ਵਿਦਿਆਰਥੀਆਂ ਨੇ ਕੀਤੀ ਵਿਰਾਸਤੀ ਥਾਵਾਂ ਦੀ ਸੈਰ
ਪੱਤਰ ਪ੍ਰੇਰਕ
ਪਟਿਆਲਾ, 27 ਸਤੰਬਰ
ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਇੱਥੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਹਿਰ ਪਟਿਆਲਾ ਦੀਆਂ ਵਿਰਾਸਤੀ ਥਾਵਾਂ ਦੀ ਸੈਰ ਕੀਤੀ। ਇਸ ਮੌਕੇ ਏਡੀਸੀ (ਜ) ਈਸ਼ਾ ਸਿੰਗਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸੈਰ ਸਪਾਟਾ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਇੱਥੇ ਕਰਵਾਈ ਗਈ ਇਸ ਵਿਰਾਸਤੀ ਸੈਰ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਸੈਰ ਸਵੇਰੇ 7 ਵਜੇ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋ ਕੇ ਕਿਲ੍ਹਾ ਮੁਬਾਰਕ ਪੁੱਜ ਕੇ ਸਮਾਪਤ ਹੋਈ। ਇਸ ਦੌਰਾਨ ਜ਼ਿਲ੍ਹਾ ਯਾਤਰਾ ਅਫ਼ਸਰ ਹਰਦੀਪ ਸਿੰਘ ਤੇ ਸੈਰ ਸਪਾਟਾ ਗਾਈਡ ਮਿਸ ਮਹਿਮਾ ਢਿੱਲੋਂ ਨੇ ਵਿਦਿਆਰਥੀਆਂ ਨੂੰ ਪਟਿਆਲਾ ਦੀ ਬਣਤਰ ਤੇ ਇਤਿਹਾਸ ਬਾਰੇ ਦੱਸਿਆ। ਮਹਿਮਾ ਢਿੱਲੋਂ ਨੇ ਵਿਦਿਆਰਥੀਆਂ ਨੂੰ ਪਟਿਆਲਾ ਦੀ ਵਿਰਾਸਤੀ ਗਲੀ, ਹਵੇਲੀਵਾਲਾ ਮੁਹੱਲਾ, ਛੱਤਾ ਨਾਨੂਮੱਲ, ਸੱਪਾਂ ਵਾਲੀ ਗਲੀ ਤੇ ਦਰਸ਼ਨੀ ਡਿਉਢੀ ਬਾਰੇ ਵੀ ਦੱਸਿਆ।
ਭਾਸ਼ਾ ਵਿਭਾਗ ਵੱਲੋਂ ਸਭਿਆਚਾਰਕ ਸਮਾਗਮ
ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਉੱਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਮਨਜਿੰਦਰ ਸਿੰਘ ਵੱਲੋਂ ‘ਵਿਸ਼ਵ ਸੈਰ ਸਪਾਟਾ ਦਿਵਸ’ ਦੇ ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਇਸ ਨੂੰ ਮਨਾਏ ਜਾਣ ਦੀ ਸਾਰਥਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਗਮ ਵਿੱਚ ਸਟੈਨੋ ਜਮਾਤਾਂ ਦੀਆਂ ਵਿਦਿਆਰਥਣਾਂ ਪ੍ਰਭਜੋਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਹਰਜੀਤ ਕੌਰ, ਕੋਮਲ ਸ਼ਰਮਾ, ਰੁਪਿੰਦਰ ਕੌਰ ਅਤੇ ਰਾਜਦੀਪ ਕੌਰ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਉਪਰੰਤ ਮਨਪ੍ਰੀਤ ਕੌਰ, ਹਰਪ੍ਰੀਤ ਕੌਰ ਅਤੇ ਮਨਪ੍ਰੀਤ ਵੱਲੋਂ ਪੰਜਾਬੀ ਗੀਤਾਂ ਉੱਤੇ ਕੋਰੀਉਗਰਾਫ਼ੀਆਂ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਵਿਦਿਆਰਥਣਾਂ ਵੱਲੋਂ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਰਾਹੀਂ ਹਾਜ਼ਰ ਸਰੋਤਿਆਂ ਨੂੰ ਝੂਮਣ ਲਾ ਦਿੱਤਾ।