ਏਮਜ਼ ਵਿੱਚ ਵਿਦਿਆਰਥੀਆਂ ਦੀ ਹੜਤਾਲ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਦਿੱਲੀ ਏਮਜ਼ ਦੇ ਆਪਟੋਮੈਟਰੀ ਗਰੈਜੂਏਟ ਵਿਦਿਆਰਥੀਆਂ ਨੇ ਸਹੂਲਤਾਂ ਦੀ ਘਾਟ ਨੂੰ ਲੈ ਕੇ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ। ਆਪਟੋਮੈਟਰੀ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਉਜਵਲ ਕੁਮਾਰ ਨੇ ਦੱਸਿਆ ਕਿ ਇੰਸਟੀਚਿਊਟ ’ਤੇ ਬੀਐੱਸਸੀ ਦੇ ਵਿਦਿਆਰਥੀਆਂ ਨਾਲ ਵਿਤਕਰਾ ਕਰਨ, ਅਕਾਦਮਿਕ ਸਹਾਇਤਾ ਦੀ ਘਾਟ ਅਤੇ ਸਹੂਲਤਾਂ ਦੀ ਘਾਟ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਬੀਐੱਸਸੀ ਆਪਟੋਮੈਟਰੀ ਪਾਠਕ੍ਰਮ ਨੂੰ ਲਾਗੂ ਕਰਨ ਅਤੇ ਆਪਟੋਮੈਟਰੀ ਦਾ ਅਕਾਦਮਿਕ ਕਾਡਰ ਬਣਾ ਕੇ ਅਧਿਆਪਕਾਂ ਦੀ ਨਿਯੁਕਤੀ ਕਰਨ ਦੀ ਮੰਗ ਕਰ ਰਹੇ ਹਨ। ਇਸ ਲਈ ਏਮਜ਼ ਪ੍ਰਸ਼ਾਸਨ ਅਤੇ ਕੇਂਦਰੀ ਸਿਹਤ ਮੰਤਰਾਲੇ ਨੂੰ ਕਈ ਵਾਰ ਪੱਤਰ ਲਿਖੇ ਗਏ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਏਮਜ਼ ਵਿੱਚ ਆਪਟੋਮੈਟਰੀ ਕੋਰਸ ਕਰਵਾਏ ਜਾਣ ਦੇ ਬਾਵਜੂਦ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਲ 2018 ਵਿੱਚ ਤਿਆਰ ਕੀਤਾ ਗਿਆ ਆਪਟੋਮੈਟਰੀ ਕੋਰਸ ਅੱਜ ਤੱਕ ਏਮਜ਼ ਵਿੱਚ ਲਾਗੂ ਨਹੀਂ ਕੀਤਾ ਗਿਆ। ਏਮਜ਼ ਨੇ ਆਪਣਾ ਕੋਈ ਵੱਖਰਾ ਪਾਠਕ੍ਰਮ ਵੀ ਤਿਆਰ ਨਹੀਂ ਕੀਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਏਮਜ਼ ਵਿੱਚ 200 ਦੇ ਕਰੀਬ ਆਪਟੋਮੈਟਰੀ ਦੇ ਵਿਦਿਆਰਥੀ ਹਨ। ਜਿਸ ਵਿੱਚ ਇੱਕ ਚੌਥਾਈ ਵਿਦਿਆਰਥੀਆਂ ਨੂੰ ਹੀ ਹੋਸਟਲ ਦੀ ਸਹੂਲਤ ਮਿਲੀ ਹੈ। ਬਾਕੀ ਤਿੰਨ-ਚੌਥਾਈ ਵਿਦਿਆਰਥੀਆਂ ਨੂੰ ਹੋਸਟਲ ਦੀ ਸਹੂਲਤ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਨੂੰ ਕਿਰਾਏ ’ਤੇ ਕਮਰਿਆਂ ਵਿੱਚ ਰਹਿਣਾ ਪੈ ਰਿਹਾ ਹੈ।