ਹਰਿਆਣਾ ਵਿੱਚ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਆਉਣ-ਜਾਣ ਦੀ ਸਹੂਲਤ
ਪੀ.ਪੀ. ਵਰਮਾ
ਪੰਚਕੂਲਾ, 6 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੂਬੇ ਵਿੱਚ ਇੱਕ ਕਿਲੋਮੀਟਰ ਤੋਂ ਵੱਧ ਦੂਰੀ ‘ਤੇ ਸਥਿਤ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ, ਇਸ ਲਈ ਛੋਟੇ ਵਾਹਨਾਂ ਰਾਹੀਂ ਵਿਦਿਆਰਥੀਆਂ ਨੂੰ ਆਉਣ-ਜਾਣ ਦੀ ਸਹੂਲਤ ਦਿੱਤੀ ਜਾਵੇ। ਇਸ ਕੰਮ ਦੀ ਨਿਗਰਾਨੀ ਲਈ ਸਕੂਲ ਦੇ ਅਧਿਆਪਕ ਨੂੰ ਨੋਡਲ ਅਧਿਕਾਰੀ ਬਣਾਇਆ ਜਾਵੇ। ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਵਿਦਿਆਰਥੀਆਂ ਦੀ ਸੁਰੱਖਿਅਤ ਯਾਤਰਾ ਯਕੀਨੀ ਕਰਨ ਲਈ ਟਰਾਂਸਪੋਰਟ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਇਹ ਆਦੇਸ਼ ਅੱਜ ਇੱਥੇ ਪ੍ਰਸ਼ਾਸਨਿਕ ਸਕੱਤਰਾਂ, ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਰਾਜ ਪੱਧਰੀ ਦਿਸ਼ਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ। ਮੀਟਿੰਗ ਦੀ ਸਹਿ-ਪ੍ਰਧਾਨਗੀ ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਬਬਲੀ ਨੇ ਕੀਤੀ। ਮੀਟਿੰਗ ਵਿਚ ਸੰਸਦ ਮੈਂਬਰ ਰਮੇਸ਼ ਚੰਦਰ ਕੌਸ਼ਿਕ, ਰਾਜ ਸਭਾ ਸੰਸਦ ਮੈਂਬਰ ਲੈਫਟੀਨੈਂਟ (ਸੇਵਾਮੁਕਤ) ਡੀਪੀ ਵਤਸ, ਵਿਧਾਇਕ ਡਾ. ਅਭੈ ਸਿੰਘ ਯਾਦਵ, ਨਿਰਮਲਾ ਰਾਣੀ ਅਤੇ ਮਾਮਨ ਖਾਨ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਵੱਖ-ਵੱਖ ਯੋਜਨਾਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਦੀ ਦੇਖਭਾਲ ਯਕੀਨੀ ਕਰਨਾ ਸੂਬਾ ਸਰਕਾਰ ਦੀ ਪਹਿਲ ਹੈ ਅਤੇ ਇਸ ਲਈ ਸਰਕਾਰ ਨੇ ਇੱਕ ਵਿਆਪਕ ਖਾਕਾ ਤਿਆਰ ਕੀਤਾ ਹੈ।