀ। ਸ਼ਨਿੱਚਰਵਾਰ ਅੱਧੀ ਛੁੱਟੀ ਹੁੰਦੀ ਤਾਂ ਮੈਂ ਕੱਪੜੇ ਬਦਲ ਕੇ ਬਾਪੂ ਕੋਲ ਕੰਮ ਕਰਨ ਚਲਿਆ ਜਾਂਦਾ। ਬਾਪੂ ਨੂੰ ਇੱਟਾਂ, ਗਾਰਾ, ਸੀਮੈਂਟ ਆਦਿ ਫੜਾਉਂਦਾ। ਇਉਂ ਮਹੀਨੇ ਵਿਚ 120-130 ਰੁਪਏ ਕਮਾ ਲੈਂਦਾ। ਇਸ ਨਾਲ ਮੇਰਾ ਜੇਬ ਖਰਚ ਚੱਲਣ ਲੱਗ ਪਿਆ। ਕਦੀ ਕਦੀ ਬਾਪੂ ਮੈਨੂੰ ਪਲੱਸਤਰ ਕਰਨ ਜਾਂ ਕੰਧ ਸਿੱਧੀ ਹੁੰਦੀ ਤਾਂ ਇੱਟਾਂ ਦੀ ਚਿਣਾਈ ਕਰਨ ਵੀ ਲਾ ਦਿੰਦਾ। ਇਉਂ ਉਹ ਮੈਨੂੰ ਕੰਮ ਕਰਨ ਅਤੇ ਪੈਸੇ ਕਮਾਉਣ ਦੀ ਆਦਤ ਸਿਖਾਉਣ ਲੱਗ ਪਿਆ।
ਸ਼ਾਮ ਹੁੰਦੇ ਹੀ ਮੈਂ ਪਿੰਡ ਆ ਜਾਂਦਾ ਸੀ। ਕਦੀ ਕਲਾਸ ਨਹੀਂ ਸੀ ਛੱਡੀ। ਹੁਸ਼ਿਆਰ ਵਿਦਿਆਰਥੀਆਂ ਦੇ ਵਜ਼ੀਫੇ ਲਈ ਟੈਸਟ ਹੋਏ ਤਾਂ ਮੇਰੇ ਸਾਰਿਆਂ ਨਾਲੋਂ ਵੱਧ ਨੰਬਰ ਸਨ। ਮੈਨੂੰ ਆਈਟੀਆਈ ਵਿਚੋਂ ਵਜ਼ੀਫਾ ਮਿਲਣ ਲੱਗਿਆ। ਜਦ ਮੈਂ ਇਹ ਗੱਲ ਮਾਂ-ਪਿਓ ਨੂੰ ਦੱਸੀ ਸੀ ਤਾਂ ਉਹ ਬੜੇ ਖੁਸ਼ ਅਤੇ ਭਾਵੁਕ ਹੋ ਗਏ ਸਨ। ਦੋਹਾਂ ਸਰੋਤਾਂ ਤੋਂ ਮੇਰਾ ਜੇਬ ਖਰਚ ਹੋਰ ਸੁਖਾਲਾ ਹੋ ਗਿਆ ਸੀ। ਫਿਰ ਜੇ ਕਿਤੇ ਚਾਰ ਰੁਪਏ ਬਚਦੇ ਤਾਂ ਸਾਹਿਤ ਦੀਆਂ ਕਿਤਾਬਾਂ ਖਰੀਦ ਲੈਂਦਾ। ਜਦ ਸਾਡਾ ਨਤੀਜਾ ਆਇਆ ਤਾਂ ਸਭ ਤੋਂ ਵੱਧ ਨੰਬਰ ਮੇਰੇ ਸਨ। ਬਾਪੂ ਬੜਾ ਖੁਸ਼ ਕਿ ਮੇਰੀ ਕੰਮ ਅਤੇ ਪੜ੍ਹਨ ਦੀ ਮਿਹਨਤ ਰੰਗ ਲਿਆਈ ਸੀ।
ਸੰਪਰਕ: 94175-35916