ਵਿਦਿਆਰਥੀ ਮਹਾਨ ਵਿਅਕਤੀਆਂ ਵੱਲੋਂ ਦਿਖਾਏ ਹੋਏ ਰਾਹ ’ਤੇ ਚੱਲਣ: ਵਸ਼ਿਸ਼ਟ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਨਵੰਬਰ
ਚੰਡੀਗੜ੍ਹ ਦੇ ਸੈਕਟਰ-29 ਵਿੱਚ ਸਥਿਤ ਦਿ ਟ੍ਰਿਬਿਊਨ ਸਕੂਲ ਵਿੱਚ ਕਰਵਾਇਆ ਗਿਆ ਦੋ ਰੋਜ਼ਾ ‘ਦਿ ਟ੍ਰਿਬਿਊਨ ਮਾਡਲ ਯੂਨਾਈਟਿਡ ਨੇਸ਼ਨਜ਼’ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ ਹੈ। ਸਮਾਪਤੀ ਸਮਾਰੋਹ ਵਿੱਚ ਚੰਡੀਗੜ੍ਹ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰ ਕੇ ਕਾਮਯਾਬ ਹੋਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਦਾ ਸਿਆਸੀ ਆਗੂ ਦੱਸਦੇ ਹੋਏ ਮਹਾਨ ਵਿਅਕਤੀਆਂ ਦੇ ਦਿਖਾਏ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਤੇ ਗਰਿੱਡ ਦੀ ਡਾਇਰੈਕਟਰ ਆਰਤੀ ਸੂਦ ਵੀ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਸਮਾਗਮ ਦੇ ਦੂਜੇ ਦਿਨ ਦੇਸ਼-ਵਿਦੇਸ਼ ਦੇ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਪੇਸ਼ ਕੀਤੇ। ਇਹ ਪ੍ਰੋਗਰਾਮ ਚਿਤਕਾਰਾ ਯੂਨੀਵਰਸਿਟੀ ਤੇ ਗਰਿੱਡ ਐਡਵਰਟਾਈਜ਼ਿੰਗ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਇਸ ਦੌਰਾਨ ਯੂਐਨਜੀਏ ਵਿੱਚ ਸੈਕਟਰ-32 ਸਥਿਤ ਸੌਪਿਨਜ਼ ਸਕੂਲ ਦੇ ਸੰਯਮ ਗੋਸਵਾਮੀ (ਇਜ਼ਰਾਈਲ-2) ਨੂੰ ਸਰਵੋਤਮ ਵਿਦਿਆਰਥੀ ਦਾ ਖਿਤਾਬ ਦਿੱਤਾ ਗਿਆ। ਸੈਕਟਰ-36 ਵਿੱਚ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਮਿਥਲੇਸ਼ ਕਟਿਆਲ (ਸਪੇਨ-1) ਨੂੰ ਸਰਵੋਤਮ ਡੈਲੀਗੇਟ ਦਾ ਖਿਤਾਬ ਦਿੱਤਾ। ਇਸੇ ਤਰ੍ਹਾਂ ਗੁਰੂ ਨਾਨਕ ਪਬਲਿਕ ਸਕੂਲ ਦੇ ਪ੍ਰਿਥਵੀ ਰਾਜ (ਜਾਪਾਨ) ਵਿਸ਼ੇਸ਼ ਮੈਨਸ਼ਨ ਰਹੇ। ਇਹ ਮੁਕਾਬਲੇ ਸਹਿਜਪ੍ਰੀਤ ਤੇ ਪ੍ਰਾਂਜਲ ਦੀ ਦੇਖ-ਰੇਖ ਹੇਠ ਕਰਵਾਏ ਗਏ। ਐੱਚਆਰਸੀ ਵਿੱਚ ਪਟਿਆਲਾ ਦੇ ਵਾਈਪੀਐੱਸ ਦੇ ਤਹਿਜੀਬ ਚੀਮਾ (ਦੱਖਣੀ-ਅਫਰੀਕਾ) ਨੂੰ ਸਰਵੋਤਮ ਡੈਲੀਗੇਟ ਜਦੋਂਕਿ ਸੈਕਟਰ-29 ਦਿ ਟ੍ਰਿਬਿਊਨ ਸਕੂਲ ਦੇ ਪ੍ਰਭਨੂਰ ਸਿੰਘ (ਬ੍ਰਾਜ਼ੀਲ) ਨੂੰ ਵਧੀਆ ਪ੍ਰਦਰਸ਼ਨ ਕਰਨ ’ਤੇ ਸਨਮਾਨਿਆ ਗਿਆ। ਸੇਂਟ ਜੋਸਫ ਸਕੂਲ ਸੈਕਟਰ-44 ਦੇ ਸ਼ੌਰਿਆ (ਯੂਕੇ) ਤੇ ਤਨਵੀ (ਆਸਟਰੇਲੀਆ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਇਹ ਮੁਕਾਬਲੇ ਕਿਮਰੀਤ ਤੇ ਤਪਨ ਦੀ ਦੇਖ-ਰੇਖ ਹੇਠ ਕਰਵਾਏ ਗਏ।
