ਵਿਦਿਆਰਥੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਰੈਲੀ
ਸ਼ਾਹਬਾਦ ਮਾਰਕੰਡਾ, 29 ਦਸੰਬਰ
ਰਾਸ਼ਟਰੀ ਸੇਵਾ ਯੋਜਨਾ ਤਹਿਤ ਚਲ ਰਹੇ ਸੱਤ ਰੋਜ਼ਾ ਕੈਂਪ ਦੇ ਚੌਥੇ ਦਿਨ ਮਾਰਕੰਡਾ ਨੈਸ਼ਨਲ ਕਾਲਜ ਦੇ ਵਾਲੰਟੀਅਰਾਂ ਨੇ ਪਿੰਡ ਜੰਦੇੜੀ ਵਿਚ ਨਸ਼ਾ ਜਾਗਰੂਕਤਾ ਸਲੋਗਨ ਤੇ ਲੇਖਨ ਮੁਕਾਬਲੇ ਕਰਵਾਏ। ਵਾਲੰਟੀਅਰਾਂ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੇ ਮਹੱਤਵ ਨੂੰ ਰਚਨਾਤਮਕ ਤਰੀਕੇ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ ਵਾਲੰਟੀਅਰਾਂ ਨੇ ਪਿੰਡ ਦੀਆਂ ਸੜਕਾਂ ’ਤੇ ਨਸ਼ਾ ਮੁਕਤੀ ਰੈਲੀ ਕੱਢੀ। ਇਸ ਰੈਲੀ ਦਾ ਉਦੇਸ਼ ਪਿੰਡ ਵਾਸੀਆਂ ਨੂੰ ਨਸ਼ਾ ਛੱਡਣ ਤੇ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰਨਾ ਸੀ। ਦੁਪਹਿਰ ਦੇ ਸੈਸ਼ਨ ਵਿਚ ਨਿਧੀ ਬਾਵੇਜਾ ਨੇ ਸਵੈ ਰੁਜ਼ਗਾਰ ਦੇ ਮੌਕੇ ’ਤੇ ਸਵੈ ਭਾਰਤ ਅਭਿਆਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਘਰ ਤੋਂ ਆਮਦਨ ਸ਼ੁਰੂ ਕਰਨ ਦੇ ਵੱਖ ਵੱਖ ਵਿਕਲਪਾਂ ’ਤੇ ਚਰਚਾ ਕੀਤੀ। ਉਨ੍ਹਾਂ ਦਾ ਮਨੋਰਥ ਨੌਜਵਾਨਾਂ ਲਈ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕਰਨਾ ਸੀ। ਵਾਲੰਟੀਅਰਾਂ ਨੇ ਕਈ ਖੇਡ ਗਤੀਵਿਧੀਆਂ ਵਿਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਉਨ੍ਹਾਂ ਵਿਚ ਟੀਮ ਭਾਵਨਾ, ਅਨੁਸ਼ਾਸਨ ਤੇ ਊਰਜਾ ਦਾ ਸੰਚਾਰ ਹੁੰਦਾ ਹੈ।