ਵਿਦਿਆਰਥੀਆਂ ਨੂੰ ਆਧੁਨਿਕ ਮਸ਼ੀਨਾਂ ਨਾਲ ਦੇਵਾਂਗੇ ਸਿਖਲਾਈ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਦਿੱਲੀ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੇਜਰੀਵਾਲ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਮਯੂਰ ਵਿਹਾਰ ਸਥਿਤ ਆਈਟੀਆਈ ਵਿੱਚ ਐਡਵਾਂਸਡ ਵੇਲੋਸਿਟੀ ਅਤੇ ਰੋਬੋਟਿਕਸ ਲੈਬ ਸਥਾਪਤ ਕੀਤੀ ਹੈ, ਜਿਸ ਦਾ ਉਦਘਾਟਨ ਅੱਜ ਤਕਨੀਕੀ ਸਿੱਖਿਆ ਮੰਤਰੀ ਆਤਿਸ਼ੀ ਨੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਵੈਲਡਿੰਗ ਅਤੇ ਰੋਬੋਟਿਕਸ ਦੇ ਖੇਤਰ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਲੈਬ ਵਿੱਚ ਆਈਟੀਆਈ ਦੇ ਵਿਦਿਆਰਥੀ ਅਤਿ-ਆਧੁਨਿਕ ਮਸ਼ੀਨਾਂ ਰਾਹੀਂ ਸਿਖਲਾਈ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੇਜਰੀਵਾਲ ਸਰਕਾਰ ਦਾ ਇਹ ਵੱਡਾ ਕਦਮ ਹੈ ਕਿ ਆਈਟੀਆਈ ਮਯੂਰ ਵਿਹਾਰ ਵਿੱਚ ਐਡਵਾਂਸਡ ਵੇਲੋਸਿਟੀ ਅਤੇ ਰੋਬੋਟਿਕਸ ਲੈਬ ਦੀ ਸ਼ੁਰੂਆਤ ਕੀਤੀ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਰੋਬੋਟਿਕਸ ਵੈਲਡਿੰਗ ਆਰਮ, ਪਲਾਜ਼ਮਾ ਵੈਲਡਿੰਗ ਜਾਂ ਵਰਚੁਅਲ ਰਿਐਲਿਟੀ ਵੈਲਡਿੰਗ ਸਿਮੂਲੇਟਰ ਦੀ ਇਹ ਲੈਬ ਸਿੱਖਣ ਲਈ ਸਾਰੀਆਂ ਵਿਸ਼ਵ ਪੱਧਰੀ ਮਸ਼ੀਨਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਲੈਬ ਵੱਡੇ ਪ੍ਰਾਈਵੇਟ ਅਦਾਰਿਆਂ ਦੀਆਂ ਲੈਬਾਂ ਨਾਲੋਂ ਬਿਹਤਰ ਹੈ, ਜਿਸ ਵਿੱਚ ਨੌਜਵਾਨ ਮਸ਼ੀਨਾਂ ਰਾਹੀਂ ਹੁਨਰਮੰਦ ਹੋਣਗੇ। ਉਨ੍ਹਾਂ ਕਿਹਾ ਕਿ ਲੈਬ ਵਿੱਚ ਮੁਹੱਈਆ ਕਰਵਾਈਆਂ ਗਈਆਂ ਵਿਸ਼ਵ ਪੱਧਰੀ ਮਸ਼ੀਨਾਂ ਅਤੇ ਸਹੂਲਤਾਂ ਨਾਲ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਦਯੋਗ ਵਿੱਚ ਨਵੇਂ ਮੌਕੇ ਮਿਲਣਗੇ।