ਕੋਟਾਂ ਕਾਲਜ ਦੇ ਵਿਦਿਆਰਥੀ ਗੁਰਮਤਿ ਸਿੱਖਿਆ ਕੈਂਪ ’ਚ ਸ਼ਾਮਲ
ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਗੁਰਮਤਿ ਕਾਲਜ ਪਟਿਆਲਾ ਵਿੱਚ ਲਾਏ ਗਏ ਤਿੰਨ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਵਿੱਚ ਹਿੱਸਾ ਲਿਆ। ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਇਤਿਹਾਸ ਤੇ ਵਿਰਸੇ ਨਾਲ ਜੋੜਨਾ ਸੀ। ਇਸ ਕੈਂਪ ਦੌਰਾਨ ਨਿਤਨੇਮ, ਵਿਚਾਰ ਗੋਸ਼ਟੀਆਂ, ਸਾਖੀ ਸੁਣਾਉਣਾ, ਕੁਇਜ਼ ਤੇ ਗੁਰਮਤਿ ਸ਼ਬਦ ਕੀਰਤਨ ਆਦਿ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਵਿਚ ਮੁੱਖ ਮਹਿਮਾਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵਿਦਿਆਰਥੀਆਂ ਨੂੰ ਗੁਰੂ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਆ। ਉਨ੍ਹਾਂ ਆਧੁਨਿਕ ਦੌਰ ’ਚ ਗੁਰਮਤਿ ਦਾ ਮਹੱਤਵ ਦੱਸਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦਿਆਰਥੀਆਂ ਨੂੰ ਸਿੱਖ ਜੀਵਨ ਜਾਂਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਦੁਆਰਾ ਉਹ ਸਿਰਫ਼ ਧਰਮ ਨਾਲ ਨਹੀਂ ਜੁੜਦੇ ਸਗੋਂ ਆਪਣੀ ਜ਼ਿੰਦਗੀ ਨੂੰ ਵੀ ਦਿਸ਼ਾ ਦੇਣ ਲਈ ਪ੍ਰੇਰਿਤ ਹੁੰਦੇ ਹਨ।