ਵਿਰਾਸਤੀ ਮੇਲੇ ’ਚ ਛਾਏ ਗੁਰੂ ਨਾਨਕ ਕਾਲਜ ਦੇ ਵਿਦਿਆਰਥੀ
ਪੱਤਰ ਪ੍ਰੇਰਕ
ਦੋਰਾਹਾ, 29 ਅਕਤੂਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਪੰਜ ਰੋਜ਼ਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਨੇ 53 ਵੰਨਗੀਆਂ ਵਿੱਚ 17 ਇਨਾਮ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪ੍ਰੋ. ਨਿਧੀ ਸਰੂਪ ਅਤੇ ਪ੍ਰੋ. ਰਾਮਪਾਲ ਬੰਗਾ ਦੀ ਅਗਵਾਈ ਹੇਠ ਪੰਜ ਇਨਾਮ ਪਹਿਲੇ ਦਰਜੇ, 4 ਦੂਜੇ ਦਰਜੇ ਅਤੇ 8 ਇਨਾਮ ਤੀਜੇ ਦਰਜੇ ਦੇ ਕਾਲਜ ਦੀ ਝੋਲੀ ਪਾਏ ਹਨ। ਇਸ ਮੌਕੇ ਵਿਦਿਆਰਥੀਆਂ ਨੇ ਵਨ ਐਕਟ ਪਲੇਅ (ਨਾਟਕ), ਫੋਮ ਆਰਕੈਸਟਰਾ, ਕਵੀਸ਼ਰੀ ਤੇ ਕਹਾਣੀ ਮੁਕਾਬਲੇ ਵਿੱਚ ਪਹਿਲਾ, ਗਰੁੱਪ ਸਾਂਗ, ਵਾਰ ਗਾਇਨ ਅਤੇ ਕਵਿਤਾ ਲਿਖਣ ਦੇ ਮੁਕਾਬਲੇ ਵਿੱਚ ਦੂਜਾ ਜਦਕਿ ਗਰੁੱਪ ਭਜਨ, ਲੋਕ ਸਾਜ਼, ਕਲੀ, ਗਿੱਧਾ, ਔਰਤਾਂ ਦੇ ਵਿਰਾਸਤੀ ਗੀਤ, ਲੇਖ, ਸੁੰਦਰ ਲਿਖਾਈ (ਪੰਜਾਬੀ) ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਸਰਤਾਰ ਢਿੱਲੋਂ, ਜੋਗੇਸ਼ਵਰ ਸਿੰਘ ਮਾਂਗਟ, ਮਾਨਿਕ ਰੰਧਾਵਾ, ਪਵਿੱਤਰਪਾਲ ਸਿੰਘ ਪਾਂਗਲੀ, ਆਦਰਸ਼ਪਾਲ ਬੈਕਟਰ ਤੇ ਰਾਜਿੰਦਰ ਸਿੰਘ ਖਾਲਸਾ ਨੇ ਵਿਦਿਆਰਥੀਆਂ ਦਾ ਕਾਲਜ ਪੁੱਜਣ ’ਤੇ ਸਵਾਗਤ ਕੀਤਾ।