ਵਿਦਿਆਰਥਣਾਂ ਵੱਲੋਂ ਕੰਟਰੋਲਰ ਪ੍ਰੀਖਿਆਵਾਂ ਦਫ਼ਤਰ ਅੱਗੇ ਰੋਸ ਧਰਨਾ
ਰਵੇਲ ਸਿੰਘ ਭਿੰਡਰ
ਪਟਿਆਲਾ, 28 ਜੁਲਾਈ
ਪੰਜਾਬੀ ਯੂਨੀਵਰਸਿਟੀ ਵਿੱਚ ਐੱਮਸੀਏ ਵਿਭਾਗ ਵਿੱਚੋਂ ਇੱਕੋ ਹੀ ਵਿਸ਼ੇ ’ਚੋਂ ਵੱਡੀ ਗਿਣਤੀ ਵਿਦਿਆਰਥਣਾਂ ਦੀਆਂ ਸਪਲੀਆਂ ਆਉਣ ਦਾ ਮਾਮਲਾ ਭਖਣ ਲੱਗਾ ਹੈ। ਵਿਦਿਆਰਥੀਆਂ ਵੱਲੋਂ ਇਸ ਮਾਮਲੇ ’ਚ ਪੰਜਾਬੀ ਯੂਨੀਵਰਸਿਟੀ ’ਚ ਕੰਟਰੋਲਰ ਪ੍ਰੀਖਿਆ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਤੇ ਇੱਕ ਵਾਰ ਕੰਟਰੋਲਰ ‘ਪ੍ਰੀਖਿਆਵਾਂ’ ਨੂੰ ਦਫ਼ਤਰ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ।
ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਪੈਸੇ ਇਕੱਠੇ ਕਰਨ ਲਈ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਰੀਪੀਅਰ ਦੀ ਗ੍ਰਿਫ਼ਤ ’ਚ ਰੱਖ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਜਿੰਨਾ ਸਮਾਂ ਸਪੈਸ਼ਲ ਕਮੇਟੀ ਬਣਾ ਕੇ ਉਨ੍ਹਾਂ ਦੇ ਪੇਪਰ ਚੈੱਕ ਨਹੀਂ ਕਰਵਾਉਂਦੀ, ਉਦੋਂ ਤੱਕ ਉਹ ਵਾਪਿਸ ਘਰ ਨਹੀਂ ਪਰਤਣਗੇ। ਵਿਦਿਆਰਥੀ ਜਥੇਬੰਦੀ ਡੀਐੱਸਓ ਪੰਜਾਬ ਨੇ ਐੱਮਸੀਏ ਵਿਭਾਗ ਦੀਆਂ ਵਿਦਿਆਰਥਣਾਂ ਦੇ ਅਕਾਦਮਿਕ ਦਰਦ ਨੂੰ ਸਮਝਦਿਆਂ ਸੰਘਰਸ਼ ਦਾ ਲੰਘੇ ਕੱਲ੍ਹ ਬਿਗਲ ਵਜਾਇਆ ਸੀ ਤੇ ਅੱਜ ਦੂਜੇ ਦਨਿ ਵਿਦਿਆਰਥਣਾਂ ਕੰਟਰੋਲਰ ‘ਪ੍ਰੀਖਿਆ’ ਦਫ਼ਤਰ ਅੱਗੇ ਰੋਸ ਧਰਨੇ ’ਤੇ ਡਟੀਆਂ ਰਹੀਆਂ। ਅੱਜ ਇੱਕ ਵਾਰ ਗੁੱਸੇ ’ਚ ਆਈਆਂ ਵਿਦਿਆਰਥਣਾਂ ਨੇ ਕੰਟਰੋਲਰ ਦਫ਼ਤਰ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਵਿਭਾਗ ਦੀਆਂ ਵਿਦਿਆਰਥਣਾਂ ਮਨਜੀਤ ਕੌਰ ਅਤੇ ਜਸਵੀਰ ਕੌਰ ਸਮੇਤ ਹੋਰਾਂ ਨੇ ਦੱਸਿਆ ਕਿ 2017 ਵਿੱਚ ਐੱਮਸੀਏ ਦੇ ਇੱਕ ਵਿਸ਼ੇ ਵਿੱਚੋਂ 30 ਤੋਂ ਵੱਧ ਵਿਦਿਆਰਥੀਆਂ ਦੀ ਸਪਲੀ ਆਈ ਸੀ। ਇਸ ਤੋਂ ਬਾਅਦ ਕਈਆਂ ਵੱਲੋਂ ਫਿਰ ਪੇਪਰ ਦਿੱਤੇ ਗਏ ਤੇ ਰੀਵੈਲੂਏਸ਼ਨ ਭਰੀ ਗਈ, ਪਰ ਫਿਰ ਵੀ ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਕਈਆਂ ਵਿਦਿਆਰਥੀਆਂ ਵੱਲੋਂ ਤਾਂ 10 ਹਜ਼ਾਰ ਰੁਪਏ ਖਰਚ ਕੇ ਗੋਲਡਨ ਚਾਂਸ ਵੀ ਦੇ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਦਾ ਪੇਪਰ ਕਲੀਅਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਆਪਣੀ ਐੱਮਸੀਏ ਕਲੀਅਰ ਵੀ ਕਰ ਚੁੱਕੇ ਹਨ, ਪਰ ਇਹ ਪੇਪਰ ਜਿਉਂ ਦਾ ਤਿਉਂ ਪਿਆ ਹੈ। ਇਸ ਕਾਰਨ ਉਨ੍ਹਾਂ ਦੇ ਅਕਾਦਮਿਕਤਾ ਯੋਗਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ’ਚ ਉਨ੍ਹਾਂ ਦੀ ਮੰਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਕਮੇਟੀ ਬਣਾ ਕੇ ਪੇਪਰਾਂ ਦੀ ਘੋਖ ਕਰੇ। ਉਨ੍ਹਾਂ ਦੋਸ ਲਾਇਆ ਕਿ ਯੂਨੀਵਰਸਿਟੀ ਜਾਣ ਬੁੱਝ ਕੇ ਵਿਦਿਆਰਥੀਆਂ ਤੋਂ ਪੈਸੇ ਇਕੱਠੇ ਕਰਨ ਲਈ ਫੇਲ ਕਰ ਰਹੀ ਹੈ, ਤਾਂ ਜੋਂ ਆਪਣੀ ਆਰਥਿਕ ਮੰਦਹਾਲੀ ਨੂੰ ਦੂਰ ਕਰ ਸਕੇ।
ਮਲਟੀਪਰਪਜ਼ ਫੀਮੇਲ ਹੈਲਥ ਵਰਕਰਾਂ ਦੀ ਭੁੱਖ ਹੜਤਾਲ ਜਾਰੀ
ਪਟਿਆਲਾ (ਸਰਬਜੀਤ ਸਿੰਘ ਭੰਗੂ) ਸਿੱਧੀ ਭਰਤੀ ਤੋਂ ਪਹਿਲਾਂ ਆਪਣੀਆਂ ਸੇਵਾਵਾਂ ਰੈਗੁਲਰ ਕਰਵਾਉਣ ਦੀ ਮੰਗ ਤਹਿਤ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ (ਫੀਮੇਲ) ਵੱਲੋੋਂ ਡਿਊਟੀਆਂ ਦਾ ਬਾਈਕਾਟ ਕਰਕੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ਼ ਅੱਜ ਵੀ ਜਾਰੀ ਰਹੀ। ਜਿਸ ਦੌਰਾਨ ਉਨ੍ਹਾਂ ਨੇ ਅੱਜ ਫਿਰ ਇਥੇ ਮਾਤਾ ਕੁਸ਼ੱਲਿਆ ਹਸਪਤਾਲ਼ ’ਚ ਸਥਿਤ ਸਿਵਲ ਸਰਜਨ ਦਫ਼ਤਰ ਦੇ ਮੂਹਰੇ ਦਨਿ ਭਰ ਧਰਨਾ ਦਿੱਤਾ। ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਦੇ ਹਵਾਲੇ ਨਾਲ਼ ਸਥਾਨਕ ਆਗੂਆਂ ਦਾ ਕਹਿਣਾ ਸੀ ਕਿ ਇਹ ਭੁੱਖ ਹੜਤਾਲ 6 ਅਗਸਤ ਤੱਕ ਜਾਰੀ ਰਹੇਗੀ। ਪਰ ਜੇਕਰ ਫੇਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਪ੍ਰਤੀ ਕੋਈ ਕਦਮ ਨਾ ਉਠਾਇਆ, ਤਾਂ 7 ਜੁਲਾਈ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਜਾਰੀ ਲੜੀਵਾਰ ਭੁੱਖ ਹੜਤਾਲ਼ ਦੌਰਾਨ ਮੀਨਾ ਰਾਣੀ, ਜਸਬੀਰ ਕੌਰ, ਅਮਰਦੀਪ ਕੌਰ, ਸਵਰਨਜੀਤ ਕੋਰ, ਅਤੇ ਸੁਮਨਦੀਪ ਕੌਰ ਨੇ ਦਨਿ ਭਰ ਭੁੱਖ ਹੜਤਾਲ਼ ਰੱਖੀ ਤੇ ਧਰਨਾ ਦਿੱਤਾ। ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਰਾਣੀ ਤੇ ਜ਼ਿਲ੍ਹਾ ਆਗੂ ਰਾਜਬੀਰ ਕੌਰ ਰਾਮਗੜ੍ਹ ਸਮੇਤ ਹੋਰਨਾਂ ਆਗੂਆਂ ਦਾ ਕਹਿਣਾ ਸੀ ਕਿ ਉਹ ਕਈ ਸਾਲਾਂ ਤੋ ਕੰਟਰੈਕਟ ਆਧਾਰ ’ਤੇ ਕੰਮ ਕਰ ਰਹੀਆਂ ਹਨ। ਪਰ ਸਰਕਾਰ ਵੱਲੋੋਂ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਵਜਾਏ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਜਿਸ ਕਰਕੇ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਕਰਕੇ ਹੀ ਉਨ੍ਹਾਂ ਨੂੰ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਸ ਦੌਰਾਨ ਕਰੋਨਾ ਮਹਾਂਮਾਰੀ ਸਮੇਤ ਹੋਰ ਸਾਰੀਆਂ ਰਿਪੋਰਟਾਂ ਤਿਆਰ ਕਰਨ ਦਾ ਵੀ ਬਾਈਕਾਟ ਕੀਤਾ ਹੋਇਆ ਹੈ।