ਵਿਦਿਆਰਥੀਆਂ ਨੂੰ ਪੰਜਾਬੀ ਸਿਨੇਮਾ ਬਾਰੇ ਜਾਣਕਾਰੀ ਦਿਤੀ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਮੈਤ੍ਰੇਈ ਕਾਲਜ ਵਿੱਚ ਪੰਜਾਬੀ ਵਿਭਾਗ ਵੱਲੋਂ ‘ਪੰਜਾਬੀ ਸਿਨੇਮਾ : ਅਤੀਤ, ਵਰਤਮਾਨ ਅਤੇ ਭਵਿੱਖ’ ਵਿਸ਼ੇ ਉਪਰ ‘ਸੰਵਾਦ’ ਪ੍ਰੋਗਰਾਮ ਦੇ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਹ ‘ਸੰਵਾਦ’ ਦਿੱਲੀ ਯੂਨੀਵਰਸਿਟੀ ਵਿੱਚ ਅੰਡਰ-ਗ੍ਰੇਜੂਏਟ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਲੱਗੇ ਪੰਜਾਬੀ ਸਿਨੇਮਾ ਨੂੰ ਮੱਦੇਨਜ਼ਰ ਰੱਖਦੇ ਹੋਏ ਪਹਿਲੀ ਵਾਰੀ ਕਾਲਜ ਵਿੱਚ ਕਰਾਇਆ ਗਿਆ। ਸ਼ੁਰੂਆਤ ’ਚ ਕਾਲਜ ਪ੍ਰਿੰਸੀਪਲ ਪ੍ਰੋ. ਹਰਿਤਮਾ ਚੋਪੜਾ ਨੇ ਮੁੱਖ ਮਹਿਮਾਨ/ਵਕਤਾ ਪ੍ਰੋ. ਰਵੇਲ ਸਿੰਘ (ਸਾਬਕਾ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਅਤੇ ਉਨ੍ਹਾਂ ਦੇ ਨਾਲ ਸੰਵਾਦੀ ਪ੍ਰਵਚਨ-ਉਸਾਰੀ ਵਿੱਚ ਸ਼ਾਮਲ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਦੇ ਡਾ. ਸਿਮਰਨ ਕੌਰ ਸੇਠੀ ਦਾ ਭਰਵਾਂ ਸਵਾਗਤ ਕੀਤਾ। ਪ੍ਰੋ. ਚੋਪੜਾ ਨੇ ਆਪਣੇ ਭਾਸ਼ਣ ਵਿਚ ਪੰਜਾਬ, ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਬਾਰੇ ਗੱਲ ਕੀਤੀ। ਉਨ੍ਹਾਂ ਨੇ ਪੰਜਾਬੀ ਸਿਨੇਮਾ ਦੇ ਮਹੱਤਵ ਉਪਰ ਰੌਸ਼ਨੀ ਪਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ’ਚ ਪੰਜਾਬੀ ਸਿਨੇਮਾ ਪ੍ਰਭਾਵਸ਼ਾਲੀ ਸੰਚਾਰ ਢੰਗ ਵੱਜੋਂ ਵਿਸ਼ੇਸ਼ ਭੂਮਿਕਾ ਨਿਭਾਅ ਰਿਹਾ ਹੈ। ਇਸ ਉਪਰੰਤ ‘ਪੋਸਟਰ ਮੇਕਿੰਗ ਮੁਕਾਬਲੇ’ ਦੇ ਜੇਤੂ ਅਤੇ ਪ੍ਰੋਗਰਾਮ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।