ਵਿਦਿਆਰਥੀਆਂ ਨੇ ਕੋਚਿੰਗ ਸੈਂਟਰ ਘੇਰਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 28 ਜੁਲਾਈ
ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਦੇ ਇੱਕ ਕੋਚਿੰਗ ਸੈਂਟਰ ’ਚ ਲੰਘੀ ਰਾਤ ਮੀਂਹ ਦਾ ਪਾਣੀ ਭਰਨ ਕਾਰਨ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਪ੍ਰੀਖਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਸ਼੍ਰੇਆ ਯਾਦਵ ਵਾਸੀ ਅੰਬੇਦਕਰ ਨਗਰ, ਉੱਤਰ ਪ੍ਰਦੇਸ਼, ਤਾਨਿਆ ਸੋਨੀ ਵਾਸੀ ਤਿਲੰਗਾਨਾ ਤੇ ਏਰਨਾਕੁਲਮ (ਕੇਰਲਾ) ਦੇ ਨਵੀਨ ਦਾਲਵਿਨ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਰੋਹ ਵਿੱਚ ਆਏ ਵਿਦਿਆਰਥੀਆਂ ਨੇ ਅੱਜ ਕੋਚਿੰਗ ਸੈਂਟਰ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਿੱਲੀ ਪੁਲੀਸ ਨੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ।
ਇਸ ਮੌਕੇ ਵਿਦਿਆਰਥੀਆਂ ਨੇ ਖੁਲਾਸਾ ਕੀਤਾ ਕਿ ਉਹ ਦਸ ਦਿਨਾਂ ਤੋਂ ਵਾਰ-ਵਾਰ ਡਰੇਨ ਦੀ ਸਫ਼ਾਈ ਦੀ ਮੰਗ ਕਰ ਰਹੇ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਵਿਦਿਆਰਥੀਆਂ ਨੇ ਆਈਏਐੱਸ ਸਟੱਡੀ ਸਰਕਲ ਦੇ ਬਾਹਰ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਵਿਦਿਆਰਥੀਆਂ ਨੇ ਰਾਤ ਵੇਲੇ ਹੀ ਇਮਾਰਤ ਕੋਲ ਡੇਰੇ ਲਾ ਲਏ ਸਨ ਤੇ ਅੱਜ ਵੀ ਉਹ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਖਿਲਾਫ਼ ਨਾਅਰੇ ਲਾਉਂਦੇ ਰਹੇ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਉਣ ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਵਿਦਿਆਰਥੀਆਂ ਨੂੰ ਸਮਝਾਉਣ ਪਹੁੰਚੇ ਪੁਲੀਸ ਦੇ ਐਡੀਸ਼ਨਲ ਡੀਸੀਪੀ ਸਚਿਨ ਸ਼ਰਮਾ ਨੇ ਉਨ੍ਹਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ, ‘‘ਮੈਂ ਵੀ ਤੁਹਾਡੇ ਵਾਂਗ ਹੀ ਮਹਿਸੂਸ ਕਰਦਾ ਹਾਂ ਕਿਉਂਕਿ ਮੈਂ ਵੀ ਤੁਹਾਡਾ ਹਿੱਸਾ ਹਾਂ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਜੋ ਵੀ ਕਾਨੂੰਨੀ ਤੌਰ ’ਤੇ ਸੰਭਵ ਹੈ, ਉਹ ਕਰਾਂਗੇ।’’
ਇਸ ਦੌਰਾਨ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਪ੍ਰਦਰਸ਼ਨਕਾਰੀਆਂ ਵਿੱਚ ਪੁੱਜੀ, ਜਿੱਥੇ ਉਸ ਨੂੰ ਵਿਦਿਆਰਥੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀਆਂ ਨੇ ਸੰਸਦ ਦੀ ਮੌਜੂਦਗੀ ਦਾ ਵਿਰੋਧ ਕਰਦੇ ਹੋਏ ਐਲਾਨ ਕੀਤਾ ਕਿ ਉਹ ਉਨ੍ਹਾਂ ਨੂੰ ਰਾਜਨੀਤੀ ਨਹੀਂ ਕਰਨ ਦੇਣਗੇ। ਪ੍ਰਦਰਸ਼ਨਕਾਰੀਆਂ ਨੇ ਸਵਾਤੀ ਨੂੰ ਵਾਪਸ ਜਾਣ ਲਈ ਕਿਹਾ।
ਸਵਾਤੀ ਮਾਲੀਵਾਲ ਨੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ, ‘‘ਵਿਦਿਆਰਥੀ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਨ। 12 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਹੁਣ ਤੱਕ ਨਾ ਤਾਂ ਦਿੱਲੀ ਸਰਕਾਰ ਦਾ ਕੋਈ ਮੰਤਰੀ ਆਇਆ ਹੈ, ਨਾ ਹੀ ਐੱਮਸੀਡੀ ਦੀ ਮੇਅਰ ਅਤੇ ਨਾ ਹੀ ਕੋਈ ਅਧਿਕਾਰੀ। ਮੇਰਾ ਮੰਨਣਾ ਹੈ ਕਿ ਇਹ ਮੌਤਾਂ ਕੋਈ ਆਫ਼ਤ ਨਹੀਂ ਹਨ। ਇਹ ਇੱਕ ਕਤਲ ਹੈ, ਇਨ੍ਹਾਂ ਸਾਰੇ ਵੱਡੇ ਸਰਕਾਰੀ ਅਧਿਕਾਰੀਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਹੋਣੀ ਚਾਹੀਦੀ ਹੈ, ਮਰਨ ਵਾਲੇ ਵਿਦਿਆਰਥੀਆਂ ਦੇ ਵਾਰਿਸਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੰਤਰੀ, ਮੇਅਰ ਨੂੰ ਤੁਰੰਤ ਇੱਥੇ ਆ ਕੇ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।’’
