ਪੀਟੀਏ ਫੰਡ ਵਸੂਲਣ ਦੇ ਰੋਸ ਵਜੋਂ ਵਿਦਿਆਰਥੀਆਂ ਵੱਲੋਂ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਗਸਤ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵਿਦਿਆਰਥੀਆਂ ਤੋਂ ਜਬਰੀ ਵਸੂਲੇ ਜਾ ਰਹੇ ਪੀਟੀਏ ਫੰਡ ਦੇ ਖਿਲਾਫ਼ ਧਰਨਾ ਦਿੱਤਾ ਗਿਆ। ਕਾਲਜ ਵਿਦਿਆਰਥੀਆਂ ਵੱਲੋਂ ਫੀਸ ਚਲਾਨਾਂ ਦੀਆਂ ਕਾਪੀਆਂ ਫੂਕ ਕੇ ਕਾਲਜ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਵੱਲੋਂ ਕਾਲਜ ਵਿੱਚ ਦਿੱਤਾ ਜਾ ਰਿਹਾ ਧਰਨਾ ਦਿਨ-ਰਾਤ ਦੇ ਧਰਨੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਕਿਹਾ ਕਿ ਪਿਛਲੇ ਦਿਨੀਂ ਕਾਲਜ ਪ੍ਰਸ਼ਾਸਨ ਨਾਲ ਪੀਟੀਏ ਫੰਡ ਦੀ ਮੁਆਫ਼ੀ ਦੀ ਗੱਲਬਾਤ ਕੀਤੀ ਗਈ ਸੀ, ਜਿਸ ਦਾ ਕਾਲਜ ਪ੍ਰਸ਼ਾਸਨ ਉੱਪਰ ਕੋਈ ਅਸਰ ਨਹੀਂ ਹੋਇਆ ਅਤੇ ਵਿਦਿਆਰਥੀਆਂ ਨੂੰ ਮਜ਼ਬੂਰੀ ਵੱਸ ਇਹ ਧਰਨਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਜੂਦਾ ਹਕੂਮਤਾਂ ਵੱਲੋਂ ਆਮ ਵਰਗ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਹੁਣ ਸਰਕਾਰੀ ਵਿਦਿਅਕ ਅਦਾਰਿਆਂ ਵੱਲੋਂ ਵੀ ਐੱਸਸੀ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਵਿਚੋਂ ਪੀਟੀਏ ਫੰਡ ਦੇ ਰੂਪ ਵਿੱਚ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਮਜ਼ਦੂਰ ਵਰਗ ਕੰਮ ਤੋਂ ਲਾਚਾਰ ਹੋਇਆ ਪਿਆ ਹੈ। ਉਨ੍ਹਾਂ ਮੰਚ ਤੋਂ ਐਲਾਨ ਕਰਦਿਆਂ ਕਿਹਾ ਕਿ ਜਿੰਨਾਂ ਚਿਰ ਤੱਕ ਪੀਟੀਏ ਫੰਡ ਮੁਆਫ਼ ਨਹੀਂ ਕੀਤਾ ਜਾਂਦਾ, ਉਨਾ ਚਿਰ ਤੱਕ ਦਿਨ-ਰਾਤ ਧਰਨਾ ਜਾਰੀ ਰਹੇਗਾ।ਚੰਡੀਗੜ੍ਹ ਯੂਨੀਵਰਸਿਟੀ ਆਇਸਾ ਦੇ ਪ੍ਰਧਾਨ ਵਿਜੈ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਨੇ ਕਿਹਾ ਕਿ ਪੀਟੀਏ ਫੰਡ ਮੁਆਫ਼ ਨਾ ਹੋਣ ਤੱਕ ਧਰਨਾ ਜਾਰੀ ਰਹੇਗਾ ਅਤੇ ਹਰ-ਰੋਜ਼ ਪੰਜ ਵਿਦਿਆਰਥੀ ਦਿਨ-ਰਾਤ ਧਰਨੇ ’ਤੇ ਰਹਿਣਗੇ। ਇਸ ਮੌਕੇ ਸਤਨਾਮ ਸਿੰਘ ਮਾਨਸਾ, ਰੀਤੂ ਕੌਰ ਰਮਦਿੱਤੇ ਵਾਲਾ, ਗਗਨ ਬੱਪੀਆਣਾ, ਜਸਪ੍ਰੀਤ ਬੱਪੀਆਣਾ ਸੁਖਪ੍ਰੀਤ ਕੌਰ ਅਤੇ ਅਭੀ ਮਾਨਸਾ ਨੇ ਵੀ ਸੰਬੋਧਨ ਕੀਤਾ।