ਸਟੂਡੈਂਟਸ ਯੂਨੀਅਨ ਨੇ ਯੂਜੀਸੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ
ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 4 ਫਰਵਰੀ
ਯੂਜੀਸੀ ਵੱਲੋਂ ਜਾਰੀ ਖਰੜੇ ਰਾਹੀਂ ਕੇਂਦਰ ਸਰਕਾਰ ਯੂਨੀਵਰਸਿਟੀਆਂ ਤੇ ਕਾਲਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕਰ ਰਹੀ ਹੈ। ਇਸ ਗੱਲਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ੋਨਲ ਆਗੂ ਕਮਲਜੀਤ ਮੁਹਾਰਖੀਵਾ ਅਤੇ ਜ਼ਿਲ੍ਹਾ ਆਗੂ ਮਮਤਾ ਲਾਧੂਕਾ ਨੇ ਕਹੀਆਂ। ਉਨ੍ਹਾਂ ਅੱਜ ਯੂਜੀਸੀ ਦੁਆਰਾ ਲਿਆਂਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਤੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਵਿਦਿਆਰਥੀ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਦਾ ਨਿੱਜੀਕਰਨ, ਕੇਂਦਰੀਕਰਨ ਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਕੇਂਦਰ ਸਰਕਾਰ ਆਪਣੇ ਚੇਹਤੇ ਤੇ ਕਾਰਪੋਰੇਟ ਪੱਖੀ ਬੰਦਿਆਂ ਨੂੰ ਸਿੱਖਿਆ ਸੰਸਥਾਵਾਂ ਵਿੱਚ ਫਿੱਟ ਕਰ ਰਹੀ ਹੈ ਤਾਂ ਜੋ ਧਰੁਵੀਕਰਨ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਜਦੋਂ ਦੀ ਸੱਤਾ ’ਤੇ ਕਾਬਜ਼ ਹੋਈ ਹੈ ਉਦੋਂ ਤੋਂ ਹੀ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਨ ’ਤੇ ਲੱਗੀ ਹੋਈ ਹੈ ਤੇ ਪ੍ਰਾਈਵੇਟ ਅਦਾਰਿਆਂ ਨੂੰ ਲਗਾਤਾਰ ਸ਼ਹਿ ਦਿੱਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਯੂਜੀਸੀ ਵੱਲੋਂ ਜਾਰੀ ਖਰੜਾ ਰਾਹੀਂ ਸਿੱਖਿਆ ਸੰਸਥਾਵਾਂ ਨੂੰ ਨੌਕਰਸ਼ਾਹ, ਕਾਰਪੋਰੇਟ ਪੱਖੀ, ਗੈਰ ਵਿੱਦਿਅਕ ਤਜਰਬੇ ਵਾਲੇ ਬੰਦਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡੇ ਵੱਡੇ ਸਿੱਖਿਆ ਸ਼ਾਸਤਰੀਆਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਖਿਆ ਨੂੰ ਇੱਕ ਵਸਤੂ ਵਜੋਂ ਵਰਤਿਆ ਜਾ ਸਕੇ। ਇਸ ਮੌਕੇ ਕਾਲਜ ਕਮੇਟੀ ਪ੍ਰਧਾਨ ਦਿਲਕਰਨ ਸਿੰਘ ਤੇ ਵਿਦਿਆਰਥੀ ਆਗੂ ਭੁਪਿੰਦਰ ਸਿੰਘ, ਕਾਜਲ ਰਾਣੀ, ਮਨੀਸ਼ਾ ਲਾਧੂਕਾ, ਸੰਜਨਾ ਫਾਜ਼ਿਲਕਾ, ਸੁਨੀਤਾ ਮੁਹਾਰਖੀਵਾ, ਕੋਮਲ ਰਾਣੀ, ਮਨਜੀਤ ਕੌਰ, ਸੁਖਦੇਵ ਸਿੰਘ, ਰਵੀ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਵੀ ਵਿਦਿਆਰਥੀ ਹਾਜ਼ਰ ਸਨ।