ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਰੇੜੂ ਪੱਤੀ ਸਕੂਲ ਦੇ ਵਿਦਿਆਰਥੀ ਛਾਏ
ਪੱਤਰ ਪ੍ਰੇਰਕ
ਤਲਵਾੜਾ, 14 ਨਵੰਬਰ
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਸਰਕਾਰੀ ਐਲੀਮੈਂਟਰੀ ਸਕੂਲ ਰੇੜੂਪੱਤੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜ਼ਿਲ੍ਹਾ ਪਧਰੀ ਖੇਡ ਮੁਕਾਬਲਿਆਂ ਦਾ ਲੰਘੀ 6 ਤੋਂ 8 ਤਾਰੀਕ ਤੱਕ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਆਯੋਜਨ ਕੀਤਾ ਗਿਆ ਸੀ, ਜਿਸ ਵਿਚ 21 ਬਲਾਕਾਂ ਦੇ 1250 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਖੇਡ ਮੁਕਾਬਲਿਆਂ ’ਚ ਖੋ-ਖੋ (ਲੜਕੇ/ ਲੜਕੀਆਂ) ’ਚ ਰੇੜੂਪੱਤੀ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲਾ ਅਤੇ ਮੁੰਡਿਆਂ ਨੇ ਦੂਜਾ ਸਥਾਨ ਹਾਸਲ ਕੀਤਾ। ਸਹਾਇਕ ਬਲਾਕ ਸਿੱਖਿਆ ਅਫਸਰ ਅਮਿਤ ਰਾਣਾ ਅਤੇ ਸੀਐਚਟੀ ਸਰਬਜੀਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਰੇੜੂਪੱਤੀ ਨੇ ਖੇਡਾਂ ਦੇ ਨਾਲ ਨਾਲ ਸਿੱਖਿਆ ਖ਼ੇਤਰ ’ਚ ਵੱਡੀਆਂ ਮੱਲਾਂ ਮਾਰੀਆਂ ਹਨ। ਸਕੂਲ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ ਕੋਲ ਖੇਡ ਦਾ ਮੈਦਾਨ ਸਮੇਤ ਹੋਰ ਬੁਨਿਆਦੀ ਸੁਵਿਧਾਵਾਂ ਦੀ ਘਾਟ ਹੈ, ਬਾਵਜਦੂ ਇਸ ਦੇ ਸਕੂਲ ਸਟਾਫ਼ ਅਧਿਆਪਕ ਚਮਲ ਲਾਲ ਤੇ ਸਰੋਜ ਕੁਮਾਰੀ, ਕੁੱਕ ਬਬਲੀ ਅਤੇ ਉਸ਼ਾ ਦੇਵੀ ਦੀ ਮਿਹਨਤ ਤੇ ਸਹਿਯੋਗ ਅਤੇ ਬੱਚਿਆਂ ਦੀ ਲਗਨ ਕਰਕੇ ਇਹ ਪ੍ਰਾਪਤੀਆਂ ਸੰਭਵ ਹੋਈਆਂ ਹਨ।
ਪਿੰਡ ਠਠਿਆਲਾ ਢਾਹਾਂ ਵਿੱਚ ਫੁਟਬਾਲ ਟੂਰਨਾਮੈਂਟ ਸ਼ੁਰੂ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਪਿੰਡ ਠਠਿਆਲਾ ਢਾਹਾਂ ਦੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਪਰਵਾਸੀ ਭਾਰਤੀਆਂ, ਨੌਜਵਾਨ ਸਭਾ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ ਫੁਟਬਾਲ ਟੂਰਨਾਮੈਂਟ ਦਾ ਉਦਘਾਟਨ ਬਲਾਚੌਰ ਅਤੇ ਚੱਕ ਗੁੱਜਰਾਂ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਨਾਲ ਜਾਣ ਪਹਿਚਾਣ ਕਰਨ ਨਾਲ ਆਰੰਭ ਹੋਇਆ। ਆਮ ਰਵਾਇਤਾਂ ਤੋਂ ਹਟ ਕੇ ਪ੍ਰਬੰਧਕਾਂ ਨੇ ਕਿਸੇ ਨਾਮੀ ਸ਼ਖਸੀਅਤ ਤੋਂ ਉਦਘਾਟਨ ਕਰਵਾਉਣ ਦੀ ਥਾਂ ਖੁਦ ਹੀ ਉਦਘਾਟਨ ਕੀਤਾ ਅਤੇ ਇਨਾਮ ਵੰਡਣ ਦੀ ਰਸਮ ਵੀ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਨਿਭਾਉਣ ਦਾ ਫੈਸਲਾ ਕੀਤਾ ਗਿਆ ਹੈ। ਟੂਰਨਾਮੈਂਟ ਆਰੰਭ ਹੋਣ ਤੋਂ ਪਹਿਲਾ ਭਾਈ ਹੁਸਨ ਸਿੰਘ ਸੋਢੀ ਵੱਲੋਂ ਟੂਰਨਾਮੈਂਟ ਦੀ ਸਫਲਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।