ਵਿਦਿਆਰਥੀਆਂ ਨੂੰ ਕੀਰਤਨ ਤੇ ਗਤਕੇ ਦੇ ਗੁਰ ਸਿਖਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਪੱਛਮ ਵਿਹਾਰ ਬੀ-2 ਦੇ ਗੁਰਦੁਆਰਾ ਸਿੰਘ ਸਭਾ ਵਿਚ ਪੰਜਾ ਰੋਜ਼ਾ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਚਾਰ ਸਾਲ ਦੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। ਛੇ ਜੂਨ ਤੋਂ ਸ਼ੁਰੂ ਹੋਏ ਕੈਂਪ ਦੀ ਸਮਾਪਤੀ ਹੋ ਗਈ ਹੈ। ਇਸ ਕੈਂਪ ਵਿਚ ਵਿਦਿਆਰਥੀਆਂ ਨੂੰ ਕੈਲੀਗ੍ਰਾਫ਼ੀ, ਆਰਟ ਐਂਡ ਕਰਾਫਟ, ਕੀਰਤਨ, ਗਤਕਾ ਅਤੇ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ। ਕੈਂਪ ਦੌਰਾਨ ਗੱਲਬਾਤ ਕਰਦੇ ਸਮੇਂ ਗੁਰਦੁਆਰਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਨੂੰ ਸ਼ਾਸ਼ਤਰ ਅਤੇ ਸ਼ਸ਼ਤਰ ਦਾ ਧਨੀ ਹੋਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਦੇ ਪੂਰਨਿਆ ‘ਤੇ ਚੱਲਦਿਆ, ਜਿਥੇ ਬੱਚਿਆਂ ਨੂੰ ਜਪੁਜੀ ਸਾਹਿਬ ਦੀ ਸੰਥਿਆ ਦਿੱਤੀ ਜਾਂਦੀ ਹੈ, ਉਥੇ ਹੀ ਉਨ੍ਹਾਂ ਨੂੰ ਆਤਮ ਰੱਖਿਆ ਲਈ ਇਹ ਸਿਖਲਾਈ ਵੀ ਦੇਣੀ ਜ਼ਰੂਰੀ ਹੈ।
ਇਸ ਨਾਲ ਬੱਚੇ ਆਪਣੀ ਜ਼ਿੰਦਗੀ ਵਿਚ ਅਨੁਸ਼ਾਸ਼ਨ ਦਾ ਪਾਲਣ ਕਰਨਾ ਸਿੱਖਦੇ ਹਨ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਉਪ ਪ੍ਰਧਾਨ ਮਨਮੋਹਨ ਸਿੰਘ, ਮੈਂਬਰ ਸਰਬਜੀਤ ਸਿੰਘ, ਸਰਬਜੋਤ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਬਲਕਾਰ ਸਿੰਘ ਅਤੇ ਮਨਪ੍ਰੀਤ ਕੌਰ ਨੇ ਸਮੇਂ-ਸਮੇਂ ‘ਤੇ ਕੈਂਪ ਵਿਚ ਸ਼ਿਰਕਤ ਕਰ ਕੇ ਆਪਣਾ ਯੋਗਦਾਨ ਪਾਇਆ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਗੁਰਮੁਖੀ ਨਾਲ ਸਬੰਧਤ ਕਿਤਾਬਾਂ ਵੰਡੀਆਂ।