ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਕਰੇਨ ਤੋਂ ਪਰਤੇ ਵਿਦਿਆਰਥੀ

06:16 AM Nov 24, 2023 IST

ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਯੂਕਰੇਨ ਨਾਲ ਸਬੰਧਿਤ ਉਨ੍ਹਾਂ ਭਾਰਤੀ ਐੱਮਬੀਬੀਐੱਸ ਵਿਦਿਆਰਥੀਆਂ ਦੀ ਮਦਦ ਉੱਤੇ ਆਇਆ ਹੈ ਜਿਨ੍ਹਾਂ ਦੀ ਪੜ੍ਹਾਈ ਫਰਵਰੀ 2021 ਦੌਰਾਨ ਰੂਸ-ਯੂਕਰੇਨ ਜੰਗ ਛਿੜਨ ਕਾਰਨ ਅੱਧ ਵਿਚਾਲੇ ਰੁਕ ਗਈ ਸੀ ਅਤੇ ਉਨ੍ਹਾਂ ਨੂੰ ਵਤਨ ਪਰਤਣ ਲਈ ਮਜਬੂਰ ਹੋਣਾ ਪਿਆ ਸੀ। ਐੱਨਐੱਮਸੀ ਨੇ ਬੁੱਧਵਾਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਉਹ ਆਪਣੀ ਐੱਮਬੀਬੀਐੱਸ ਦੀ ਪੜ੍ਹਾਈ ਮੁਕੰਮਲ ਕਰਨ ਲਈ ਭਾਰਤ ਤੋਂ ਬਾਹਰ ਕਿਸੇ ਵੀ ਹੋਰ ਮੁਲਕ ਵਿਚ ਪਰਵਾਸ ਕਰ ਸਕਦੇ ਹਨ ਜਾਂ ਤਬਾਦਲਾ ਕਰਵਾ ਸਕਦੇ ਹਨ ਅਤੇ ਉੱਥੇ ਆਪਣੀ ਪੜ੍ਹਾਈ ਮੁਕੰਮਲ ਕਰ ਸਕਦੇ ਹਨ। ਇਹ ਛੋਟ ਸਿਰਫ਼ ਇਕ ਵਾਰ ਅਤੇ ਤਿੰਨ ਮਹੀਨਿਆਂ ਦੀ ਮਿਆਦ ਲਈ ਦਿੱਤੀ ਗਈ ਹੈ। ਇਹ ਸਤੰਬਰ 2022 ਦੇ ਅਕੈਡਮਿਕ ਮੋਬੀਲਿਟੀ ਪ੍ਰੋਗਰਾਮ ਦੀ ਲੜੀ ਵਿਚ ਚੁੱਕਿਆ ਗਿਆ ਅਗਲਾ ਕਦਮ ਹੈ ਜਿਹੜਾ ਵਿਦੇਸ਼ੀ ਮੈਡੀਕਲ ਗਰੈਜੂਏਟਸ (ਐੱਫਐੱਮਜੀਜ਼) ਨੂੰ ਆਪਣਾ ਕੋਰਸ ਪੂਰਾ ਕਰਨ ਦਾ ਮੌਕਾ ਦਿੰਦਾ ਹੈ।
ਜੰਗ ਕਾਰਨ 2021 ਵਿਚ ਭਾਰਤ ਵੱਲੋਂ ਕਰੀਬ 19000 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਸੀ। ਉਨ੍ਹਾਂ ਵਿਚੋਂ ਕਰੀਬ 2000 ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਯੂਕਰੇਨ ਵਿਚ ਮੁੜ ਸ਼ੁਰੂ ਕਰ ਲਈ ਹੈ ਜਿਨ੍ਹਾਂ ਦੇ ਕਾਲਜ ਪੱਛਮੀ ਯੂਕਰੇਨ ਵਿਚ ਹਨ ਜਦੋਂਕਿ ਕੁਝ ਹੋਰ ਕੋਰਸ ਪੂਰੇ ਕਰਨ ਲਈ ਰੂਸ, ਸਰਬੀਆ ਅਤੇ ਜਾਰਜੀਆ ਚਲੇ ਗਏ ਹਨ। ਹਾਲ ਹੀ ਵਿਚ ਇਕ ਹਜ਼ਾਰ ਤੋਂ ਵੱਧ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਭਾਰਤੀ ਸਫ਼ਾਰਤਖ਼ਾਨੇ ਦੇ ਦਖ਼ਲ ਤੋਂ ਬਾਅਦ ਉਜ਼ਬੇਕਿਸਤਾਨ ਦੀ ਇਕ ਮੈਡੀਕਲ ਯੂਨੀਵਰਸਿਟੀ ਵਿਚ ਦਾਖ਼ਲਾ ਦਿੱਤਾ ਗਿਆ ਹੈ। ਐੱਨਐੱਮਸੀ ਐਕਟ ਤਹਿਤ ਐੱਫਐੱਮਜੀਜ਼ ਆਪਣੇ ਕੋਰਸ ਸਿਰਫ਼ ਵਿਦੇਸ਼ਾਂ ਵਿਚ ਹੀ ਮੁਕੰਮਲ ਕਰ ਕੇ ਭਾਰਤ ਵਿਚ ਮੈਡੀਕਲ ਪ੍ਰੈਕਟਿਸ ਕਰਨ ਲਈ ਲਾਇਸੈਂਸ ਵਾਸਤੇ ਟੈਸਟ ਦੇਣ ਦੇ ਯੋਗ ਹੋ ਸਕਦੇ ਹਨ। ਜਿਹੜੇ ਵਿਦਿਆਰਥੀ ਯੂਕਰੇਨ ਤੋਂ ਪਰਤਣ ਸਮੇਂ ਇੰਟਰਨਸ਼ਿਪ ਕਰ ਰਹੇ ਸਨ, ਉਨ੍ਹਾਂ ਨੂੰ ਐੱਨਐੱਮਸੀ ਨੇ ਮਾਰਚ 2022 ਵਿਚ ਆਪਣੀ ਇੰਟਰਨਸ਼ਿਪ ਭਾਰਤ ਵਿਚ ਪੂਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਸੇ ਤਰ੍ਹਾਂ ਇਸ ਸਾਲ ਮਾਰਚ ਵਿਚ ਸਰਕਾਰ ਨੇ ਨਿਯਮਾਂ ਵਿਚ ਢਿੱਲ ਦਿੰਦਿਆਂ ਵਾਪਸ ਆਏ ਵਿਦਿਆਰਥੀਆਂ ਨੂੰ ਐੱਮਬੀਬੀਐੱਸ ਆਖ਼ਰੀ ਸਾਲ (ਦੋਵੇਂ ਭਾਗ ਇਕ ਤੇ ਭਾਗ ਦੋ) ਦੇ ਇਮਤਿਹਾਨ ਬਿਨਾਂ ਕਿਸੇ ਕਾਲਜ ਵਿਚ ਦਾਖ਼ਲਾ ਲੈਣ ਤੋਂ ਪਾਸ ਕਰਨ ਦੀ ਇਕ ਵਾਰ ਦੇ ਕਦਮ ਤਹਿਤ ਛੋਟ ਦੇ ਦਿੱਤੀ ਸੀ। ਇੱਥੇ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਦਾ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਦਾਖ਼ਲਾ ਕਰਵਾਉਣ ਵਿਚ ਤਾਂ ਮਦਦ ਕੀਤੀ ਹੈ ਪਰ ਅਜਿਹਾ ਕੰਮ ਦੇਸ਼ ਦੇ ਮੈਡੀਕਲ ਕਾਲਜਾਂ ਤੋਂ ਨਹੀਂ ਕਰਾਇਆ ਗਿਆ। ਕਿਹਾ ਜਾਂਦਾ ਹੈ ਕਿ ਮੁਸ਼ਕਿਲਾਂ ਵਾਲਾ ਹਰ ਸਮਾਂ ਨਵੇਂ ਮੌਕੇ ਪੈਦਾ ਕਰਦਾ ਹੈ ਪਰ ਕੇਂਦਰ ਸਰਕਾਰ ਅਜਿਹਾ ਕਰਨ ਵਿਚ ਨਾਕਾਮਯਾਬ ਰਹੀ ਹੈ। ਵਿਦਿਆਰਥੀਆਂ ਦੀ ਪੜ੍ਹਾਈ ਦੇਸ਼ ਵਿਚ ਹੀ ਮੁਕੰਮਲ ਕਰਵਾ ਕੇ ਉਨ੍ਹਾਂ ਦਾ ਮੈਡੀਕਲ ਪ੍ਰੈਕਟਿਸ ਲਈ ਯੋਗਤਾ ਇਮਤਿਹਾਨ ਲਿਆ ਜਾ ਸਕਦਾ ਸੀ।
ਇਨ੍ਹਾਂ ਸੰਕਟਗ੍ਰਸਤ ਵਿਦਿਆਰਥੀਆਂ ਨੇ ਇਨਸਾਫ਼ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਜਿਸ ਵੱਲੋਂ ਅਜਿਹੀਆਂ ਕਈ ਪਟੀਸ਼ਨਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਉਹ ਪਿਛਲੇ ਸਾਲ ਤੋਂ ਰੋਸ ਮੁਜ਼ਾਹਰੇ ਵੀ ਕਰ ਰਹੇ ਹਨ। ਐੱਨਐੱਮਸੀ ਦੇ ਤਾਜ਼ਾ ਕਦਮ ਨਾਲ ਬਚੇ ਹੋਏ ਮੈਡੀਕਲ ਵਿਦਿਆਰਥੀਆਂ ਨੂੰ ਵੀ ਆਪਣੀ ਪਸੰਦ ਦੇ ਕਿਸੇ ਬਾਹਰਲੇ ਮੁਲਕ ਵਿਚ ਪੜ੍ਹਾਈ ਪੂਰੀ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਨਾਲ ਉਨ੍ਹਾਂ ਦਾ ਮੈਡੀਕਲ ਕਰੀਅਰ ਮੁੜ ਲੀਹ ’ਤੇ ਆਉਣ ਦੇ ਆਸਾਰ ਬਣੇ ਹਨ ਭਾਵੇਂ ਹਜ਼ਾਰਾਂ ਵਿਦਿਆਰਥੀਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ’ਚ ਮੁੜ ਦਾਖ਼ਲਾ ਲੈਣ ਲਈ ਵੱਡੀ ਪੱਧਰ ’ਤੇ ਯਤਨ ਕਰਨੇ ਪੈਣਗੇ। ਕੇਂਦਰ ਸਰਕਾਰ ਨੂੰ ਇਸ ਕਾਰਜ ਵਿਚ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ।

Advertisement

Advertisement