ਭਾਜਪਾ ਵੱਲੋਂ ਬੇਸਮੈਂਟ ਘਟਨਾ ‘ਕਤਲ’ ਕਰਾਰ
ਭਾਜਪਾ ਨੇ ਬੇਸਮੈਂਟ ਵਿੱਚ ਵਾਪਰੀ ਘਟਨਾ ਨੂੰ ‘ਕਤਲ’ ਕਰਾਰ ਦਿੱਤਾ ਅਤੇ ਜਲ ਮੰਤਰੀ ਆਤਿਸ਼ੀ ਦਾ ਅਸਤੀਫ਼ਾ ਮੰਗਿਆ ਹੈ। ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਪੀੜਤ ਪਰਿਵਾਰਾਂ ਲਈ ਤਿੰਨ ਕਰੋੜ ਰੁਪਏ ਮੁਆਵਜ਼ਾ ਵੀ ਮੰਗਿਆ ਹੈ। ਸਚਦੇਵਾ ਨੇ ਕਿਹਾ, ‘‘ਇਹ ਇੱਕ ਕਤਲ ਹੈ, ਕੋਈ ਘਟਨਾ ਨਹੀਂ। ਇਹ ‘ਆਪ’ ਦੇ ਦਿੱਲੀ ਸਰਕਾਰ ਅਤੇ ਐੱਮਸੀਡੀ ’ਚ ਕੀਤੇ ਜਾ ਰਹੇ ਰਿਕਾਰਡ ਤੋੜ ਭ੍ਰਿਸ਼ਟਾਚਾਰ ਕਾਰਨ ਹੋਇਆ ਹੈ। ਜੇ ਕੋਈ ਸ਼ਰਮ ਰਹਿ ਗਈ ਹੈ ਤਾਂ ਮੰਤਰੀ ਆਤਿਸ਼ੀ ਅਤੇ ‘ਆਪ’ ਵਿਧਾਇਕ ਤੇ ਐੱਮਸੀਡੀ ਦੇ ਇੰਚਾਰਜ ਦੁਰਗੇਸ਼ ਪਾਠਕ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।’’ -ਪੀਟੀਆਈ
ਉਪ ਰਾਜਪਾਲ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਕਿਹਾ, ‘‘ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਸਿਵਲ ਸੇਵਾਵਾਂ ਦੇ ਤਿੰਨ ਉਮੀਦਵਾਰਾਂ ਦੀ ਮੌਤ ਹੋਣ ’ਤੇ ਮੈਂ ਬਹੁਤ ਦੁਖੀ ਹਾਂ। ਡਿਵੀਜ਼ਨਲ ਕਮਿਸ਼ਨਰ ਨੂੰ ਇਸ ਦੁਖਦਾਈ ਘਟਨਾ ਦੇ ਹਰ ਪਹਿਲੂ ਦੀ ਜਾਂਚ ਕਰ ਕੇ ਮੰਗਲਵਾਰ ਤੱਕ ਰਿਪੋਰਟ ਸੌਂਪਣ ਲਈ ਕਿਹਾ ਹੈ। ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਮੈਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ ਅਤੇ ਦਿੱਲੀ ਪੁਲੀਸ ਤੇ ਦਿੱਲੀ ਫਾਇਰ ਕਰਮੀਆਂ ਆਦਿ ਦੁਆਰਾ ਬਚਾਅ ਕਾਰਜਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਿਹਾ ਹਾਂ। ਅਧਿਕਾਰੀਆਂ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ।’’
ਸਰਕਾਰ ਨੇ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ: ਗੋਪਾਲ ਰਾਏ
ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਕਿਹਾ, ‘‘ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ, ਉਹ ਬਹੁਤ ਮੰਦਭਾਗੀ ਹੈ। ਸਰਕਾਰ ਨੇ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਐੱਮਸੀਡੀ ਨੇ ਬਿਲਡਿੰਗ ਦੇ ਬੇਸਮੈਂਟ ਵਿੱਚ ਚੱਲ ਰਹੇ ਗੈਰ-ਕਾਨੂੰਨੀ ਕੋਚਿੰਗ ਇੰਸਟੀਚਿਊਟਸ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।’’
ਕੋਚਿੰਗ ਸੈਂਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ: ਮੇਅਰ ਸ਼ੈਲੀ
ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਐੱਮਸੀਡੀ ਕਮਿਸ਼ਨਰ ਨੂੰ ਲਿਖਿਆ ਹੈ ਕਿ ਦਿੱਲੀ ਭਰ ਦੇ ਅਜਿਹੇ ਸਾਰੇ ਕੋਚਿੰਗ ਸੈਂਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਐੱਮਸੀਡੀ ਅਤੇ ਬੇਸਮੈਂਟ ਵਿੱਚ ਵਪਾਰਕ ਗਤੀਵਿਧੀਆਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਿਲਡਿੰਗ ਉਪ-ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਰਾਜਿੰਦਰ ਨਗਰ ਵਿੱਚ ਇਸ ਬਿਲਡਿੰਗ ਦੇ ਮੁਕੰਮਲ ਹੋਣ ਦਾ ਪ੍ਰਮਾਣ ਪੱਤਰ 2021 ਵਿੱਚ ਦਿੱਤਾ ਗਿਆ ਸੀ ਅਤੇ ਇਹ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਲਿ ਬੇਸਮੈਂਟ ਦੀ ਵਰਤੋਂ ਸਿਰਫ ਪਾਰਕਿੰਗ ਅਤੇ ਸਟੋਰੇਜ ਲਈ ਕੀਤੀ ਜਾਵੇਗੀ।