ਵਿਦਿਆਰਥੀਆਂ ਨੂੰ ਆਵਾਜਾਈ ਨੇਮਾਂ ਬਾਰੇ ਜਾਗਰੂਕ ਕੀਤਾ
ਪੂਰਥਲਾ, 15 ਜਨਵਰੀ
ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਨੈਸ਼ਨਲ ਰੋਡ ਸੇਫਟੀ ਮਹੀਨਾ ਤਹਿਤ ਅੱਜ ਐੱਸਐੱਸਪੀ (ਕਪੂਰਥਲਾ) ਗੌਰਵ ਤੂਰਾ ਦੀ ਅਗਵਾਈ ਹੇਠ ਸਥਾਨਕ ਮਾਲ ਰੋਡ ਸਥਿਤ ਨਿੱਜੀ ਸਕੂਲ ਵਿੱਚ ਆਵਾਜਾਈ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ ਗਈ।
ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਨਿੱਤ ਵੱਧਦੀਆਂ ਸੜਕ ਦੁਰਘਟਨਾਵਾਂ ਤੇ ਸੈਂਕੜੇ ਲੋਕਾਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਕੀਮਤੀ ਜੀਵਨ ਬਚਾਉਣ ਲਈ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸੈਮੀਨਾਰ ਦੌਰਾਨ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮੇਜਰ ਡਾ. ਇਰਵਨ ਕੌਰ ਨੇ ਕਿਹਾ ਕਿ ਨਾਬਾਲਗਾਂ ਵੱਲੋਂ ਮੋਟਰ ਵਾਹਨ ਚਲਾਉਣਾ ਜੁਰਮ ਹੈ। ਛੋਟੀ ਉਮਰ ਦੇ ਬੱਚਿਆਂ/ ਵਿਦਿਆਰਥੀਆਂ ਨੂੰ (ਲਰਨਿੰਗ ਲਾਇਸੈਂਸ ਤੇ ਪੱਕਾ ਲਾਇਸੈਂਸ ਤੋਂ ਬਿਨਾਂ) ਕੋਈ ਵੀ ਵਾਹਨ ਨਾ ਚਲਾਇਆ ਜਾਵੇ। ਉਨ੍ਹਾਂ ਲਾਈਸੈਂਸ ਧਾਰਕ ਵਿਦਿਆਰਥੀਆਂ ਨੂੰ ਸੂਝ-ਬੂਝ ਨਾਲ ਹੀ ਆਪਣਾ ਵਾਹਨ ਚਲਾਉਣ ਦੀ ਅਪੀਲ ਕੀਤੀ।
ਜ਼ਿਲ੍ਹਾ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਨੇ ਕਿਹਾ ਕਿ ਸਿਰ ’ਤੇ ਹੈਲਮੇਟ ਜਾਂ ਪਗੜੀ ਬੰਨ੍ਹ ਕੇ ਹੀ ਦੋਪਹੀਆਂ ਵਾਹਨ ਚਲਾਉਣਾ ਚਾਹੀਦਾ ਹੈ, ਇਸ ਨਾਲ ਸਿਰ ਦੀ ਸੱਟ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਸਾਰੇ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਨਾਬਾਲਿਗ ਵਿਦਿਆਰਥੀਆਂ ਨੂੰ ਕੋਈ ਵੀ ਵਾਹਨ ਸਕੂਲ ’ਚ ਲੈ ਕੇ ਆਉਣ ਦੀ ਆਗਿਆ ਨਾ ਦਿੱਤੀ ਜਾਵੇ।