ਵਿਦਿਆਰਥੀ ਕੌਮਾਂਤਰੀ ਸਿਖਲਾਈ ਲਈ ਮਲੇਸ਼ੀਆ ਰਵਾਨਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਬੀਟੈੱਕ ਡੇਅਰੀ ਤਕਨਾਲੋਜੀ ਦੇ 9 ਵਿਦਿਆਰਥੀ ਅੰਤਰਰਾਸ਼ਟਰੀ ਸਿਖਲਾਈ ਲਈ ਮਲੇਸ਼ੀਆ ਲਈ ਰਵਾਨਾ ਹੋ ਗਏ। ਉਹ ਮਲੇਸ਼ੀਆ ਦੀ ਯੂਨੀਵਰਸਿਟੀ ਵਿੱਚ ਸਿਖਲਾਈ ਹਾਸਲ ਕਰਨਗੇ।
ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਕਿਹਾ ਕਿ ਦੋ ਹਫ਼ਤੇ ਦਾ ਇਹ ਸਿਖਲਾਈ ਪ੍ਰੋਗਰਾਮ ਵਿਸ਼ਵ ਬੈਂਕ ਵੱਲੋਂ ਵਿਤੀ ਸਹਾਇਤਾ ਪ੍ਰਾਪਤ ‘ਸੰਸਥਾ ਵਿਕਾਸ ਯੋਜਨਾ’ ਪ੍ਰਾਜੈਕਟ ਅਧੀਨ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਅਪਣਾਈਆਂ ਜਾ ਰਹੀਆਂ ਤਕਨੀਕਾਂ ਅਤੇ ਸਹੂਲਤਾਂ ਬਾਰੇ ਜਾਣੂ ਕਰਵਾਉਣਾ ਹੈ। ਡਾ. ਸੇਠੀ ਨੇ ਕਿਹਾ ਕਿ ਵਿਦਿਆਰਥੀ ਡਾ. ਗੈਨ ਚੀ ਜੁਏਨ ਦੀ ਨਿਗਰਾਨੀ ਅਧੀਨ ਇਹ ਸਿਖਲਾਈ ਹਾਸਿਲ ਕਰਨਗੇ। ਸੰਸਥਾ ਵਿਕਾਸ ਯੋਜਨਾ ਦੇ ਇੰਚਾਰਜ ਡਾ. ਵਰਿੰਦਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਕਰਬਾਦ ਦਿੱਤੀ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਮਾਹਿਰਾਂ ਨਾਲ ਮਿਲ ਕੇ ਨਵਾਂ ਸਿੱਖਣ ਅਤੇ ਵਿਚਾਰ ਵਟਾਂਦਰਾ ਕਰਨ ਦੀ ਅਪੀਲ ਕੀਤੀ।