ਹੰਸਰਾਜ ਪਬਲਿਕ ਸਕੂਲ ਪੰਚਕੂਲਾ ਦੀ ਅਰਾਧਿਆ ਗੁਪਤਾ (ਚੀਨ) ਨੇ ਯੂਐੱਨਐੱਸਸੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਦਾ ਖਿਤਾਬ ਹਾਸਲ ਕੀਤਾ। ਇਸ ਵਿੱਚ ਦੱਖਣ-ਚੀਨ ਸਾਗਰ ਵਿਵਾਦ ਵਿਸ਼ੇ ’ਤੇ ਵਿਚਾਰ-ਚਰਚਾ ਕਰਵਾਈ ਗਈ ਹੈ। ਇਸ ਵਿਚਾਰ-ਚਰਚਾ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਦੇ ਯਸ਼ਵੀਰ ਸਿੰਘ (ਮਾਲਟਾ-1) ਨੂੰ ਅਤੇ ਮੋਦੀ ਰਾਮ ਆਰੀਆ ਸਕੂਲ, ਸੈਕਟਰ-27 ਦੇ ਨੀਲ ਪੁਰੀ (ਯੂਐੱਸਏ) ਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਮਾਈਂਡ ਟ੍ਰੀ ਸਕੂਲ ਖਰੜ ਦੀ ਹਰਸ਼ਲੀਨ ਕੌਰ (ਫਿਲਪੀਨਜ਼) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਇਹ ਵਿਚਾਰ-ਚਰਚਾ ਅਭਿਜੈ ਤੇ ਦਕਸ਼ ਦੀ ਦੇਖ-ਰੇਖ ਹੇਠ ਕਰਵਾਈ ਗਈ।
ਡੀਏਵੀ ਸਕੂਲ ਦੇ ਪਿਉੂਸ਼ ਮਿੱਤਲ (ਨਰਿੰਦਰ ਮੋਦੀ) ਨੇ ਲੋਕ ਸਭਾ ਸਮਿਤੀ ਦੇ ਵਧੀਆ ਪ੍ਰਤੀਨਿਧੀ ਦਾ ਖਿਤਾਬ ਹਾਸਲ ਕੀਤਾ। ਇਸ ਵਿੱਚ ਵਿਦਿਆਰਥੀਆਂ ਨੇ ਵਕਫ (ਸੋਧ) ਬਿੱਲ-2024 ਤੇ ਮੌਜੂਦਾ ਕਾਨੂੰਨਾਂ ਬਾਰੇ ਵਿਚਾਰ-ਚਰਚਾ ਕੀਤੀ। ਸੈਕਟਰ-14 ਵਿੱਚ ਸਥਿਤ ਅੰਕੁਰ ਸਕੂਲ ਦੇ ਸਮਾਨਿਆ (ਅਮਿਤ ਸ਼ਾਹ) ਨੇ ਇਨ੍ਹਾਂ ਮੁਕਾਬਲਿਆਂ ਵਿੱਚ ਸਨਮਾਨ ਹਾਸਲ ਕੀਤਾ ਜਦੋਂਕਿ ਟ੍ਰਿਬਿਊਨ ਸਕੂਲ ਦੇ ਮਨੀ ਮਿਸ਼ਰਾ (ਕਿਰਨ ਰਿਜਿਜੂ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਸੈਕਟਰ-25 ਵਿੱਚ ਸਥਿਤ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੇ ਰਿਸ਼ਾਂਤ ਨੂੰ ਕੌਮਾਂਤਰੀ ਪ੍ਰੈੱਸ ਵਿੱਚ ਵਧੀਆ ਪ੍ਰਦਰਸ਼ਨ ਕਰਨ ’ਤੇ ਸਨਮਾਨਿਆ ਗਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਪੱਤਰਕਾਰੀ ’ਤੇ ਆਧਾਰਤ ਖ਼ਬਰਾਂ ਤਿਆਰ ਕੀਤੀਆਂ ਤੇ ਤਸਵੀਰਾਂ ਵੀ ਖਿੱਚੀਆਂ। ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੀ ਨਾਇਸਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਣੀ ਪੋਦਾਰ ਵੀ ਮੌਜੂਦ ਰਹੇ।